ਨਵੀਂ ਦਿੱਲੀ - ਜਪ ਜਾਪ ਸੇਵਾ ਟ੍ਰਸਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਦਸਤਾਰ ਤੇ ਦੁਮਾਲਾ ਮੁਕਾਬਲੇ ਲਈ 6 ਤੋਂ 12 ਸਾਲ ਤੇ 13 ਤੋਂ 18 ਸਾਲ ਉਮਰ ਦੇ ਵੱਖੋ-ਵੱਖ ਗਰੁੱਪ ਬਣਾਏ ਗਏ ਸੀ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੁਲ 90 ਅਰਜ਼ੀਆਂ ਆਈਆਂ ਸਨ, ਪਰ ਮੁਕਾਬਲੇ ਵਿੱਚ 54 ਬੱਚਿਆਂ ਨੇ ਭਾਗ ਲਿਆ। ਹਰ ਗਰੁੱਪ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਉਤੇ ਆਏ ਬੱਚਿਆਂ ਨੂੰ ਕ੍ਰਮਵਾਰ 1100, 700 ਤੇ 500 ਰੁਪਏ ਦੇ ਨਗਦ ਇਨਾਮ ਦੇ ਨਾਲ ਹੀ ਇੱਕ ਦਸਤਾਰ ਤੇ ਯਾਦਗਾਰੀ ਚਿੰਨ੍ਹ ਵੀ ਦਿੱਤਾ ਗਿਆ। ਜਦਕਿ ਬਾਕੀ ਬੱਚਿਆ ਨੂੰ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਾਬਕਾ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਜੀਕੇ ਨੇ ਇਸ ਮੌਕੇ ਬੋਲਦਿਆਂ ਹੋਇਆ ਬੱਚਿਆਂ ਵੱਲੋਂ ਸਜਾਈਆਂ ਗਈਆਂ ਦਸਤਾਰਾਂ ਤੇ ਦੁਮਾਲਿਆਂ ਦੀ ਤਾਰੀਫ਼ ਕੀਤੀ। ਜੀਕੇ ਨੇ ਦਸਤਾਰ ਮੁਕਾਬਲਾ ਕਰਵਾਉਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਵੱਲੋਂ ਜਪ ਜਾਪ ਸੇਵਾ ਟ੍ਰਸਟ ਨੂੰ ਦਿੱਤੀ ਗਈ ਮੰਜੂਰੀ ਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਸਤਾਰ ਦੀ ਬਹੁਤ ਕੀਮਤ ਹੈ, ਜਦੋਂ ਤੁਸੀਂ ਇਹ ਦਸਤਾਰ ਬੰਨ੍ਹ ਕੇ ਬਾਹਰ ਨਿਕਲਦੇ ਹੋ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਦੀ ਪ੍ਰਤੀਨਿਧਤਾ ਕਰਦੇ ਹੋ। ਰਾਣਾ ਨੇ ਅਜਿਹੇ ਮੁਕਾਬਲੇ ਕਰਵਾਉਣ ਦੀ ਵਕਾਲਤ ਕਰਦੇ ਹੋਏ ਤਸੱਲੀ ਪ੍ਰਗਟਾਈ ਕਿ ਇਹ ਬੱਚੇ ਘੱਟੋ ਘੱਟ ਟੋਪੀਆਂ ਤੇ ਬੋਦੀਆਂ ਤੋਂ ਦੂਰ ਹਨ। ਟ੍ਰਸਟ ਵੱਲੋਂ ਆਏ ਹੋਏ ਸਮੂਹ ਪਤਵੰਤਿਆਂ ਸਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟ੍ਰਸਟ ਵੱਲੋਂ ਹਰਜੀਤ ਸਿੰਘ, ਸਤਨਾਮ ਸਿੰਘ ਤੇ ਸੁਰਿੰਦਰ ਪਾਲ ਸਿੰਘ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।