ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਚਲਾ ਰਹੇ ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਚ ਮੈਮੋਗ੍ਰਾਫੀ ਮਸ਼ੀਨ ਦਾ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਕੀਤਾ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਸ. ਭੁਪਿੰਦਰ ਸਿੰਘ ਭੁੱਲਰ
ਚੇਅਰਮੈਨ ਗੁਰੂ ਹਰਿਕ੍ਰਿਸ਼ਨ ਪੌਲੀਕਲੀਨਿਕ ਗੁਰਦੁਆਰਾ ਬੰਗਲਾ ਸਾਹਿਬ ਨੇ ਦੱਸਿਆ ਕਿ ਇਹ ਮੈਮੋਗ੍ਰਾਫੀ ਮਸ਼ੀਨ ਬਰੈਸਟ ਕੈਂਸਰ ਦੀ ਜਾਂਚ ਲਈ ਟੈਸਟ ਕਰਦੀ ਹੈ। ਉਹਨਾਂ ਕਿਹਾ ਕਿ ਇਸ ਮਸ਼ੀਨ ਦੇ ਲੱਗਣ ਨਾਲ ਦਿੱਲੀ ਵਿਚ ਮਾਵਾਂ ਤੇ ਭੈਣਾਂ ਨੁੰ ਵੱਡੀ ਸਹੂਲਤ ਮਿਲ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੈਮੋਗ੍ਰਾਫੀ ਟੈਸਟ ਦੀ ਫੀਸ ਬਜ਼ਾਰ ਨਾਲੋਂ ਕਿਤੇ ਘੱਟ ਹੋਵੇਗੀ ਤੇ ਜਲਦੀ ਹੀ ਫੀਸ ਤੈਅ ਕਰ ਲਈ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸੈਂਟਰ ਵਿਚ ਡੇਢ ਸਾਲ ਪਹਿਲਾਂ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ ਜਿਥੇ ਟੈਸਟ 50 ਰੁਪਏ ਦਾ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 22 ਹਜ਼ਾਰ ਲੋਕ ਇਸਦਾ ਲਾਭ ਲੈ ਚੁੱਕੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਇਹ ਪੋਲੀਕਲੀਨਿਕ ਚਲਾਉਣ ਵਿਚ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਵੱਡਾ ਹੱਥ ਹੈ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਤੇ ਸਰਦਾਰ ਭੁੱਲਰ ਨੇ ਦਿੱਲੀ ਦੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਜਿਹਨਾਂ ਦੇ ਸਹਿਯੋਗ ਨਾਲ ਇਹ ਮਸ਼ੀਨਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਤੇ ਇਹ ਪੋਲੀਕਲੀਨਿਕ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਸਿਰਫ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਸਭ ਤੋਂ ਸਸਤਾ ਪੋਲੀਕਲੀਨਿਕ ਹੈ।
ਉਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਇਥੇ ਅਤਿ ਆਧੁਨਿਕ ਲੈਬ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਅਤਿ ਆਧੁਨਿਕ ਮਸ਼ੀਨਾਂ ਲਗਾ ਕੇ ਲੋਕਾਂ ਨੂੰ ਹੋਰ ਟੈਸਟਾਂ ਦੀ ਸਹੂਲਤ ਦਿੱਤੀ ਜਾਵੇਗੀ।