ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਦੀ ਵਕਾਲਤ ਕਰਨ ਵਾਲੇ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਉੱਤੇ ਸਰਕਾਰ ਵੱਲੋਂ ਰੋਕ ਲਗਾਉਣ ਤੋਂ ਬਾਅਦ ਜਾਗੋ ਪਾਰਟੀ ਦਾ ਕਰੜਾ ਪ੍ਰਤਿਕਰਮ ਸਾਹਮਣੇ ਆਇਆ ਹੈ। ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਿਆ ਹੈ ਕਿ ਹੁਣ ਤੁਸੀਂ ਸਾਨੂੰ ‘ਹਾਅ ਦਾ ਨਾਅਰਾ’ ਵੀ ਨਹੀਂ ਲਾਉਣ ਦਿਓਂਗੇ ? ਜੀਕੇ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਨ ਵਾਲੀ ‘ਕਸ਼ਮੀਰ ਫਾਈਲਸ’ ਫਿਲਮ ਨੂੰ ਇਹ ਸਰਕਾਰਾਂ ਟੈਕਸ ਛੋਟ ਦਿੰਦਿਆਂ ਹਨ, ਪਰ ਸਾਨੂੰ ਸਾਡਾ ਦੁਖਾਂਤ ਦਸਣ ਤੋਂ ਰੋਕਿਆ ਜਾ ਰਿਹਾ ਹੈ। ਪਹਿਲਾਂ ਸਿੱਧੂ ਮੂਸੇਵਾਲੇ ਦੇ ਗੀਤ ਐਸ.ਵਾਈ.ਐਲ. ਅਤੇ ਪੰਜਾਬ ਪੱਖੀ ਕਈ ਟਵੀਟਰ ਖਾਤਿਆਂ ‘ਤੇ ਸਰਕਾਰ ਵੱਲੋਂ ਰੋਕ ਲਗਾਈ ਗਈ ਤੇ ਹੁਣ ਕੰਵਰ ਗਰੇਵਾਲ ਦੇ ਰਿਹਾਈ ਗੀਤ ਉਤੇ ਰੋਕ ਲਗਾਈ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚੇਤੇ ਰਖਣਾ ਚਾਹੀਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਅਤੇ ਸਿੱਖਾਂ ਨੂੰ ਇਹ ਦੁਖਾਂਤ ਦਿੱਤਾ ਹੈ। ਕਿਉਂਕਿ ਸਿੱਖ ਇੰਦਰਾਂ ਗਾਂਧੀ ਵੱਲੋਂ ਫਾਸ਼ੀਵਾਦੀ ਸੋਚ ਅਧੀਨ ਲਾਏ ਗਏ ਆਪਾਤਕਾਲ ਦੇ ਖਿਲਾਫ ਖੁੱਲ੍ਹ ਕੇ ਸੜਕਾਂ ‘ਤੇ ਨਿਤਰੇ ਸਨ। ਇੱਕ ਪਾਸੇ ਸਾਰਾ ਦੇਸ਼ ਆਪਣੀ ਆਜ਼ਾਦੀ ਦਾ 75ਵਾਂ ਦਿਹਾੜਾ ਮਨਾ ਰਿਹਾ ਹੋਵੇ ਤੇ ਦੂਜੇ ਪਾਸੇ ਪੰਜਾਬੀਆਂ ਦੀ ਸੋਚ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ।
ਜੀਕੇ ਨੇ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਖਿਚਵਾਂ ਰਹੇ ਸਿੱਖ ਆਗੂਆਂ ਬਾਰੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਇਹ ਸਲਾਹਕਾਰ ਕਿਉਂ ਸਰਕਾਰ ਦੀ ਹੇਠੀ ਕਰਵਾਉਣ ਆਲੇ ਪਾਸੇ ਤੁਰ ਰਹੇ ਹਨ ? ਜੇਕਰ ਭਾਰਤ ਦੇ ਸੰਵਿਧਾਨ ਤੇ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਨਾਲ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਈ ਮਿਲ ਸਕਦੀ ਹੈ, ਤਾਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨੂੰ ਹੀ ਜ਼ਬਰੀ ਕੁਚਲਣ ਲਈ ਸਰਕਾਰੀ ਤੰਤਰ ਨੂੰ ਕਿਉਂ ਉਕਸਾਇਆ ਜਾ ਰਿਹਾ ਹੈ? ਕੀ ਸਿੱਖ ਇਸ ਦੇਸ਼ ਦੇ ਸ਼ਹਿਰੀ ਨਹੀਂ ਹਨ ? ਆਖ਼ਰ ਕਿਉਂ ਇੰਦਰਾ ਗਾਂਧੀ ਦਾ ਫਾਸ਼ੀਵਾਦੀ ਫਾਰਮੂਲਾ ਸਿੱਖਾਂ ਖਿਲਾਫ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ? ਜੀਕੇ ਨੇ ਸਾਫ਼ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਕੁਚਲ ਕੇ ਸਰਕਾਰ ਸਿੱਖਾਂ ਨੂੰ ਆਪਣੇ ਤੋਂ ਦੂਰ ਕਰਨ ਦੀ ਗਲਤੀ ਕਰ ਰਹੀ ਹੈ। ਇਸ ਲਈ ਸਰਕਾਰ ਨੂੰ ਫਾਸ਼ੀਵਾਦੀ ਏਜੰਡੇ ਦੀ ਵਰਤੋਂ ਸਿੱਖਾਂ ਖਿਲਾਫ ਤੁਰੰਤ ਬੰਦ ਕਰਨੀ ਚਾਹੀਦੀ ਹੈ।