ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵਣਜਾਰਾ ਹਾਲ ਵਿਚ ਗੁਰਮਤਿ ਕੈਂਪ 2022 ਆਯੋਜਿਤ ਕੀਤਾ ਗਿਆ ਜਿਸ ਵਿਚ ਸਮਾਜ ਦੇ ਵੱਖ ਵੱਖ ਪਤਵੰਤਿਆਂ ਨੇ ਸ਼ਮੂਲੀਅਤ ਕਰ ਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਬਹੁਤ ਵੱਡਭਾਗਾ ਤੇ ਖੁਸ਼ੀ ਦਾ ਦਿਹਾੜਾ ਹੈ ਕਿ ਅੱਜ ਆਪਣੀ ਪਨੀਰੀ ਨੁੰ ਗੁਰੂ ਚਰਨਾਂ ਵਿਚ ਲੱਗਦੇ ਵੇਖਦੇ ਹੋਏ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ ਇਕ ਪ੍ਰਬੰਧਕ, ਪਿਤਾ ਤੇ ਗੁਰੂ ਕਾ ਸਿੱਖ ਹੋਣ ਦੇ ਨਾਅਤੇ ਜੋ ਸਾਡੀਆਂ ਜ਼ਿੰਮੇਵਾਰੀਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਬਣਦੀਆਂ ਹਨ ਕਿ ਅਸੀਂ ਬੱਚਿਆਂ ਨੁੰ ਗੁਰੂ ਵਾਲਾ ਬਣਾ ਸਕੀਏ ਤੇ ਗੁਰੂ ਦੇ ਲੜ ਸਕੀਏ, ਅੱਜ ਦੇ ਠਾਠਾਂ ਮਾਰਦੇ ਇਕੱਠੇ ਨੇ ਉਸ ’ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਅੱਜ ਗੁਰੂ ਪ੍ਰਤੀ ਪਿਆਰ ਤੇ ਸਤਿਕਾਰ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਉਹ ਧਰਮ ਪ੍ਰਚਾਰ ਕਮੇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਤੇ ਨਾਲ ਹੀ ਵੱਖ ਵੱਖ ਸੰਸਥਾਵਾਂ ਤੇ ਸੰਪਰਦਾਵਾਂ ਦਾ ਵੀ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਸ ਕਾਰਜ ਵਿਚ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ 60 ਗੁਰਮਤਿ ਕੈਂਪ ਦਿੱਲੀ ਵਿਚ ਲੱਗੇ ਹਨ।
ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਬੱਚੇ ਆਨ ਲਾਈਨ ਕਲਾਸਾਂ ਲਗਾਉਦੇ ਸਨ ਪਰ ਗੁਰੂ ਦੀ ਰਹਿਮਤ ਨਾਲ ਇਹ ਸਮਰ ਗੁਰਮਤਿ ਕੈਂਪ ਲਗੇ ਜਿਹਨਾਂ ਵਿਚ ਗੁਰਮਤਿ ਸਿੱਖਿਆ ਦੇ ਨਾਲ ਨਾਲ ਖੇਡਾਂ ਤੇ ਹੋਰ ਸਿੱਖਿਆਵਾਂ ਪ੍ਰਦਾਨ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਅੱਜ ਦਾ ਇਕੱਠ ਇਹ ਦੱਸਦਾ ਹੈ ਕਿ ਸਾਡੇ ਬੱਚੇ ਕਿਵੇਂ ਗੁਰੂ ਨਾਲ ਜੁੜੇ ਹਨ।
ਉਹਨਾਂ ਕਿਹਾ ਕਿ ਮੂੰਹ ਵਿਚ ਊੜਾ ਤੇ ਸਿਰ ਵਿਚ ਜੂੜਾ ਜੇ ਅਸੀਂ ਯਕੀਨੀ ਬਣਾ ਲਈਏ ਤਾਂ ਕੋਈ ਸਿੱਖੀ ਨੂੰ ਢਾਹ ਨਹੀਂ ਲਗਾ ਸਕਦਾ। ਉਹਨਾਂ ਕਿਹਾ ਕਿ ਇਹ ਬੱਚੇ ਕੌਮ ਦੀਆਂ ਲੜਾਈਆਂ ਵਿਚ ਯੋਗਦਾਨ ਪਾ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜੇ ਸਿੱਖ ਗੁਰੂ ਸਾਹਿਬ ਦੇ ਲੜ ਲੱਗ ਕੇ ਕੌਮ ਲਈ ਲੜੇ, ਉਹਨਾਂ ਹਮੇਸ਼ਾ ਗੁਰਬਾਣੀ ਦੇ ਲੜ ਲੱਗ ਕੇ ਕੰਮ ਕੀਤਾ ਤੇ ਫਤਿਹ ਹਾਸਲ ਕੀਤੀ ਹੈ।
ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਬੁੱਧਵਾਰ ਤੇ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਚ ਅੰਮਿ੍ਰਤ ਸੰਚਾਰ ਕਰਵਾਇਆ ਜਾਂਦਾ ਹੈ ਤੇ ਇਹਨਾਂ ਤੋਂ ਇਲਾਵਾ ਅਸੀਂ ਹਰ ਉਸ ਇਲਾਕੇ ਵਿਚ ਜਾ ਕੇ ਸੰਗਤ ਲਈ ਅੰਮਿ੍ਰਤ ਸੰਚਾਰ ਵਾਸਤੇ ਤਿਆਰ ਹਾਂ ਜਿਥੇ ਲੋਕ ਚਾਹੁੰਦੇ ਹਨ।
ਉਹਨਾਂ ਨੇ ਗੁਰੂ ਕੇ ਲੜ ਲੱਗਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੁੰ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਸੀਂ 26 ਬਾਣੀਕਾਰਾਂ ਦੇ ਨਾਂ ’ਤੇ ਪੋ੍ਰਗਰਾਮ ਉਲੀਕਿਆ ਹੈ ਜੋ ਅਗਲੇ ਹਫਤੇ ਤੋਂ ਅਜਿਹੇ ਪ੍ਰੋਗਰਾਮ ਹੋਣ ਜਾ ਰਹੇ ਹਨ ਜਿਸ ਵਿਚ ਅਸੀਂ ਬਾਣੀਕਾਰਾਂ ਦੇ ਜੀਵਨ ਦੇ ਇਤਿਹਾਸ ਬਾਰੇ ਬੱਚਿਆ ਨੁੰ ਦੱਸ ਸਕਾਂਗੇ।
ਉਹਨਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਿਹੜੀ ਸੰਗਤ ਨੇ ਸੰਗਤੀ ਰੂਪ ਵਿਚ ਅਰਦਾਸ ਕੀਤੀ ਹੈ, ਉਸ ਵਿਚ ਇਹ ਜ਼ਰੂਰ ਕਿਹਾ ਹੋਣਾ ਹੈ ਕਿ ਇਹ ਮੌਜੂਦਾ ਟੀਮ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਗੁਰੂ ਕੀ ਸੰਗਤ ਦੀ ਸੇਵਾ ਕਰ ਸਕਣ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਵਿਚ ਵੱਖ ਵੱਖ ਜਥੇਬੰਦੀਆਂ ਤੇ ਸੰਗਠਨਾਂ ਨੇ ਸਾਡੀ ਮਦਦ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਕੋਲ ਇਹ ਅਰਦਾਸ ਕਰਦੇ ਹਾਂ ਕਿ ਉਹ ਸਾਡੇ ’ਤੇ ਮਿਹਰ ਰੱਖੇ ਤੇ ਕੌਮ ਨੁੰ ਇਕਜੁੱਟ ਕਰਨ ਵਾਸਤੇ ਪ੍ਰੇਰਨਾ ਦੇਵੇ।