ਨਵੀਂ ਦਿੱਲੀ - ਸਾਬਕਾ ਰਾਜਸਭਾ ਮੈਂਬਰ ਤਰਲੋਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ ਦੀ ਮੰਗ ਨੂੰ ਲੈਕੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਤਰਲੋਚਨ ਸਿੰਘ ਵੱਲੋਂ ਹਰ ਵੇਲੇ ਸਿੱਖ ਸਿਧਾਂਤਾਂ ਤੇ ਭਾਵਨਾਵਾਂ ਨੂੰ ਟਿੱਚ ਸਮਝਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਦਿੱਲੀ ਕਮੇਟੀ ਦੇ ਅਦਾਰਿਆਂ ਦੇ ਅਹੁਦਿਆਂ ਤੋਂ ਫ਼ਾਰਗ਼ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਤਰਲੋਚਨ ਸਿੰਘ ਦਾ ਸ਼ੁਕਰਵਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਟੇਜ ਤੋਂ ਤਕਰੀਰ ਕਰਨ ਦੌਰਾਨ ‘ਕੜਾ’ ਨਾ ਪਾਉਣ ਕਰਕੇ ਸਤਨਾਮ ਸਿੰਘ ਨੇ ਵਿਰੋਧ ਕੀਤਾ ਸੀ। ਤਰਲੋਚਨ ਸਿੰਘ ਨੂੰ ਜਦੋਂ ਇਸ ਬਾਬਤ ਸਤਨਾਮ ਸਿੰਘ ਨੇ ਪੁੱਛਿਆ ਸੀ ਤਾਂ ਉਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ ਸੀ। ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਪੱਤਰ ਦੀ ਕਾਪੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਭੇਜੀ ਗਈ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੀ ਸਟੇਜ ਨੂੰ ਸਿੱਖ ਰਹਿਤ ਮਰਿਆਦਾ ਤੋਂ ਦੂਰ ਬੁਲਾਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਕਰਨ ਦੀ ਬੇਨਤੀ ਵਿਸੇ਼ ਉੱਤੇ ਲਿਖੇ ਗਏ ਪੱਤਰ ਅਨੁਸਾਰ ਸਤਨਾਮ ਸਿੰਘ ਨੇ ਜਥੇਦਾਰ ਨੂੰ ਦਸਿਆ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਤਰਲੋਚਨ ਸਿੰਘ ਨੇ ਬਿਨਾਂ ‘ਕੜਾ’ ਪਾਏ ਸਟੇਜ ਤੋਂ ਤਕਰੀਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਜਿਸ ਕਰਕੇ ਦਾਸ ਨੇ ਇਸ ਬਾਬਤ ਜਦੋਂ ਤਰਲੋਚਨ ਸਿੰਘ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਢੁੱਕਵਾਂ ਜਵਾਬ ਨਹੀਂ ਸੀ। ਇਸ ਦੇ ਨਾਲ ਹੀ ਸਰਦਾਰ ਤਰਲੋਚਨ ਸਿੰਘ ਨੇ ਸਿੱਖਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਦਿੱਤੇ ਜਾਂਦੇ ਵਿਚਾਰਾਂ ਉਤੇ ਲਗਾਮ ਲਗਾਉਣ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ। ਇਹ ਦੋਵੇਂ ਗੱਲਾਂ ਠੀਕ ਨਹੀਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਸਮੂਹ ਗੁਰਦੁਆਰਾ ਪ੍ਰਬੰਧਕਾਂ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਹੈ। ਤਰਲੋਚਨ ਸਿੰਘ ਦਿੱਲੀ ਕਮੇਟੀ ਨਾਲ ਸੰਬੰਧਿਤ 2 ਅਦਾਰਿਆਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ੳਤੇ ਇੰਟਰਨੈਸ਼ਨਲ ਸੈਂਟਰ ਫਾਰ ਸਟੱਡੀਜ ਦੇ ਚੇਅਰਮੈਨ ਹਨ, ਪਰ ਉਨ੍ਹਾਂ ਵੱਲੋਂ ਅੰਮ੍ਰਿਤ ਛਕਣਾ ਤਾਂ ਦੂਰ ਇਹ ਕੜਾ ਪਾਉਣ ਤੋਂ ਵੀ ਇਨਕਾਰੀ ਹਨ।
ਸਿੰਘ ਸਾਹਿਬ ਜੀ, ਆਪ ਜੀ ਜਾਣਦੇ ਹੋ ਕਿ ਕਿਸਾਨ ਅੰਦੋਲਨ ਦੀ ਸਾਰੀ ਵੈਚਾਰਿਕ ਲੜਾਈ ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਨੇ ਬੜੀ ਸ਼ਿੱਦਤ ਤੇ ਦਿਲੇਰੀ ਨਾਲ ਲੜੀ ਸੀ ਤੇ ਜਿਸ ਕਰਕੇ ਸਮੂਹ ਪੰਜਾਬੀਆਂ ਵਿੱਚ ਏਕਤਾ ਤੇ ਇਤਫ਼ਾਕ ਵਧਿਆ ਸੀ। ਅੱਜ ਟਾਈਮਜ਼ ਆਫ ਇੰਡੀਆ ਵਰਗਾ ਮੀਡੀਆ ਅਦਾਰਾ ਇਹ ਲਿਖ ਰਿਹਾ ਹੈ ਕਿ “ਗੈਰ ਸੰਗਠਿਤ ਤੌਰ ‘ਤੇ ਇੰਟਰਨੈੱਟ ਇਸਤੇਮਾਲ ਕਰਨ ਵਾਲੇ ਪੰਜਾਬੀ ਸਰਕਾਰ ਦੇ ਖਿਲਾਫ ਪੱਕੇ ਵਿਰੋਧੀ ਧਿਰ ਦਾ ਰੂਪ ਧਾਰਨ ਕਰ ਚੁੱਕੇ ਹਨ।” ਜਿਸ ਕਰਕੇ ਸਰਕਾਰ ਪਰੇਸ਼ਾਨ ਵੀ ਹੈ ਅਤੇ ਇਸ ਕਰਕੇ ਹੀ ਸਿੱਧੂ ਮੂਸੇਵਾਲੇ ਤੇ ਕੰਵਰ ਗਰੇਵਾਲ ਦੇ ਗੀਤਾਂ ਨੂੰ ਸਰਕਾਰੀ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਟਵੀਟਰ ਅਕਾਊਂਟ ਸਰਕਾਰ ਨੇ ਬੰਦ ਕਰ ਦਿੱਤੇ ਹਨ। ਇਸ ਕਰਕੇ ਸਰਦਾਰ ਤਰਲੋਚਨ ਸਿੰਘ ਦਾ ਬਿਆਨ ਸਰਕਾਰੀ ਬੋਲੀ ਬੋਲਣ ਵਰਗਾ ਹੈ। ਇਹ ਵੀ ਉਸ ਸਥਾਨ ਤੋਂ ਜਿਥੋਂ ‘ਨਿਰਭਉ’ ਤੇ ‘ਨਿਰਵੈਰ’ ਹੋਣ ਦਾ ਹੋਕਾ ਦਿੱਤਾ ਜਾਂਦਾ ਹੈ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਸਰਦਾਰ ਤਰਲੋਚਨ ਸਿੰਘ ਵਰਗੇ ਸਰਕਾਰੀ ਚਾਪਲੂਸ ਤੇ ਸਿੱਖ ਕਦਰਾਂ ਕੀਮਤਾਂ ਤੋਂ ਭਗੌੜੇ ਇਨਸਾਨ ਨੂੰ ਪੰਥਕ ਸਟੇਜਾਂ ਤੋਂ ਦੂਰ ਰੱਖਿਆ ਜਾਵੇ ਤੇ ਚੇਅਰਮੈਨੀਆਂ ਤੋਂ ਵੀ ਲਾਂਭੇ ਕੀਤਾ ਜਾਵੇ। ਇਸ ਲਈ ਆਪ ਜੀ ਨੂੰ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।