ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਰਾਮਗੜ੍ਹੀਆ ਸਹਿਕਾਰੀ ਬੈਂਕ ‘ਤੇ ਇਸਦੀ ਵਿਗੜਦੀ ਵਿੱਤੀ ਸਥਿਤੀ ਦੇ ਮੱਦੇਨਜ਼ਰ, 50,000 ਰੁਪਏ ਪ੍ਰਤੀ ਜਮ੍ਹਾਕਰਤਾ ਕਢਵਾਉਣ ਦੀ ਸੀਮਾ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਜਿਕਰਯੋਗ ਹੈ ਕਿ ਇਸ ਬੈੰਕ ਦੇ ਡਾਇਰੈਕਟਰ/ਮੈਂਬਰ ਗੁਰਚਰਨ ਸਿੰਘ ਗੱਤਕਾ ਮਾਸਟਰ, ਬਲਦੇਵ ਸਿੰਘ ਰਾਣੀ ਬਾਗ਼, ਬੀਬੀ ਰਣਜੀਤ ਕੌਰ, ਗੁਰਸ਼ਰਨ ਸਿੰਘ ਸੰਧੂ, ਸਤਪਾਲ ਸਿੰਘ, ਅਵਤਾਰ ਸਿੰਘ ਹਿੱਤ ਅਤੇ ਹੋਰ ਕਈ ਮੈਂਬਰ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਅਤੇ ਕੁਝ ਹੁਣ ਵੀਂ ਮੈਂਬਰ ਹਨ ।
ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਤਹਿਤ ਨਿਰਦੇਸ਼ ਜਾਰੀ ਕਰਦੇ ਹੋਏ, ਰਿਜ਼ਰਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਾਬੰਦੀਆਂ ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਲਾਗੂ ਹੋਈਆਂ ਅਤੇ ਛੇ ਮਹੀਨਿਆਂ ਤੱਕ ਲਾਗੂ ਰਹਿਣਗੀਆਂ।
ਹੁਣ ਬੈਂਕ ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਕਰਜ਼ਾ, ਨਿਵੇਸ਼ ਜਾਂ ਨਵੀਂ ਜਮ੍ਹਾਂ ਰਾਸ਼ੀ ਸਵੀਕਾਰ ਨਹੀਂ ਕਰ ਸਕਦਾ ਹੈ। ਆਰਬੀਆਈ ਨੇ ਕਿਹਾ ਕਿ ਸਾਰੇ ਬਚਤ ਬੈਂਕ ਜਾਂ ਚਾਲੂ ਖਾਤਿਆਂ ਜਾਂ ਜਮ੍ਹਾਕਰਤਾ ਦੇ ਕਿਸੇ ਹੋਰ ਖਾਤੇ ਵਿੱਚ ਕੁੱਲ ਬਕਾਇਆ ਦੇ 50,000 ਰੁਪਏ ਤੋਂ ਵੱਧ ਦੀ ਰਕਮ ਨੂੰ ਕਢਵਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ।
ਹਾਲਾਂਕਿ, ਆਰਬੀਆਈ ਨੇ ਕਿਹਾ ਕਿ ਰਾਮਗੜ੍ਹੀਆ ਸਹਿਕਾਰੀ ਬੈਂਕ ਨੂੰ ਦਿੱਤੀਆਂ ਗਈਆਂ ਇਨ੍ਹਾਂ ਹਦਾਇਤਾਂ ਨੂੰ ਆਰਬੀਆਈ ਦੁਆਰਾ ਬੈਂਕਿੰਗ ਲਾਇਸੈਂਸ ਰੱਦ ਕਰਨ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ। ਬੈਂਕ ਨਿਰਦੇਸ਼ਾਂ ਵਿੱਚ ਨਿਰਧਾਰਤ ਪਾਬੰਦੀਆਂ ਦੇ ਅਧੀਨ ਬੈਂਕਿੰਗ ਕਾਰੋਬਾਰ ਨੂੰ ਜਾਰੀ ਰੱਖੇਗਾ ਜਦੋਂ ਤੱਕ ਉਸਦੀ ਵਿੱਤੀ ਸਥਿਤੀ ਵਿੱਚ ਸੁਧਾਰ ਨਹੀਂ ਹੋ ਜਾਂਦਾ। ਰਿਜ਼ਰਵ ਬੈਂਕ ਨੇ ਅੱਗੇ ਕਿਹਾ ਕਿ ਉਹ ਹਾਲਾਤ ਦੇ ਆਧਾਰ ‘ਤੇ ਨਿਰਦੇਸ਼ਾਂ ਨੂੰ ਸੋਧਣ ‘ਤੇ ਵਿਚਾਰ ਕਰ ਸਕਦਾ ਹੈ।