ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਖਤ ਆਲੋਚਨਾ ਕੀਤੀ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਫੰਡ ਰਾਖਵੇਂ ਨਾ ਰੱਖ ਕੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਹੈ। ਦਿੱਲੀ ਦਾ ਮਾਡਲ ਪੰਜਾਬੀਆਂ ਦੇ ਸਿਰ ਮੜ੍ਹਨ ਤੇ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ।
ਸ਼ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਦਲ ਦੇ ਨੇਤਾ ਸ. ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022- 23 ਦੇ ਬਜਟ ‘ਚ ਮੁੱਖ ਚੋਣ ਵਾਅਦਿਆਂ ਵਾਸਤੇ ਫੰਡ ਰਾਖਵੇਂ ਨਾ ਰੱਖ ਕੇ ਪੰਜਾਬੀਆਂ ਨਾਲ ਵੱਡਾ ਧੋਖਾ ਕੀਤਾ ਹੈ, ਕੇਵਲ ਇਹੀ ਨਹੀਂ ਬਲਕਿ ਉਹਨਾਂ ਮਹਿਲਾ ਵੋਟਰਾਂ ਨਾਲ ਵੀ ਧੋਖਾ ਕੀਤਾ ਹੈ, ਜਿਹਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਇਥੇ ਹੀ ਬੱਸ ਨਹੀਂ ਬਲਕਿ ਸਰਕਾਰ ਤਾਂ 300 ਪ੍ਰਤੀ ਯੁਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਲਈ ਯੋਜਨਾ ਦਾ ਖਾਕਾ ਪੇਸ਼ ਕਰਨ ‘ਚ ਵੀ ਨਾਕਾਮ ਸਾਬਤ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਕੇਵਲ ਦਿੱਲੀ ਦਾ ਮਾਡਲ ਪੰਜਾਬ ਸਿਰ ਮੜ੍ਹਨ ‘ਤੇ ਲੱਗੇ ਹਨ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਨਿਖੇਧੀ ਕਰਦਾ ਹੈ।