ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਤੇ ਹੋ ਰਹੇ ਚੋਤਰਫ਼ਾ ਹਮਲਿਆ ਵਿਚ ਸਿੱਖਾਂ ਵਲੋਂ ਇਹ ਲੜ੍ਹਾਈ ਕਿਵੇਂ ਲੜ੍ਹੀ ਜਾਵੇ ਦੇ ਹਾਲਾਤਾਂ ਤੇ ਜਿਕਰ ਕਰਦਿਆਂ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਅਜ ਦੇ ਸਮੇਂ ਵਿਚ ਸਿੱਖ ਕੌਮ ਨੂੰ ਜਿਵੇਂ ਚੌਤਰਫਾ ਹਮਲਿਆਂ ਦਾ ਸਾਹਮਣਾ ਹੈ, ਅਸੀਂ ‘ਡੀਫੈਂਸਿਵ’ ਲੜਾਈ ਲੜ੍ਹ ਕੇ ਇਹਨਾਂ ਨੂੰ ਮਾਤ ਨਹੀਂ ਦੇ ਸਕਾਂਗੇ । ਸਾਡੀ ਅਸਲ ਲੜਾਈ ਤਾਂ ਆਪਣੇ ਆਜ਼ਾਦ ਦੇਸ਼, ਲਈ ਹੈ, ਤੇ ਇਸ ਵਿੱਚ ਹੀ ਸਾਰੀਆਂ ਸਮਸਿਆਵਾਂ ਦਾ ਹੱਲ ਹੈ । ਪਰ ਲੜ੍ਹਨਾ ਸਾਨੂੰ ਹਰ ਦੁਸ਼ਮਣ ਨਾਲ ਤੇ ਹਰ ਕਦਮ ਉਤੇ ਪੈਣਾ ਹੈ ।ਉਨ੍ਹਾਂ ਕਿਹਾ ਕਿ ਸਾਡੀ ਲੜਾਈ ਦਾ ਅੰਦਾਜ਼ ‘ਡੀਫੈਂਸਿਵ’ ਨਹੀਂ, ‘ਅਗਰੈਸਿਵ’ ਹੋਣਾ ਚਾਹੀਦਾ ਹੈ, ਤਾਂ ਅਸੀਂ ਅੱਧੀ ਲੜਾਈ ਪਹਿਲੇ ਹੱਲੇ ਵਿੱਚ ਹੀ ਜਿੱਤ ਜਾਵਾਂਗੇ । ਜੇਕਰ ਅਸੀਂ ਅਗਰ ‘ਡੀਫੈਂਸਿਵ’ ਰਹਾਂਗੇ ਤਾਂ ਦੁਸ਼ਮਣ ਸਾਡੇ ਸਿਰ ਉਤੇ ਸਵਾਰ ਰਹੇਗਾ, ਅਗਰ ‘ਅਗਰੈਸਿਵ’ ਹੋਵਾਂਗੇ ਤਾਂ ਅਸੀਂ ਦੁਸ਼ਮਣ ਦੇ ਸਿਰ ਉਤੇ ਸਵਾਰ ਹੋਵਾਂਗੇ । ਉਨ੍ਹਾਂ ਕਿਹਾ ਕਿ ਇੱਕ ਗੱਲ ਸਪਸ਼ਟ ਕਰਦਾ ਚੱਲਾਂ, ‘ਅਗਰੈਸਿਵ’ ਹੋਣ ਦਾ ਮਤਲਬ ‘ਵਾਇਲੈਂਟ’ ਹੋਣਾ ਹੀ ਨਹੀਂ ਹੁੰਦਾ, ਇਹ ਇੱਕ ਰਵਈਏ ਦੀ ਗੱਲ ਹੈ । ਜ਼ਾਤੀ ਜ਼ਿੰਦਗੀ ਵਿੱਚ ਬਰਦਾਸ਼ਤ ਦਾ ਮਾਦਾ ਹੋਣਾ ਬਹੁਤ ਸ਼ਲਾਘਾਯੋਗ ਹੁੰਦਾ ਹੈ, ਪਰ ਕੌਮੀ ਮਸਲਿਆਂ ਉਤੇ ਬਰਦਾਸ਼ਤ ਦਾ ਮਾਦਾ ਦਿਖਾਣਾ ਬਹੁਤ ਮਹਿੰਗਾ ਪੈ ਜਾਂਦਾ ਹੈ । ਸਾਡੀ ਬਰਦਾਸ਼ਤ ਸਾਡੀ ਕਮਜ਼ੋਰੀ ਬਣ ਜਾਂਦੀ ਹੈ, ਤੇ ਦੁਸ਼ਮਣ ਧਿਰਾਂ ਸਾਡੇ ਸਿਰ ਸਵਾਰ ਹੋ ਜਾਂਦੀਆਂ ਨੇ । ਸੋ ਪੰਥ ਖਾਲਸਾ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਕੌਮੀ ਮਸਲਿਆਂ ਉਤੇ ਬਰਦਾਸ਼ਤ ਕਰਨ ਦੀ ਆਦਤ ਛੱਡੋ । ਹਾਕਮਾਂ ਤੋਂ ਕਦੇ ਡਰੇ ਡਰੇ ਨਾ ਰਹੋ, ਤੇ ਹੱਥ ਬੰਨ੍ਹ ਕੇ ਕਦੇ ਕੁੱਝ ਨਾ ਮੰਗੋ । ਸਵੈਮਾਣ ਦਾ ਸੌਦਾ ਕਿਸੇ ਹਾਲਤ ਵਿੱਚ ਨਾ ਕਰੋ । ਆਜ਼ਾਦੀ ਮਿਲਣ ਤੱਕ ਸੰਘਰਸ਼ ਨੂੰ ਆਪਣੀ ਪਹਿਚਾਣ ਸਮਝੋ, ਤੇੇ ਇਸ ਪਹਿਚਾਣ ਉਤੇ ਮਾਣ ਕਰੋ । ਛੇਤੀ ਨਤੀਜਿਆਂ ਦੀ ਆਸ ਨਾ ਕਰੋ, ਪਰ ਜਿੱਤ ਉਤੇ ਦ੍ਰਿੜ ਯਕੀਨ ਰੱਖੋ । ਅੰਤ ਵਿਚ ਉਨ੍ਹਾਂ ਕਿਹਾ ਕਿ ਕੀਮਤ ਅਦਾ ਕਰਨ ਬਾਰੇ ਬਹੁਤਾ ਸੋਚਾਂਗੇ, ਤਾਂ ਕੋਈ ਲੜਾਈ ਲੜ੍ਹ ਹੀ ਨਹੀਂ ਸਕਾਂਗੇ । ‘ਅਗਰੈਸਿਵ’ ਰਹਾਂਗੇ ਤਾਂ ਜਿੱਤਾਂਗੇ, ਜਾਂ ਫਿਰ ਸ਼ਹੀਦ ਹੋਵਾਂਗੇ, ਅਤੇ ਦੋਹਾਂ ਹਾਲਤਾਂ ਵਿੱਚ ਚੜ੍ਹਦੀ ਕਲਾ ਸਾਡੀ ਹੀ ਹੋਵੇਗੀ ।
ਸਿੱਖ ਪੰਥ ਨੂੰ ਚਲ ਰਹੇ ਮੌਜੂਦਾ ਹਾਲਾਤਾਂ ਵਿਚ ਲੜਾਈ ਦਾ ਅੰਦਾਜ਼ ‘ਡੀਫੈਂਸਿਵ’ ਨਹੀਂ, ‘ਅਗਰੈਸਿਵ’ ਰੱਖਣ ਦੀ ਲੋੜ: ਗਜਿੰਦਰ ਸਿੰਘ, ਦਲ ਖਾਲਸਾ
This entry was posted in ਪੰਜਾਬ.