ਫ਼ਤਹਿਗੜ੍ਹ ਸਾਹਿਬ - “ਜਦੋਂ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਹੋਣੀ ਸੀ ਤਾਂ ਬਾਦਲ ਦਲੀਆ ਨੇ ਮੌਕਾਪ੍ਰਸਤੀ ਦੀ ਸੋਚ ਉਤੇ ਅਮਲ ਕਰਨ ਵਾਲਿਆ ਨੂੰ ਬੰਦੀ ਸਿੰਘਾਂ ਦੀ ਯਾਦ ਆ ਗਈ । ਜਦੋਕਿ ਇਹ ਬਾਦਲ ਦਲੀਏ ਲੰਮਾਂ ਸਮਾਂ ਹਕੂਮਤ ਪਾਰਟੀ ਬੀਜੇਪੀ ਨਾਲ ਭਾਈਵਾਲ ਰਹੇ ਹਨ, ਸੈਂਟਰ ਵਿਚ ਵਜ਼ੀਰੀਆ ਦੇ ਅਹੁਦੇ ਉਤੇ ਵੀ ਰਹੇ ਹਨ ਅਤੇ ਪੰਜਾਬ ਵਿਚ ਲੰਮਾਂ ਸਮਾਂ ਸਰਕਾਰਾਂ ਵੀ ਰਹੀਆ ਹਨ । ਪਰ ਇਸਦੇ ਬਾਵਜੂਦ ਵੀ ਬੀਤੇ ਹਕੂਮਤੀ ਸਮੇ ਵਿਚ ਇਨ੍ਹਾਂ ਨੇ ਕਿਸੇ ਵੀ ਬੰਦੀ ਸਿੰਘ ਦੇ ਕੇਸਾਂ ਦੀ ਨਾ ਤਾਂ ਪੈਰਵੀ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਸੈਟਰ ਦੀਆਂ ਸਰਕਾਰਾਂ ਕੋਲ ਕਦੀ ਪਹੁੰਚ ਕੀਤੀ ਹੈ । ਬੰਦੀ ਸਿੰਘਾਂ ਦੀ ਗੱਲ ਕੇਵਲ ਇਨ੍ਹਾਂ ਵੱਲੋ ਦਾਸ ਨੂੰ ਸੰਗਰੂਰ ਜਿਮਨੀ ਚੋਣ ਹਲਕੇ ਵਿਚ ਕਿਸੇ ਨਾ ਕਿਸੇ ਤਰੀਕੇ ਬਾਹਰ ਕਰਨ ਲਈ ਮੰਦਭਾਵਨਾ ਅਧੀਨ ਕੀਤੀ ਜਾ ਰਹੀ ਸੀ । ਹੁਣ ਜਦੋ ਇਨ੍ਹਾਂ ਦੀ ਪੰਜਾਬ ਸੂਬੇ, ਇਥੋ ਦੇ ਨਿਵਾਸੀਆ ਅਤੇ ਸਿੱਖ ਕੌਮ ਵਿਚ ਸਿਆਸੀ, ਸਮਾਜਿਕ, ਧਾਰਮਿਕ, ਇਖਲਾਕੀ ਹੋਂਦ ਖਤਮ ਹੋ ਚੁੱਕੀ ਹੈ, ਤਾਂ ਆਪਣੇ ਆਪ ਨੂੰ ਇਸ ਖੇਤਰ ਵਿਚ ਜਿਊਂਦਾ ਰੱਖਣ ਲਈ ਇਨ੍ਹਾਂ ਨੇ ਸਿੱਖ ਕੌਮ ਨੂੰ ਧੋਖਾ ਦੇ ਕੇ ਉਸ ਫਿਰਕੂ ਬੀਜੇਪੀ ਦੀ ਜਮਾਤ ਵੱਲੋ ਰਾਸਟਰਪਤੀ ਦੇ ਅਹੁਦੇ ਲਈ ਖੜ੍ਹੀ ਕੀਤੀ ਗਈ ਬੀਬੀ ਦ੍ਰੋਪਦੀ ਮੁਰਮੂ ਨੂੰ ਬਿਨ੍ਹਾਂ ਸ਼ਰਤ ਸਮਰਥਨ ਦੇ ਦਿੱਤਾ ਹੈ । ਤਾਂ ਕਿ ਇਕ ਤਾਂ ਇਹ ਸਿਆਸੀ ਖੇਤਰ ਵਿਚ ਬਾਦਲ ਦਲ ਜਿਊਂਦਾ ਰਹਿ ਸਕੇ । ਦੂਸਰਾ ਸੈਟਰ ਦੀ ਬੀਜੇਪੀ ਹਕੂਮਤ ਨਾਲ ਫਿਰ ਤੋ ਸਾਂਝ ਰੱਖਕੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀ ਜਰਨਲ ਚੋਣ ਨੂੰ ਕੁਝ ਸਮੇ ਲਈ ਹੋਰ ਲੰਮਾਂ ਪਾਇਆ ਜਾ ਸਕੇ । ਕਿਉਂਕਿ ਜੇਕਰ ਅੱਜ ਐਸ.ਜੀ.ਪੀ.ਸੀ. ਦੀਆਂ ਚੋਣਾਂ ਹੁੰਦੀਆਂ ਹਨ ਤਾਂ ਬਾਦਲ ਦਲੀਆ ਵੱਲੋ ਇਨ੍ਹਾਂ ਚੋਣਾਂ ਵਿਚ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਵੀ ਹੋਣ ਵਾਲੇ ਹਸ਼ਰ ਨੂੰ ਭਾਪ ਚੁੱਕੇ ਹਨ ਕਿ ਜਿਹੋ ਜਿਹਾ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਵੱਲੋ ਖੜ੍ਹੀ ਕੀਤੀ ਗਈ ਉਮੀਦਵਾਰ ਦਾ ਹੋਇਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਆਸੀ, ਸਮਾਜਿਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਵੱਲੋ ਪੂਰਨ ਰੂਪ ਵਿਚ ਦੁਰਕਾਰੇ ਜਾ ਚੁੱਕੇ ਬਾਦਲ ਦਲੀਆ ਵੱਲੋ ਮੌਕਾਪ੍ਰਸਤੀ ਦੀ ਸੋਚ ਅਧੀਨ ਰਾਸ਼ਟਰਪਤੀ ਦੀਆਂ ਚੋਣਾਂ ਸਮੇ ਬਿਨ੍ਹਾਂ ਸ਼ਰਤ ਬੀਜੇਪੀ ਨੂੰ ਸਮਰਥਨ ਦੇਣ ਦੇ ਸਵਾਰਥੀ ਸੋਚ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਦੇ ਅਮਲਾਂ ਨੂੰ ਸਿੱਖ ਕੌਮ ਤੇ ਪੰਜਾਬ ਸੂਬੇ ਨਾਲ ਵੱਡਾ ਧੋਖਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਨ੍ਹਾਂ ਬਾਦਲ ਦਲੀਆ ਦਾ ਕੋਈ ਵੀ ਸਿਧਾਂਤ, ਅਸੂਲ ਜਾਂ ਨਿਯਮ ਨਹੀ ਹੈ । ਕੇਵਲ ਸਿਆਸੀ ਤਾਕਤ ਨੂੰ ਪ੍ਰਾਪਤ ਕਰਨ ਨੂੰ ਲੈਕੇ ਇਹ ਆਗੂ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਸਿੱਖ ਕੌਮ ਅਤੇ ਪੰਜਾਬ ਸੂਬੇ ਦੀ ਹੇਠੀ ਕਰਵਾ ਸਕਦੇ ਹਨ । ਜਿਵੇਕਿ ਅਕਸਰ ਹੀ ਆਪਣੇ ਮਾਲੀ ਅਤੇ ਸਿਆਸੀ ਸਵਾਰਥਾਂ ਦੀ ਪੂਰਤੀ ਅਧੀਨ ਲੰਮੇ ਸਮੇ ਤੋ ਕਰਦੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਆਗੂ ਕਦੀ ਵੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਦੇ ਵੱਡੇ ਮਸਲਿਆ ਨੂੰ ਹੱਲ ਕਰਨ ਲਈ ਨਾ ਤਾਂ ਸੰਜ਼ੀਦਾ ਹਨ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਹੋਣਗੇ । ਇਸ ਲਈ ਪੰਜਾਬ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਨਿਵਾਸੀਆ ਨੂੰ ਚਾਹੀਦਾ ਹੈ ਕਿ ਇਨ੍ਹਾਂ ਵੱਲੋ ਹੁਣ ਤੱਕ ਪੰਜਾਬ ਦੇ ਕੀਮਤੀ ਪਾਣੀਆ, ਬਿਜਲੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਯੂਨੀਵਰਸਿਟੀ, ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸ, ਫ਼ੌਜ ਵਿਚ ਸਿੱਖ ਕੌਮ ਦੀ 33% ਭਰਤੀ ਦਾ ਕੋਟਾ ਆਦਿ ਮਸਲਿਆ ਨੂੰ ਹੱਲ ਕਰਵਾਉਣ ਲਈ ਇਸ ਅਖੌਤੀ ਪੰਥਕ ਕਹਾਉਣ ਵਾਲੇ ਆਗੂਆ ਉਤੇ ਵਿਸਵਾਸ ਨਾ ਕਰਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਕੀਤੇ ਜਾ ਰਹੇ ਸੱਚ-ਹੱਕ ਦੀ ਪ੍ਰਾਪਤੀ ਵਾਲੇ ਸੰਘਰਸ਼ ਵਿਚ ਸਾਥ ਦੇਣ ਤਾਂ ਕਿ ਇਥੇ ਸਦਾ ਲਈ ਅਜਿਹੀਆ ਪੰਜਾਬ ਸੂਬੇ ਤੇ ਖ਼ਾਲਸਾ ਪੰਥ ਵਿਰੋਧੀ ਤਾਕਤਾਂ ਨੂੰ ਨਿਜਾਮੀ ਅਤੇ ਸਿਆਸੀ ਪ੍ਰਬੰਧ ਤੋ ਦੂਰ ਰੱਖਿਆ ਜਾ ਸਕੇ ਅਤੇ ਪੰਜਾਬ ਵਰਗੇ ਅਤਿ ਸੰਜ਼ੀਦਾ ਸਰਹੱਦੀ ਸੂਬੇ ਦੇ ਪ੍ਰਬੰਧ ਦੀ ਵਾਗਡੋਰ ਉਨ੍ਹਾਂ ਆਗੂਆ ਤੇ ਪਾਰਟੀ ਨੂੰ ਸੋਪੀ ਜਾ ਸਕੇ ਜੋ ਇਸਦੇ ਸਹੀ ਹੱਕਦਾਰ ਹਨ ਅਤੇ ਜਿਨ੍ਹਾਂ ਨੇ ਲੰਮੇ ਸਮੇ ਤੋ ਹੁਕਮਰਾਨਾਂ ਨਾਲ ਟੱਕਰ ਲਗਾਈ ਹੋਈ ਹੈ ਅਤੇ ਨਿਰੰਤਰ ਸੰਘਰਸ਼ ਕਰਦੇ ਆ ਰਹੇ ਹਨ ।