ਸ਼ਹਿਰ ਚੰਡੀਗੜ੍ਹ ’ਚ ਕੁੱਲ ਦਾਖ਼ਲਾ ਅਨੁਪਾਤ ਵਧਾਉਣ, ਸਕੂਲ ਛੱਡਣ ਦੀ ਦਰ ਘਟਾਉਣ, ਕਿੱਤਾਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਸਮੇਤ ਕਰੀਅਰ ਕਾਊਂਸਲਿੰਗ ਸੇਵਾਵਾਂ ’ਤੇ ਕੀਤਾ ਜਾਵੇਗਾ ਧਿਆਨ ਕੇਂਦਰਤ: ਸ. ਸਤਨਾਮ ਸਿੰਘ ਸੰਧੂ
ਡੱਡੂਮਾਜਰਾ ਕਾਲੋਨੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ
ਕੋਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਸਕੂਲੀ ਵਿਦਿਆਰਥੀਆਂ ਦੀ ਪ੍ਰਭਾਵਿਤ ਹੋਈ ਸਿੱਖਿਆ ਨੂੰ ਮੁੜ ਉਚੇ ਪੱਧਰ ’ਤੇ ਲਿਜਾਣ ਅਤੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਸਬੰਧੀ ਮਾਰਗ ਦਰਸ਼ਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਵੈਲਅਰ ਟਰੱਸਟ ਵੱਲੋਂ ਅੱਜ ‘ਸ਼ਿਕਸ਼ਿਤ ਸ਼ਹਿਰ-ਵਿਕਸਤ ਸ਼ਹਿਰ’ ਦੇ ਬੈਨਰ ਹੇਠ ਵਿਸ਼ੇਸ਼ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।ਸਿੱਖਿਆ ਵਿਭਾਗ ਚੰਡੀਗੜ੍ਹ ਦੇ ਸਹਿਯੋਗ ਨਾਲ ਮੁਹਿੰਮ ਦੀ ਸ਼ੁਰੂਆਤ ਅੱਜ ਸੈਕਟਰ-38 ਵੈਸਟ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਡੱਡੂਮਾਜਰਾ ਕਾਲੋਨੀ) ਤੋਂ ਕੀਤੀ ਗਈ।ਮੁਹਿੰਮ ਦੇ ਆਗ਼ਾਜ਼ ਮੌਕੇ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦੇ ਸੰਸਥਾਪਕ ਅਤੇ ਸੀਯੂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀ ਬਿਨੋਏ ਕੁਮਾਰ ਭੱਟਾਚਾਰਜੀ ਉਚੇਚੇ ਤੌਰ ’ਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਵੱਲੋਂ ਮੁਹਿੰਮ ਦੇ ਅਧੀਨ ਵਲੰਟੀਅਰਾਂ ਅਧਿਆਪਕਾਂ ਦੇ ਸਹਿਯੋਗ ਨਾਲ ਗਿਆਰਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਕੈਮਿਸਟਰੀ, ਗਣਿਤ, ਫ਼ਿਜ਼ਿਕਸ, ਪਬਲਿਕ ਐਡਮਨਿਸਟ੍ਰੇਸ਼ਨ, ਰਾਜਨੀਤੀ ਵਿਗਿਆਨ, ਅੰਗਰੇਜ਼ੀ ਅਤੇ ਭੰਗੋਲ ਵਿਸ਼ਿਆਂ ’ਚ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।ਇਸ ਤੋਂ ਇਲਾਵਾ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਗਣਿਤ, ਸਮਾਜਿਕ ਵਿਗਿਆਨ, ਹਿੰਦੀ, ਅੰਗਰੇਜ਼ੀ ਆਦਿ ਵਿਸ਼ਿਆਂ ’ਚ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਬੋਲਦਿਆਂ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿਹਾ ਕੋਵਿਡ ਮਹਾਂਮਾਰੀ ਦਾ ਸੱਭ ਤੋਂ ਵੱਡਾ ਪ੍ਰਭਾਵ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ’ਤੇ ਪਿਆ ਸੀ, ਜਿਨ੍ਹਾਂ ’ਤੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ।ਉਨ੍ਹਾਂ ਕਿਹਾ ਕਿ ਵਿੱਤੀ ਤੌਰ ’ਤੇ ਕਮਜ਼ੋਰ ਮਾਪਿਆਂ ਨੂੰ ਆਪਣੇ ਕੰਮ ਵਾਲੀ ਥਾਂ ’ਤੇ ਅਨਿਸ਼ਚਿਤਤਾਵਾਂ ਦੇ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪਿਆ ਜਦਕਿ ਲੋੜਵੰਦਾਂ ਨੂੰ ਆਨਲਾਈਨ ਸਿੱਖਿਆ ਦੇਣ ਵਿੱਚ ਅਸਮਰੱਥਾ ਦਾ ਸਾਹਮਣਾ ਕਰਨਾ ਪਿਆ।ਆਲ ਇੰਡੀਆ ਪੇਰੈਂਟਸ ਐਸੋਸੀਏਸ਼ਨ (ਏ.ਆਈ.ਪੀ.ਏ) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਸ. ਸੰਧੂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਦੇ ਲਗਭਗ 30 ਫ਼ੀਸਦੀ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਸਕੂਲ ਛੱਡਣਾ ਪਿਆ ਸੀ।
ਸ. ਸੰਧੂ ਨੇ ਕਿਹਾ ਕਿ ਜਦੋਂ ਵਿਦਿਅਕ ਸੰਸਥਾਵਾਂ ਦੁਆਰਾ ਆਨਲਾਈਨ ਢੰਗ ਅਪਣਾਇਆ ਗਿਆ ਸੀ, ਤਾਂ ਸਕੂਲੀ ਸਿੱਖਿਆ ਖਾਸ ਕਰਕੇ ਕਲਾਸਰੂਮ ਦੇ ਮਾਹੌਲ ਅਤੇ ਪ੍ਰਯੋਗਸ਼ਾਲਾ ਸਿੱਖਣ ਦੇ ਸੰਦਰਭ ਵਿੱਚ ਵਿਦਿਆਰਥੀਆਂ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿ ਗਏ।ਉਨ੍ਹਾਂ ਕਿਹਾ ਕਿ ਅਜਿਹੇ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਕੋਵਿਡ-19 ਕਾਰਨ ਸਿੱਖਿਆ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ, ਚੰਡੀਗੜ੍ਹ ਵੈਲਫੇਅਰ ਟਰੱਸਟ ਨੇ ਇਸ ਮੁਹਿੰਮ ਅਧੀਨ ਨਿਮਾਣੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਟਰੱਸਟ ਅਜਿਹੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕਰੀਅਰ ਕਾਊਂਸਲਿੰਗ ਅਤੇ ਕਿੱਤਾਮੁਖੀ ਹੁਨਰ ਸਿਖਲਾਈ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਕੇਂਦਰੀ ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਪ੍ਰੋਜੈਕਟ ਪ੍ਰਵਾਨਗੀ ਬੋਰਡ (ਪੀ.ਏ.ਬੀ) ਦੁਆਰਾ ਸਾਹਮਣੇ ਆਏ ਤਾਜ਼ਾ ਅੰਕੜਿਆਂ ਅਨੁਸਾਰ, ਚੰਡੀਗੜ੍ਹ ਦੇ ਸਕੂਲਾਂ ਵਿੱਚ ਹਰ ਅਕਾਦਮਿਕ ਪੱਧਰ ’ਤੇ ਕੁੱਲ ਦਾਖਲਾ ਅਨੁਪਾਤ ਘਟਿਆ ਹੈ। ਪ੍ਰਾਇਮਰੀ ਪੱਧਰ ’ਤੇ ਪਿਛਲੇ ਸਾਲ 89.29% ਤੋਂ ਘਟ ਕੇ ਇਸ ਸਾਲ 86.92% ’ਤੇ ਆ ਗਿਆ ਹੈ, ਪਿਛਲੇ ਸਾਲ ਦੇ 102.17% ਤੋਂ ਇਸ ਸਾਲ ਅੱਪਰ ਪ੍ਰਾਇਮਰੀ ਪੱਧਰ ’ਤੇ 99.33%, ਪਿਛਲੇ ਸਾਲ 94.16 ਫ਼ੀਸਦੀ ਤੋਂ ਇਸ ਸਾਲ ਐਲੀਮੈਂਟਰੀ ਪੱਧਰ ’ਤੇ 92.71 ਤੋਂ ਘੱਟ ਕੇ 91.61% ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਅੰਕੜੇ ਚਿੰਤਾਜਨਕ ਹਨ, ਜਿਨ੍ਹਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਡੱਡੂਮਾਜਰਾ ਕਾਲੋਨੀ ਸਥਿਤ ਸਰਕਾਰੀ ਸਕੂਲ ਤੋਂ ਅੱਜ ਸ਼ੁਰੂ ਹੋਇਆ ਇਹ ਮਿਸ਼ਨ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 10ਵੀਂ, 11ਵੀਂ ਅਤੇ 12ਵੀਂ ਜਮਾਤ ਤੋਂ ਬਾਅਦ ਸਾਡੇ ਵਲੰਟੀਅਰਾਂ ਦੁਆਰਾ ਕਰੀਅਰ ਕਾਉਂਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਉਚੇਰੀ ਸਿੱਖਿਆ ’ਚ ਜਾਣ ਲਈ ਵੱਖ-ਵੱਖ ਕੋਰਸਾਂ ਸਬੰਧੀ ਮਾਰਗ ਦਰਸ਼ਨ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਟ੍ਰੇਨਰ ਅਧਿਆਪਕਾਂ ਨੂੰ ਸਿਖਲਾਈ ਵੀ ਦੇਣਗੇ ਤਾਂ ਜੋ ਵਿਦਿਆਰਥੀਆਂ ਕੋਲ ਹਮੇਸ਼ਾ ਇੱਕ ਕਰੀਅਰ ਕਾਊਂਸਲਰ ਉਪਲਬਧ ਰਹੇ।ਟਰੱਸਟ ਦੀਆਂ ਆਗਾਮੀ ਯੋਜਨਾਵਾਂ ਬਾਰੇ ਬੋਲਦਿਆਂ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਦੇ ਨਾਲ-ਨਾਲ ਉਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਲਿਆਉਣ ਲਈ ਵੀ ਯਤਨ ਕੀਤੇ ਜਾਣਗੇ, ਜੋ ਕਿਸੇ ਕਾਰਨ ਸਕੂਲੀ ਸਿੱਖਿਆ ਤੋਂ ਵਾਂਝੇ ਰਹਿ ਗਏ ਹਨ।ਉਨ੍ਹਾਂ ਦੱਸਿਆ ਕਿ ਚਾਈਲਡ ਮੈਪਿੰਗ ਸਰਵੇਖਣ ਰਿਪੋਰਟ ਦੇ ਅਨੁਸਾਰ, ਚੰਡੀਗੜ੍ਹ ਵਿੱਚ 3160 ਸਕੂਲ ਛੱਡਣ ਵਾਲੇ ਵਿਦਿਆਰਥੀ ਹਨ ਜਦੋਂ ਕਿ 3282 ਬੱਚੇ ਉਹ ਹਨ, ਜਿਨ੍ਹਾਂ ਨੇ ਕਦੇ ਸਕੂਲਾਂ ਵਿੱਚ ਦਾਖਲਾ ਨਹੀਂ ਲਿਆ। ਸਾਡਾ ਧਿਆਨ ਉਹਨਾਂ ਦੀ ਸਿੱਖਿਆ ਲਈ ਕੰਮ ਕਰਨਾ ਹੈ, ਜਦਕਿ ਉਹਨਾਂ ਨੂੰ ਕੈਰੀਅਰ ਦੇ ਵਿਕਲਪਕ ਮਾਰਗਾਂ ਲਈ ਕਿੱਤਾਮੁਖੀ ਹੁਨਰ ਸਿਖਲਾਈ ਪ੍ਰਦਾਨ ਕਰਨਾ ਹੈ। ਇਹਨਾਂ ਸਕੂਲਾਂ ਦੇ ਅਧਿਆਪਕਾਂ ਲਈ ਟਰੱਸਟ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ ਦੇ ਨਾਲ-ਨਾਲ ਸਰਟੀਫਿਕੇਸ਼ਨ ਕੋਰਸ ਵੀ ਚਲਾਏਗਾ।
ਇਸ ਮੌਕੇ ਬੋਲਦਿਆਂ ਸਕੂਲ ਦੇ ਪਿ੍ਰੰਸੀਪਲ ਬਿਨੋਏ ਕੁਮਾਰ ਭੱਟਾਚਾਰਜੀ ਨੇ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹਰ ਇੱਕ ਬੱਚੇ ਨੂੰ ਸਿੱਖਿਅਤ ਅਤੇ ਸਸ਼ਕਤ ਬਣਾਉਣ ਲਈ ਕੰਮ ਕਰ ਰਿਹਾ ਹੈ।ਟਰੱਸਟ ਚੰਡੀਗੜ੍ਹ ਅਤੇ ਇਸ ਦੇ ਵਸਨੀਕਾਂ ਦੇ ਵਿਕਾਸ ਅਤੇ ਲੋੜਾਂ ਪ੍ਰਤੀ ਸੱਚਮੁੱਚ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਿਹਤ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯਤਨਾਂ ਤੋਂ ਬਾਅਦ ਟਰੱਸਟ ਨੇ ਹੁਣ ਸਰਕਾਰੀ ਸਕੂਲਾਂ ਨੂੰ ਅਧਿਆਪਕਾਂ ਅਤੇ ਟ੍ਰੇਨਰਾਂ ਦੇ ਰੂਪ ਵਿੱਚ ਮਨੁੱਖੀ ਸ਼ਕਤੀ ਪ੍ਰਦਾਨ ਕਰਕੇ ਸਿੱਖਿਆ ਦੇ ਖੇਤਰ ਵਿੱਚ ਕਦਮ ਰੱਖਿਆ ਹੈ।