ਟੈਲੀਵਿਜ਼ਨ ਕਿਸੇ ਮੁਲਕ ਦੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦਾ ਹੈ। ਇਹ ਅਤੀਤ ਨੂੰ ਵਿਖਾ ਸਕਦਾ ਹੈ, ਵਰਤਮਾਨ ਨੂੰ ਪੇਸ਼ ਕਰ ਸਕਦਾ ਹੈ ਅਤੇ ਭਵਿੱਖ ʼਤੇ ਝਾਤ ਪਵਾਉਣ ਦੀ ਸਮਰੱਥਾ ਵੀ ਰੱਖਦਾ ਹੈ। ਟੈਲੀਵਿਜ਼ਨ ਦੀ ਅਜਿਹੀ ਭੂਮਿਕਾ ਭਾਰਤ ਵਰਗੇ ਮੁਲਕ ਲਈ ਹੋਰ ਵੀ ਵਧੇਰੇ ਪ੍ਰਸੰਗਕ ਹੈ। ਇਥੇ ਭੂਗੋਲਿਕ ਤੇ ਸਮਾਜਕ ਭਿੰਨਤਾਵਾਂ ਹਨ। ਸਭਿਆਚਾਰਕ ਤੇ ਭਾਸ਼ਾਈ ਵਖਰੇਵੇਂ ਹਨ ਅਤੇ ਬਹੁ-ਗਿਣਤੀ ਵਸੋਂ ਤੱਕ ਟੈਲੀਵਿਜ਼ਨ ਦੀ ਪਹੁੰਚ ਹੈ।
ਭਾਰਤ ਇਸ ਵੇਲੇ ਤੇਜ਼ ਗਤੀ ਨਾਲ ਵੱਡੀ ਤੇ ਵਿਸ਼ਾਲ ਤਬਦੀਲੀ ਵੱਲ ਵਧ ਰਿਹਾ ਹੈ। ਜਦ ਵੀ ਕੋਈ ਮੁਲਕ ਸਮਾਜਕ ਤਬਦੀਲੀ ਦੇ ਦੌਰ ਵਿਚੋਂ ਗੁਜਰਦਾ ਹੈ, ਉਸਨੂੰ ਕਈ ਤਰ੍ਹਾਂ ਦੇ ਤਣਾਓ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੰਚਾਰ ਸਾਧਨਾਂ ਦੁਆਰਾ ਦਿੱਤੀ ਜਾਣਕਾਰੀ ਸਮਾਜਕ ਤਣਾਅ ਨੂੰ ਘਟਾਉਣ ਜਾਂ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਜਿਹੇ ਸਮੇਂ ਜਨਤਾ ਨਾਲ ਸਹਿਜ ਤੇ ਭਰੋਸੇਯੋਗ ਸੰਚਾਰ ਸੰਬੰਧ ਕਾਇਮ ਕਰਨੇ ਜ਼ਰੂਰੀ ਹੁੰਦੇ ਹਨ।
ਟੈਲੀਵਿਜ਼ਨ ਨੇ ਭਾਰਤੀ ਲੋਕਾਂ ਨੂੰ ਕਈ ਤਰ੍ਹਾਂ ਪ੍ਰਭਾਵਤ ਕੀਤਾ ਹੈ। ਦੂਰ-ਦੁਰਾਡੇ ਇਲਾਕਿਆਂ ਵਿਚ ਵੱਸਦੇ ਲੋਕਾਂ ਨੂੰ ਦੇਸ਼ ਦੀ ਮੁਖ-ਧਾਰਾ ਵਿਚ ਸ਼ਾਮਲ ਕੀਤਾ। ਇਕਾਂਤ ਅਤੇ ਇਕੱਲਤਾ ਦੇ ਅਹਿਸਾਸ ਵਿਚੋਂ ਕੱਢਿਆ। ਸੂਚਨਾ ਤੇ ਜਾਣਕਾਰੀ ਦਾ ਕਾਰਗਰ ਮਾਧਿਅਮ ਬਣਿਆ। ਟੈਲੀਵਿਜ਼ਨ ਦੀ ਵਿਸ਼ਾਲ ਪਹੁੰਚ ਨੇ ਲੋਕਾਂ ਅੰਦਰ ਗਿਆਨ ਤੇ ਜਾਣਕਾਰੀ ਦੀ ਚਿਣਗ ਲਾਈ। ਦਿਹਾਤੀ ਵਸੋਂ ਨੂੰ ਆਧੁਨਿਕਤਾ ਅਤੇ ਆਧੁਨਿਕ ਜੀਵਨ ਦੇ ਮਾਅਨੇ ਸਮਝਾਏ। ਪੁਰਾਤਨ ਬੰਧਨਾਂ ਅਤੇ ਰੋਕਾਂ ਨੂੰ ਹਟਾਉਣ ਅਤੇ ਭਾਰਤੀਆਂ ਨੂੰ ਵਿਗਿਆਨਕ ਅਤੇ ਗਲੋਬਲ ਸੋਚ ਦੇ ਧਾਰਨੀ ਬਨਾਉਣ ਵਿਚ ਜ਼ਿਕਰਯੋਗ ਭੂਮਿਕਾ ਨਿਭਾ ਰਿਹਾ ਹੈ।
ਟੈਲੀਵਿਜ਼ਨ ਸਮਾਜ ਨੂੰ ਸਮੁੱਚਤਾ ਵਿਚ ਪ੍ਰਭਾਵਤ ਕਰਦਾ ਹੈ। 1982 ਵਿਚ ਜਦ ਦੂਰਦਰਸ਼ਨ ਨੇ ਕੌਮੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਤਾਂ ਇਹ ਕੌਮੀ ਏਕਤਾ ਤੇ ਅਖੰਡਤਾ ਦੀ ਦਿਸ਼ਾ ਵਿਚ ਪਹਿਲਾ ਵੱਡਾ ਕਦਮ ਸੀ। ਟੈਲੀਵਿਜ਼ਨ ਰਾਹੀਂ ਭਾਰਤ ਅਤੇ ਭਾਰਤੀ ਸਭਿਆਚਾਰਕ ਵਿਰਾਸਤ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਸੁਨਿਹਰੀ ਮੌਕਾ।
ਜੋਸ਼ੀ ਕਮੇਟੀ ਨੇ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਰੂਪ-ਰੇਖਾ ਸੰਬੰਧੀ ਕਿਹਾ ਸੀ, “ਭਾਰਤ ਵਿਚ ਸੰਚਾਰ-ਸਾਧਨਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਜ਼ਾਦੀ ਤੋਂ ਬਾਅਦ ਬਦਲ ਰਹੇ। ਭਾਰਤ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣਾ ਹੈ। ਸੰਚਾਰ-ਸਾਧਨਾ ਨੂੰ ਨਹਿਰੂ ਦੀ ਕਲਪਨਾ ਅਤੇ ਭਾਰਤ ਦੇ ਸਮਾਜਕ ਯਥਾਰਥ ਵਿਚਲੇ ਅੰਤਰ ਨੂੰ ਲੋਕਾਂ ਸਾਹਮਣੇ ਰੱਖਣਾ ਪਵੇਗਾ ਤਾਂ ਜੋ ਲੋਕ-ਮਨਾਂ ਵਿਚ ਉਸ ਦਿਸ਼ਾ ਵਿਚ ਤੁਰਨ ਦੀ ਇੱਛਾ-ਸ਼ਕਤੀ ਪੈਦਾ ਕੀਤੀ ਜਾ ਸਕੇ।ˮ ਦੂਰਦਰਸ਼ਨ ਦੇ ਸਿਲਵਰ ਜੁਬਲੀ ਸਮਾਰੋਹ ਅਤੇ ਮੈਟਰੋ ਚੈਨਲ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਿਹਾ ਸੀ, “ਦੂਰਦਰਸ਼ਨ ਨੇ ਭਾਰਤ ਵਿਚ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਤਿਆਰ ਹੋ ਕੇ ਆਉਂਦੇ ਪ੍ਰੋਗਰਾਮ ਧਰਮ ਅਤੇ ਭਾਸ਼ਾ ਦੇ ਭਿੰਨ-ਭੇਦ ਬਗੈਰ ਪ੍ਰਸਾਰਿਤ ਕੀਤੇ ਜਾਂਦੇ ਹਨ ਜੋ ਭਾਰਤੀਆਂ ਅੰਦਰ ਭਾਈਚਾਰੇ ਅਤੇ ਏਕਤਾ ਦੀ ਭਾਵਨਾ ਪੈਦਾ ਕਰਦੇ ਹਨ।ˮ
ਵਿਕਾਸਸ਼ੀਲ ਸਮਾਜ ਵਿਚ ਤਬਦੀਲੀ ਦੀ ਪ੍ਰਕਿਰਿਆ ਆਮ ਕਰਕੇ ਧੀਮੀ ਗਤੀ ਨਾਲ ਵਾਪਰਦੀ ਹੈ। ਸੰਸਕਾਰਾਂ ਨਾਲ ਬੱਝੇ ਭਾਰਤ ਜਿਹੇ ਮੁਲਕ ਵਿਚ ਹੋਰ ਵੀ ਹੌਲੀ ਰਫ਼ਤਾਰ ਨਾਲ ਕਿਉਂਕਿ ਅਜਿਹੇ ਲੋਕ ਅਕਸਰ ਤਬਦੀਲੀ ਦਾ ਵਿਰੋਧ ਕਰਦੇ ਹਨ। ਸ਼ੁਰੂ ਵਿਚ ਇਹ ਵਿਰੋਧ ਬੜਾ ਤਿੱਖਾ ਹੁੰਦਾ ਹੈ। ਹੌਲੀ-ਹੌਲੀ ਤਿੱਖਾਪਨ ਘੱਟਦਾ ਜਾਂਦਾ ਹੈ। ਟੈਲੀਵਿਜ਼ਨ ਆਲੇ ਦੁਆਲੇ ਵਾਪਰ ਰਹੇ ਵਿਰੋਧਾਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ, ਨਵੇਂ ਨੂੰ ਸਵੀਕਾਰਨ ਅਤੇ ਕੁਝ ਚੰਗਾ ਹਾਸਲ ਕਰਨ ਲਈ ਪ੍ਰੇਰਦਾ ਹੈ।
ਪਰ ਵਿਉਪਾਰਕ ਪੱਧਰ ʼਤੇ ਟੈਲੀਵਿਜ਼ਨ ਦੇ ਹੋਏ ਵਿਸਥਾਰ ਨੇ ਵਰਤਮਾਨ ਭਾਰਤੀ ਸਮਾਜ ਵਿਚ ਸਭਿਆਚਾਰਕ ਤੇ ਸੂਚਨਾ ਪੱਖੋਂ ਵਿਸਫੋਟ ਕੀਤਾ ਹੈ। ਇਹ ਵਿਸਫੋਟ ਸਮਾਜ ਵਿਚ ਤਣਾਅ ਅਤੇ ਸਭਿਆਚਾਰਕ ਨਿਘਾਰ ਦੀਆਂ ਸੰਭਾਵਨਾਵਾਂ ਲੈ ਕੇ ਜਨਮਿਆ ਹੈ। ਇਸਨੇ ਲਾਡੀਆਂ ਭਾਸ਼ਾਵਾਂ, ਸੰਵੇਦਨਾਵਾਂ, ਸਿਆਸਤ ਅਤੇ ਸਮਾਜਕ ਸਥਿਤੀਆਂ ʼਤੇ ਗਹਿਰਾ ਪ੍ਰਭਾਵ ਛੱਡਿਆ ਹੈ। ਟੈਲੀਵਿਜ਼ਨ ਪ੍ਰਸਾਰਨ ਨੇ ਲੋਕਾਂ ਅੰਦਰ ਉਹ ਇੱਛਾਵਾਂ ਜਗਾ ਦਿੱਤੀਆਂ, ਜਿਨ੍ਹਾਂ ਦੀ ਪੂਰਤੀ ਸੰਭਵ ਨਹੀਂ। ਇਸਨੇ ਲੋਕਾਂ ਨੂੰ ਸਮਾਜਕ, ਭਾਈਚਾਰਕ ਪੱਖੋਂ ਬੌਣੇ ਬਣਾ ਦਿੱਤਾ ਹੈ। ਨੌਜਵਾਨਾਂ ਅਤੇ ਬੱਚਿਆਂ ʼਤੇ ਵਧੇਰੇ ਪ੍ਰਭਾਵ ਪਿਆ ਹੈ। ਮਨੁੱਖੀ ਕਦਰਾਂ-ਕੀਮਤਾਂ ਨੂੰ ਖੋਰਾ ਲੱਗਾ ਹੈ। ਜਰਮਨੀ ਅਤੇ ਇੰਗਲੈਂਡ ਵਿਚ ਕੀਤੇ ਤਜਰਬਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਟੈਲੀਵਿਜ਼ਨ ਇਕ ਨਸ਼ੇ ਵਾਂਗ ਹੈ। ਤਜਰਬੇ ਲਈ ਕਿਹਾ ਗਿਆ ਕਿ ਅਜਿਹੇ ਲੋਕਾਂ ਨੂੰ ਇਨਾਮ ਵਜੋਂ ਵੱਡੀਆਂ ਰਕਮਾਂ ਦਿੱਤੀਆਂ ਜਾਣਗੀਆਂ, ਜਿਹੜੇ ਟੈਲੀਵਿਜ਼ਨ ਨਹੀਂ ਵੇਖਣਗੇ। ਤਜਰਬੇ ਵਿਚ ਲੋਕ ਹੁੰਮ ਹੁੰਮਾ ਕੇ ਸ਼ਾਮਲ ਹੋਏ ਪਰੰਤੂ ਕੁਝ ਹੀ ਮਹੀਨਿਆਂ ਬਾਅਦ ਇਹ ਕਹਿੰਦਿਆਂ ਮੁਕਾਬਲੇ ਵਿਚੋਂ ਬਾਹਰ ਹੋ ਗਏ, “ਸਾਨੂੰ ਸਾਡੇ ਟੀ.ਵੀ. ਚਲਾਉਣ ਦੀ ਆਗਿਆ ਦਿੱਤੀ ਜਾਵੇ।ˮ
ਟੈਲੀਵਿਜ਼ਨ ਪ੍ਰਸਾਰਨ ਨੇ ਸਾਡੇ ਤੋਂ ਸਾਦਗੀ, ਭਾਈਚਾਰਾ ਤੇ ਮੇਲ-ਜੋਲ ਖੋਹ ਲਿਆ। ਬਦਲੇ ਵਿਚ ਦਿੱਤਾ ਸਾਨੂੰ ਇਕੱਲੇ ਵਿਚਰਨ ਦਾ ਵਲ। ਇਹ ਛੋਟੀ ਪੱਧਰ ʼਤੇ ਤੋੜਦਾ, ਵਿਸ਼ਾਲ ਪੱਧਰ ʼਤੇ ਜੋੜਦਾ ਹੈ। ਸੂਬਾਈ, ਕੌਮੀ ਤੇ ਕੌਮਾਂਤਰੀ ਵਿੱਥਾਂ ਮੇਟਦਾ ਹੈ।
ਧਾਰਾ 19 (1) (ਏ) ਤਹਿਤ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਨੂੰ ਬੋਲਣ ਅਤੇ ਭਾਵਨਾਵਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਇਸਨੇ ਨਾਲ ਹੀ ਧਾਰਾ (2) ਵਿਚ ਕੁਝ ਅਜਿਹੀਆਂ ਸੱਤਰਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਹੜੀਆਂ ਕੌਮੀ ਹਿੱਤਾਂ ਨੂੰ ਸੁਰੱਖਿਅਤ ਕਰਦੀਆਂ ਹਨ। ਪਰੰਤੂ ਇਹ ਸੱਤਰਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਇਸਦੀ ਆੜ ਵਿਚ ਭਾਰਤੀ ਟੈਲੀਵਿਜ਼ਨ ʻਪ੍ਰਗਟਾਵੇ ਦੀ ਆਜ਼ਾਦੀʼ ਦੀ ਦੁਰਵਰਤੋਂ ਦੇ ਰਾਹ ਤੁਰ ਪਿਆ ਹੈ। ਸਮੇਂ-ਸਮੇਂ ਸਥਾਨਕ ਤੇ ਕੌਮੀ ਪੱਧਰ ʼਤੇ ਚੱਲੀ ਬਹਿਸ ਇਸ ਨਤੀਜੇ ʼਤੇ ਪੁੱਜੀ ਹੈ ਕਿ ਮੀਡੀਆ ਲਈ ਲਛਮਣ-ਰੇਖਾ ਜ਼ਰੂਰੀ ਹੈ। ਭਾਰਤ ਦੀ ਆਜ਼ਾਦੀ ਵਿਚ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸਮੇਂ ਵਰਨੈਕੂਲਰ ਪ੍ਰੈਸ ਐਕਟ, 1878 ਪ੍ਰੈਸ ਦੀ ਆਜ਼ਾਦੀ ਨੂੰ ਰੋਕਣ ਪਾਸ ਕੀਤਾ ਗਿਆ। ਇਸਦਾ ਮਨੋਰਥ ਅਜਿਹੀਆਂ ਅਖਬਾਰਾਂ ਦਾ ਪ੍ਰਕਾਸ਼ਨ ਰੋਕਣਾ ਸੀ ਜਿਹੜੀਆਂ ਭਾਰਤ ਵਿਚ ਈਸਟ ਇੰਡੀਆਂ ਕੰਪਨੀ ਵਿਰੁੱਧ ਆਵਾਜ਼ ਉਠਾਉਂਦੀਆਂ ਸਨ।
ਟੈਲੀਵਿਜ਼ਨ ਵਰਤਮਾਨ ਯੁੱਗ ਦਾ ਸ਼ਕਤੀਸ਼ਾਲੀ ਮੀਡੀਆ ਹੈ। ਇਸਨੇ ਅਤਿ ਆਧੁਨਿਕ ਤਕਨੀਕ ਦੇ ਬਲ ਤੇ ਮੀਡੀਆ ਖੇਤਰ ਵਿਚ ਧਾਕ ਜਮਾਈ ਹੋਈ ਹੈ। ਪਰ ਇਹ ਇਕਪਾਸੜ ਮਾਧਿਅਮ ਹੋ ਨਿੱਬੜਿਆ ਹੈ। ਲੋਕ ਕੀ ਵੇਖਣਾ ਚਾਹੁੰਦੇ ਹਨ ਦੀ ਥਾਂ ਪ੍ਰਸਾਰਨਕਰਤਾ ਜੋ ਵਿਖਾਉਣਾ ਚਾਹੁੰਦਾ ਹੈ, ਲੋਕ ਉਹੀ ਵੇਖਣ ਲਈ ਮਜਬੂਰ ਹਨ।
ਸੁਪਰੀਮ ਕੋਰਟ ਨੇ 1995 ਵਿਚ ਇਕ ਫੈਸਲਾ ਸੁਣਾਉਂਦਿਆਂ ਕਿਹਾ ਸੀ, “ਹਵਾਈ ਤੁਰੰਗਾਂ ਲੋਕਾਂ ਦੀ ਜਾਇਦਾਦ ਹਨ।ˮ ਇਸਦਾ ਅਰਥ ਇਹ ਨਿਕਲਦਾ ਹੈ ਕਿ ਉਹੀ ਤੁਰੰਗਾਂ ਹਵਾ ਵਿਚ ਜਾ ਸਕਦੀਆਂ ਹਨ ਜਿਹੜੀਆਂ ਸਮਾਜ ਅਤੇ ਲੋਕਾਂ ਦੇ ਹਿਤ ਵਿਚ ਹੋਣ।
ਭਾਰਤੀ ਟੈਲੀਵਿਜ਼ਨ ਦੀ ਮੌਜੂਦਾ ਤਸਵੀਰ ਇਕ ਖੁਲ੍ਹੀ ਤੇ ਵੱਡੀ ਬਹਿਸ ਦੀ ਮੰਗ ਕਰਦੀ ਹੈ। ਕੇਬਲ ਟੈਲੀਵਿਜ਼ਨ ਨੈਟਵਰਕ ਐਕਟ 1995 ਤਹਿਤ, ਸਮਾਜਕ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਭੁਗਤਦੇ ਪ੍ਰਸਾਰਨ, ਲੋਕਾਂ ਦੇ ਸੁਹਜ-ਸੁਆਦ ਨੂੰ ਵਿਗਾੜਦੇ ਪ੍ਰਸਾਰਨ ਅਤੇ ਝੂਠ ਪਰੋਸਦੇ ਪ੍ਰਸਾਰਨ ਨੂੰ ਰੋਕਿਆ ਜਾ ਸਕਦਾ ਹੈ। ਦੂਜੇ ਪਾਸੇ ਨਿੱਜੀ ਟੈਲੀਵਿਜ਼ਨ ਚੈਨਲ ਚਾਹੁੰਦੇ ਹਨ ਕਿ ਉਹ ਸਵੈ-ਜ਼ਾਬਤਾ ਲਾਗੂ ਕਰਨ, ਸਰਕਾਰ ਸਖ਼ਤੀ ਨਾ ਕਰੇ। ਨਿੱਜੀ ਪ੍ਰਸਾਰਨ ਕਰਤਾਵਾਂ ਨੇ ਪ੍ਰੈਸ ਕੌਂਸਲ ਕੋਲ ਵੀ ਪਹੁੰਚ ਕੀਤੀ। ਸਾਂਝੀ ਰਾਏ ਇਹ ਸਾਹਮਣੇ ਆਈ ਕਿ ਭਾਰਤੀ ਨਿੱਜੀ ਟੀ.ਵੀ. ਚੈਨਲ ਹਾਲੇ ਏਨੇ ਸਿਆਣੇ ਨਹੀਂ ਹੋਏ ਕਿ ਇਨ੍ਹਾਂ ਨੂੰ ਖੁਲ੍ਹਾ ਛੱਡ ਦਿੱਤਾ ਜਾਵੇ। ਦਿਸ਼ਾ ਨਿਰਦੇਸ਼ ਲਈ ਕੋਈ ਕੌਂਸਲ ਜ਼ਰੂਰੀ ਹੈ।
ਸਿੱਖਿਆ, ਸੂਚਨਾ ਤੇ ਮਨੋਰੰਜਨ ਤੋਂ ਇਲਾਵਾ ਟੈਲੀਵਿਜ਼ਨ ਪ੍ਰਸਾਰਨ ਦੀਆਂ ਹੋਰ ਵੀ ਸਮਾਜਕ ਜ਼ਿੰਮੇਵਾਰੀਆਂ ਹਨ। ਕੌਮੀ ਏਕਤਾ ਤੇ ਸਮਾਜਕ ਵਿਕਾਸ ਲਈ ਕੰਮ ਕਰਨਾ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਨਾਉਣਾ। ਤੇਜ਼ੀ ਨਾਲ ਵਧ ਰਹੀ ਆਬਾਦੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ। ਖੇਤੀਬਾੜੀ ਦੀ ਪੈਦਾਵਾਰ ਵਧਾਉਣ ਲਈ ਲੋੜੀਂਦੀ ਸੂਚਨਾ ਤੇ ਜਾਣਕਾਰੀ ਮੁਹੱਈਆ ਕਰਨੀ। ਸੁਖਾਵਾਂ ਸਮਾਜਕ ਮਾਹੌਲ ਬਣਾਈ ਰੱਖਣ ਵਿਚ ਯੋਗਦਾਨ ਪਾਉਣਾ। ਔਰਤਾਂ, ਬੱਚਿਆਂ, ਬਜ਼ੁਰਗਾਂ ਤੇ ਅੰਗਹੀਨਾਂ ਲਈ ਸਮਾਜਕ ਸੁਰੱਖਿਆ ਵਾਲਾ ਵਾਤਾਵਰਨ ਪੈਦਾ ਕਰਨਾ। ਖੇਡਾਂ ਪ੍ਰਤੀ ਰੁਚੀ ਵਧਾਉਣੀ। ਕਲਾਤਮਕ ਅਤੇ ਸਭਿਆਚਾਰਕ ਵਿਰਸੇ ਨੂੰ ਉਤਸ਼ਾਹਤ ਕਰਨਾ, ਸਮਾਜਕ ਕਦਰਾਂ-ਕੀਮਤਾਂ ʼਤੇ ਪਹਿਰਾ ਦੇਣਾ। ਸਮਾਜਕ ਬਰਾਬਰੀ ਲਈ ਕੰਮ ਕਰਨਾ ਆਦਿ।
1992 ਦਾ ਵਰ੍ਹਾ ਸੀ ਜਦ ਭਾਰਤ ਵਿਚ ਪਹਿਲੀ ਵਾਰ ਸਟਾਰ ਟੀ.ਵੀ. ਨੈਟਵਰਕ ਦੇ ਰੂਪ ਵਿਚ ਸੈਟੇਲਾਈਟ ਟੀ.ਵੀ. ਦਾਖਲ ਹੋਇਆ। ਸੀ.ਐਨ.ਐਨ. ਨੇ ਖਾੜੀ ਜੰਗ ਦਾ ਸਿੱਧਾ ਪ੍ਰਸਾਰਨ ਕਰਕੇ ਅਚਨਚੇਤ ਭਾਰਤ ਵਿਚ ਉਪਗ੍ਰਹਿ ਟੈਲੀਵਿਜ਼ਨ ਦਾ ਬਿਗਲ ਵਜਾ ਦਿੱਤਾ। ਇਸਦੀ ਆਮਦ ਨਾਲ ਸਾਡੇ ਅਮੀਰ ਵਿਰਸੇ ਅਤੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਤੱਤਫਟ ਖਤਰਾ ਪੈਦਾ ਹੋ ਗਿਆ। ਜਾਪਦਾ ਸੀ ਇਸ ਵਾਰ ਵੀ ਵਿਦੇਸ਼ੀ, ਭਾਰਤੀ ਸਭਿਆਚਾਰ ਨੂੰ ਨਸ਼ਟ ਕਰਨ ਦੀ ਪੁਰਾਣੀ ਖੇਡ, ਖੇਡ ਰਹੇ ਸਨ। ਪਰ ਜਦ ਬੀ.ਬੀ.ਸੀ ਜਿਹੇ ਚੈਨਲ ਆਉਣੇ ਆਰੰਭ ਹੋਏ ਤਾਂ ਸਵਾਲ ਪੈਦਾ ਹੋਇਆ ਕਿ ਕੀ ਵਿਦੇਸ਼ੀ ਚੈਨਲ ਸੱਚਮੁੱਚ ਭਾਰਤੀ ਸੰਸਕ੍ਰਿਤੀ ਨੂੰ ਨੁਕਸਾਨ ਪਹੁੰਚਾਉਣ ਦੀ ਦਿਸ਼ਾ ਵਿਚ ਕਾਰਜਸ਼ੀਲ ਹਨ? ਉੱਘੀ ਮੀਡੀਆ ਆਲੋਚਕ ਅਮਿਤਾ ਮਲਿਕ ਨੇ ਇਸਦਾ ਜਵਾਬ ਨਾਂਹ ਵਿਚ ਦਿੱਤਾ ਸੀ। ਉਸਦਾ ਕਹਿਣਾ ਸੀ ਕਿ ਜਿੰਨਾ ਖਤਰਾ ਸਾਨੂੰ ਆਪਣੇ ਟੈਲੀਵਿਜ਼ਨ ਚੈਨਲਾਂ ਤੋਂ ਹੈ ਓਨਾ ਵਿਦੇਸ਼ੀ ਚੈਨਲਾਂ ਤੋਂ ਨਹੀਂ ਹੈ।
ਭਾਰਤੀ ਮੂਲ ਦੇ ਟੈਲੀਵਿਜ਼ਨ ਚੈਨਲ ਬਹੁਤ ਸਾਰੇ ਅਜਿਹੇ ਪ੍ਰੋਗਰਾਮ, ਸੀਰੀਅਲ ਅਤੇ ਫ਼ਿਲਮਾਂ ਪ੍ਰਸਾਰਿਤ ਕਰ ਰਹੇ ਹਨ ਜੋ ਭਾਰਤੀ ਮਨਾਂ ਨੂੰ ਦੂਸ਼ਿਤ ਕਰਨ ਲਈ ਕਾਫ਼ੀ ਹਨ। ਮੀਡੀਆ ਆਲੋਚਕ ਅਮਿਤਾ ਮਲਿਕ ਦਾ ਕਿਹਾ ਅੱਜ ਸਹੀ ਸਾਬਤ ਹੋਇਆ ਹੈ। ਟੈਲੀਵਿਜ਼ਨ ਚੈਨਲਾਂ ਨੇ ਸਭ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਹਨ। ਕਦਰਾਂ-ਕੀਮਤਾਂ ਨੂੰ ਲਾਂਭੇ ਧਰ ਦਿੱਤਾ ਹੈ। ਦਰਸ਼ਕ ਗਹਿਰੀਆਂ ਸੋਚਾਂ ਵਿਚ ਡੁੱਬਾ ਹੈ।