ਰੋਪੜ,(ਉਮੇਸ਼ ਜੋਸ਼ੀ ) – ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਯਤਨਾਂ ਸਦਕਾ ਰੇਲਵੇ ਨੇ ਨਿਊ ਮੋਰਿੰਡਾ ਰੇਲਵੇ ਸਟੇਸ਼ਨ ‘ਤੇ ਦੋ ਰੇਲ ਗੱਡੀਆਂ ਦੇ ਰੁਕਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇੱਥੋਂ ਜਾਰੀ ਇੱਕ ਬਿਆਨ ਵਿੱਚ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਰੇਲਵੇ ਨੇ ਚੰਡੀਗੜ੍ਹ-ਅੰਮ੍ਰਿਤਸਰ ਐਕਸਪ੍ਰੈਸ ਅਤੇ ਡਾ. ਅੰਬੇਡਕਰ ਨਗਰ-ਅੰਮ੍ਰਿਤਸਰ ਐਕਸਪ੍ਰੈਸ ਨੂੰ ਨਿਊ ਮੋਰਿੰਡਾ ਰੇਲਵੇ ਸਟੇਸ਼ਨ ‘ਤੇ ਰੁਕਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਨਾਲ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ, ਜਿਸ ਲਈ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਜਿਕਰਯੋਗ ਹੈ ਕਿ ਸੰਸਦ ਮੈਂਬਰ ਤਿਵਾੜੀ ਦੇ ਯਤਨਾਂ ਸਦਕਾ ਹਾਲ ਹੀ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਗ੍ਰੀਨਫੀਲਡ ਪ੍ਰੋਜੈਕਟ ਤਹਿਤ ਐਕੁਆਇਰ ਕੀਤੀ ਜ਼ਮੀਨ ਦਾ ਚਾਰ ਗੁਣਾ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦੇਣ ਦੀ ਹਾਮੀ ਭਰੀ ਸੀ ਅਤੇ ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਸੀ। ਐਮ.ਪੀ ਤਿਵਾੜੀ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਲਈ ਸਮੇਂ-ਸਮੇਂ ‘ਤੇ ਐਮ.ਪੀ ਕੋਟੇ ਤੋਂ ਗ੍ਰਾਂਟਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਲੋਕ ਹਿੱਤ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਕਰਨਾ ਹੈ।