ਲੁਧਿਆਣਾ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖਰੇਖ ਹੇਠ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਦੀ ਸਾਲਾਨਾ ਰਾਜ ਪੱਧਰੀ ਇਕੱਤਰਤਾ ਤਿੰਨ ਫਰਵਰੀ ਨੂੰ ਕੈਰੋਂ ਕਿਸਾਨ ਘਰ ਵਿਖੇ ਹੋ ਰਹੀ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਸ਼ਾਮਿਲ ਹੋਣਗੇ ਜਦ ਕਿ ਸਮਾਗਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਕਰਨਗੇ। ਇਹ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ:ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਕਮਿਸ਼ਨਰ ਡਾ: ਗੁਰਬਚਨ ਸਿੰਘ ਵੀ ਇਸ ਇਕੱਤਰਤਾ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ।
ਇਸ ਇਕੱਤਰਤਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਸਾਨ ਕਲੱਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨੇ ਦੱਸਿਆ ਕਿ ਕੈਰੋਂ ਕਿਸਾਨ ਘਰ ਵਿੱਚ ਹੋਣ ਵਾਲੀ ਇਸ ਇਕੱਤਰਤਾ ਦਾ ਆਰੰਭ ਸਵੇਰੇ 10.00 ਵਜੇ ਹੋਵੇਗਾ ਜਿਸ ਵਿੱਚ ਅਗਾਂਹਵਧੂ ਕਿਸਾਨ ਅਤੇ ਕਿਸਾਨ ਬੀਬੀਆਂ ਆਪਣੀ ਵਿਕਸਤ ਖੇਤੀ ਦੀ ਪ੍ਰਦਰਸ਼ਨੀ ਲਗਾਉਣਗੀਆਂ। ਯੂਨੀਵਰਸਿਟੀ ਦੇ ਮਾਹਿਰ ਵੱਖ-ਵੱਖ ਸਮੱਸਿਆਵਾਂ ਬਾਰੇ ਇਸ ਇਕੱਤਰਤਾ ਵਿੱਚ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਥੇ ਕਿਸਾਨ ਭਰਾ ਮਾਸਕ ਪੱਤਰ ਚੰਗੀ ਖੇਤੀ ਅਤੇ ਹੋਰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦੇ ਚੰਦੇ ਵੀ ਜਮ੍ਹਾਂ ਕਰਵਾ ਸਕਣਗੇ।