ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕਿਸੇ ਵੀ ਖਿੱਤੇ ਦੇ ਵਸਨੀਕਾਂ ਦਾ ਮੁਕੰਮਲ ਅੰਕੜਾ, ਉਹਨਾਂ ਲੋਕਾਂ ਦੇ ਬਿਹਤਰ ਜੀਵਨ ਲਈ ਉਲੀਕੀਆਂ ਜਾਣ ਵਾਲੀਆਂ ਯੋਜਨਾਵਾਂ ਲਈ ਸਹਾਈ ਹੁੰਦਾ ਹੈ। ਇਹਨਾਂ ਅੰਕੜਿਆਂ ਦੇ ਆਧਾਰ ‘ਤੇ ਹੀ ਸਿਹਤ, ਵਿੱਦਿਆ, ਰੁਜ਼ਗਾਰ ਸਮੇਤ ਹੋਰ ਸੁਖ ਸਹੂਲਤਾਂ ਮੁਹੱਈਆ ਕਰਵਾਉਣ ਲਈ ਫੰਡਾਂ ਦੀ ਮੱਦ ਮਿਥੀ ਜਾਂਦੀ ਹੈ। ਇੰਗਲੈਂਡ ਤੇ ਵੇਲਜ ਦੀ ਜਨਗਣਨਾ ਨੇ ਬਹੁਤ ਸਾਰੇ ਹੈਰਾਨੀਜਨਕ ਤੱਥ ਪੇਸ਼ ਕੀਤੇ ਹਨ। ਜ਼ਿਕਰਯੋਗ ਹੈ ਕਿ 21 ਮਾਰਚ 2021 ਜਣਗਣਨਾ ਦਿਵਸ ਮੌਕੇ ਇੰਗਲੈਂਡ ਅਤੇ ਵੇਲਜ ਵਿੱਚ ਆਮ ਨਿਵਾਸੀ ਆਬਾਦੀ ਦਾ ਆਕਾਰ 59,597,300 ਸੀ ਜਿਸ ਵਿਚ ਇੰਗਲੈਂਡ ਵਿੱਚ 56,489,800 ਅਤੇ ਵੇਲਜ ਵਿੱਚ 3,107,500 ਆਬਾਦੀ ਦਰਜ ਕੀਤੀ ਗਈ। ਇਹ ਇੰਗਲੈਂਡ ਅਤੇ ਵੇਲਜ ਵਿੱਚ ਜਨਗਣਨਾ ਦੁਆਰਾ ਦਰਜ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਆਬਾਦੀ ਸੀ। 2011 ਵਿੱਚ ਇੰਗਲੈਂਡ ਅਤੇ ਵੇਲਜ ਦੀ ਆਬਾਦੀ 56,075,912 ਸੀ ਅਤੇ ਹੁਣ ਇਹ ਆਬਾਦੀ 3.5 ਮਿਲੀਅਨ ਜਾਣੀਕਿ 6.3 ਫੀਸਦੀ ਤੋਂ ਵੱਧ ਵਧੀ ਹੈ। ਜਾਣਕਾਰੀ ਮੁਤਾਬਕ ਸਭ ਤੋਂ ਵੱਧ ਆਬਾਦੀ ਵਾਧੇ ਵਾਲਾ ਖੇਤਰ ਇੰਗਲੈਂਡ ਦਾ ਪੂਰਬ ਸੀ, ਜੋ ਕਿ 2011 ਤੋਂ 2021 ਤੱਕ 8.3 ਫੀਸਦੀ ਵਧਿਆ। ਮਰਦਾਂ ਅਤੇ ਔਰਤਾਂ ਦੀ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਅਤੇ ਵੇਲਜ ਵਿੱਚ 30,420,100 ਔਰਤਾਂ (ਸਮੁੱਚੀ ਆਬਾਦੀ ਦਾ 51.0%) ਅਤੇ 29,177,200 ਮਰਦ (49.0%) ਸਨ। ਜਨਗਣਨਾ ਵਾਲੇ ਦਿਨ 2011 (6.1%) ਤੋਂ ਬਾਅਦ ਪਰਿਵਾਰਾਂ ਦੀ ਗਿਣਤੀ 1.4 ਮਿਲੀਅਨ ਤੋਂ ਵੱਧ ਵਧੀ ਹੈ। ਇੰਗਲੈਂਡ ਵਿੱਚ 2011 ਦੀ ਮਰਦਮਸ਼ੁਮਾਰੀ ਦੇ ਅੰਦਾਜੇ 53,012,456 ਲੋਕਾਂ ਤੋਂ ਆਬਾਦੀ ਲਗਭਗ 3.5 ਮਿਲੀਅਨ (6.6%) ਵਧੀ ਹੈ। ਵੇਲਜ ਵਿੱਚ ਵਾਧੇ ਦੀ ਦਰ ਕਾਫੀ ਘੱਟ ਸੀ, ਜਿੱਥੇ 2011 ਦੀ ਮਰਦਮਸ਼ੁਮਾਰੀ ਦੇ ਅੰਦਾਜੇ 3,063,456 ਲੋਕਾਂ ਤੋਂ ਆਬਾਦੀ 44,000 (1.4%) ਵਧੀ ਹੈ। ਪਿਛਲੇ ਦਹਾਕੇ ਦੌਰਾਨ ਇੰਗਲੈਂਡ ਅਤੇ ਵੇਲਜ ਵਿੱਚ ਆਬਾਦੀ ਦੇ ਵਾਧੇ ਦੀ ਦਰ 2001 ਅਤੇ 2011 ਦੇ ਵਿਚਕਾਰ ਦੀ ਦਰ ਦੇ ਮੁਕਾਬਲੇ ਥੋੜ੍ਹੀ ਜਿਹੀ ਘਟੀ ਹੈ। 1801 ਵਿੱਚ ਗ੍ਰੇਟ ਬ੍ਰਿਟੇਨ ਦੀ ਪਹਿਲੀ ਮਰਦਮਸੁਮਾਰੀ ਤੋਂ ਬਾਅਦ, ਇੰਗਲੈਂਡ ਅਤੇ ਵੇਲਜ ਵਿੱਚ ਜਨਸੰਖਿਆ ਵਾਧੇ ਦੀ ਦਰ 1801 ਅਤੇ 1911 ਦੇ ਵਿਚਕਾਰ ਸਭ ਤੋਂ ਵੱਧ ਸੀ, ਜਦੋਂ ਆਬਾਦੀ ਹਰ ਦਹਾਕੇ ਵਿੱਚ ਔਸਤਨ 13.6% ਵਧੀ। ਇਸ ਤੋਂ ਬਾਅਦ, 2021 ਤੱਕ ਆਬਾਦੀ ਦੇ ਵਾਧੇ ਦੀ ਦਰ ਘੱਟ ਰਹੀ ਹੈ, 1971 ਤੋਂ 1981 ਨੂੰ ਛੱਡ ਕੇ, ਜਦੋਂ ਆਬਾਦੀ ਵਿੱਚ 0.5% ਦੀ ਗਿਰਾਵਟ ਆਈ ਸੀ, ਹਰ 10 ਸਾਲ ਦੀ ਮਿਆਦ ਵਿੱਚ 2.8% ਅਤੇ 7.8% ਦੇ ਵਿਚਕਾਰ ਦੀ ਦਰ ਨਾਲ ਵਧ ਰਹੀ ਹੈ। ਆਬਾਦੀ ਦੇ ਆਕਾਰ ਵਿਚ ਤਬਦੀਲੀਆਂ ਜਨਮ, ਮੌਤਾਂ ਅਤੇ ਅੰਦਰੂਨੀ ਅਤੇ ਅੰਤਰਰਾਸਟਰੀ ਪ੍ਰਵਾਸ ਕਾਰਨ ਹੁੰਦੀਆਂ ਹਨ। ਇਸ ਤੋਂ ਬਿਨਾਂ ਮਹੀਨਾਵਾਰ ਅੰਕੜੇ ਦਰਸਾਉਂਦੇ ਹਨ ਕਿ ਅਪ੍ਰੈਲ 2011 ਤੋਂ ਮਾਰਚ 2021 ਦੇ ਅੰਤ ਤੱਕ ਇੰਗਲੈਂਡ ਅਤੇ ਵੇਲਜ ਵਿੱਚ 6.8 ਮਿਲੀਅਨ ਜਨਮ ਅਤੇ 5.3 ਮਿਲੀਅਨ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਹ ਲਗਭਗ 1.5 ਮਿਲੀਅਨ ਆਮ ਨਿਵਾਸੀਆਂ ਦੇ ਕੁਦਰਤੀ ਵਾਧੇ ਨੂੰ ਦਰਸਾਉਂਦਾ ਹੈ। ਬਾਕੀ ਦੀ ਆਬਾਦੀ ਵਾਧਾ (ਲਗਭਗ 2.0 ਮਿਲੀਅਨ ਆਮ ਨਿਵਾਸੀ, ਕੁੱਲ ਆਬਾਦੀ ਦੇ ਵਾਧੇ ਦਾ 57.5%) ਇੰਗਲੈਂਡ ਅਤੇ ਵੇਲਜ ਵਿੱਚ ਸ਼ੁੱਧ ਪਰਵਾਸ ਦੇ ਕਾਰਨ ਹੈ। 2011 ਅਤੇ 2021 ਦੇ ਵਿਚਕਾਰ, ਇੰਗਲੈਂਡ ਦੇ ਨੌਂ ਖੇਤਰਾਂ ਵਿੱਚੋਂ ਹਰੇਕ ਵਿੱਚ ਆਬਾਦੀ ਵਧੀ ਹੈ। ਵੇਲਜ ਵਿੱਚ ਸਾਰੇ ਅੰਗਰੇਜੀ ਖੇਤਰਾਂ ਦੇ ਮੁਕਾਬਲੇ ਘੱਟ ਆਬਾਦੀ ਵਿੱਚ ਵਾਧਾ ਹੋਇਆ।
ਬਰਤਾਨੀਆ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਅੰਕੜੇ ਫਿਲਹਾਲ ਆਬਾਦੀ ਅਤੇ ਘਰਾਂ ਨਾਲ ਸੰਬੰਧਤ ਹਨ। ਨੇੜ ਭਵਿੱਖ ਵਿੱਚ ਜਦੋਂ ਵੀ ਭਾਸ਼ਾਵਾਂ, ਬੋਲੀਆਂ ਨਾਲ ਸੰਬੰਧਿਤ ਅੰਕੜੇ ਨਸ਼ਰ ਹੋਣਗੇ ਤਾਂ ਉਹਨਾਂ ਵਿੱਚ ਵੀ ਹੈਰਾਨੀਜਨਕ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਭਕਨਾ ਵੱਲੋਂ ਬਰਤਾਨਵੀ ਸਰਕਾਰ ਨੂੰ ਜਲਿਆਂ ਵਾਲਾ ਬਾਗ ਕਤਲੇਆਮ ਸਮੇਤ ਪੰਜਾਬੀ ਬੋਲਦੇ ਹੋਰ ਕਤਲੇਆਮਾਂ ਸੰਬੰਧੀ ਪਾਰਲੀਮੈਂਟ ਵਿੱਚ ਰਸਮੀ ਮੁਆਫੀ ਮੰਗਣ ਲਈ ਮਜਬੂਰ ਕਰਨ ਹਿਤ ਵੱਡੀ ਪੱਧਰ ਮੁਹਿੰਮ ਵਿੱਢੀ ਹੋਈ ਹੈ।
ਜੇਕਰ ਪਰਿਵਾਰਾਂ ਦੇ ਅੰਕੜਿਆਂ ਦਾ ਮੁਲਾਂਕਣ ਕੀਤਾ ਜਾਵੇ ਤਾਂ ਇਹ ਜਾਣਕਾਰੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇੰਗਲੈਂਡ ਵਿੱਚ ਪਰਿਵਾਰਾਂ ਦੀ ਗਿਣਤੀ ਵਿੱਚ ਵਾਧਾ (6.2%) ਵੇਲਜ (3.4%) ਨਾਲੋਂ ਵੱਧ ਸੀ। ਇੰਗਲੈਂਡ ਦੇ ਹਰ ਖੇਤਰ ਵਿੱਚ 2011 ਅਤੇ 2021 ਦੇ ਵਿਚਕਾਰ ਪਰਿਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਭ ਤੋਂ ਵੱਧ ਪ੍ਰਤੀਸ਼ਤ ਵਾਧੇ ਵਾਲੇ ਖੇਤਰ ਪੂਰਬੀ ਇੰਗਲੈਂਡ (8.5%) ਅਤੇ ਦੱਖਣੀ ਪੱਛਮੀ (8.1%) ਸਨ। ਟਾਵਰ ਹੈਮਲੇਟਸ (19.0%), ਯੂਟਲਸਫੋਰਡ (18.2%) ਅਤੇ ਬੈੱਡਫੋਰਡ (17.4%) ਵਿੱਚ ਸਭ ਤੋਂ ਉੱਚ ਵਾਧਾ ਦੇਖਣ ਨੂੰ ਮਿਲਿਆ ਹੈ। 2011 ਅਤੇ 2021 ਦੇ ਵਿਚਕਾਰ ਸਿਰਫ 12 ਸਥਾਨਕ ਅਥਾਰਟੀਆਂ ਨੇ ਪਰਿਵਾਰਾਂ ਦੀ ਗਿਣਤੀ ਵਿੱਚ ਗਿਰਾਵਟ ਮਹਿਸੂਸ ਕੀਤੀ ਹੈ।