ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਮਹਿੰਗਾਈ ਨੇ ਹਰ ਕਿਸੇ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਤਨਖਾਹਾਂ ਦਾ ਸਥਿਰ ਰਹਿਣਾ ਜਾਂ ਕਟੌਤੀ ਹੋਣਾ, ਹਾਲਾਤਾਂ ਨੂੰ ਹੋਰ ਪੇਚੀਦਾ ਬਣਾਉਂਦਾ ਹੈ। ਤਨਖਾਹ ਵਾਧੇ ਦੇ ਸੰਬੰਧ ਵਿੱਚ ਯੂਕੇ ਭਰ ਵਿੱਚ 40,000 ਤੋਂ ਵੱਧ ਰੇਲ ਕਰਮਚਾਰੀ 24-ਘੰਟੇ ਹੜਤਾਲਾਂ ਦੀ ਤਾਜ਼ਾ ਲੜੀ ਵਿੱਚ ਪਹਿਲੀ ਵਾਰ ਹੜਤਾਲ ਅੱਜ ਸ਼ੁਰੂ ਕਰਨ ਵਾਲੇ ਹਨ। ਨੈੱਟਵਰਕ ਰੇਲ ਲਈ ਕੰਮ ਕਰ ਰਹੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਹੜਤਾਲ ਵਿੱਚ ਸਕਾਟਰੇਲ ਸਟਾਫ ਸ਼ਾਮਲ ਨਹੀਂ ਹੈ, ਪਰ ਇਸਦਾ ਮਤਲਬ ਹੈ ਕਿ ਸਕਾਟਲੈਂਡ ਵਿੱਚ 9% ਤੋਂ ਘੱਟ ਆਮ ਸੇਵਾਵਾਂ ਹੀ ਕੰਮ ਕਰਨਗੀਆਂ। ਨੈੱਟਵਰਕ ਰੇਲ ਸਟਾਫ਼ ਅਤੇ 14 ਰੇਲ ਓਪਰੇਟਿੰਗ ਕੰਪਨੀਆਂ ਦੁਆਰਾ ਵਾਕਆਊਟ ਤਨਖਾਹ ਅਤੇ ਨੌਕਰੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
27 ਜੁਲਾਈ (ਬੁੱਧਵਾਰ) ਤੋਂ ਬਾਅਦ ਲੜੀਵਾਰ ਹੜਤਾਲ ਤਹਿਤ 30 ਜੁਲਾਈ (ਸ਼ਨੀਵਾਰ) ਨੂੰ ਵੀ ਯੂਕੇ ਵਿੱਚ ਹਜ਼ਾਰਾਂ ਸੇਵਾਵਾਂ ਨੂੰ ਰੋਕਣ ਦਾ ਐਲਾਨ ਕੀਤਾ ਹੋਇਆ ਹੈ। 30 ਜੁਲਾਈ ਨੂੰ ਹੋਣ ਵਾਲੀ ਹੜਤਾਲ ਵਿੱਚ ਵੀ 7 ਕੰਪਨੀਆਂ ਦੇ 5500 ਰੇਲ ਡਰਾਈਵਰ ਹਿੱਸਾ ਲੈਣਗੇ। ਹਾਲਾਂਕਿ ਇਸ ਦਿਨ ਕਾਮਨਵੈਲਥ ਖੇਡਾਂ ਅਤੇ ਇੰਗਲਿਸ਼ ਫੁੱਟਬਾਲ ਲੀਗ ਸੈਸ਼ਨ ਦਾ ਪਹਿਲਾ ਦਿਨ ਹੈ, ਇਸ ਹੜਤਾਲ ਕਾਰਨ ਆਮ ਲੋਕ ਵੱਡੀ ਪੱਧਰ ‘ਤੇ ਪ੍ਰੇਸ਼ਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਰੇਲ ਕੰਪਨੀਆਂ ਵੱਲੋਂ ਹੋਣ ਵਾਲੀ ਪ੍ਰੇਸ਼ਾਨੀ ਦੀ ਅਗਾਊਂ ਚੇਤਾਵਨੀ ਦਿੰਦਿਆਂ ਯਾਤਰੀਆਂ ਨੂੰ ਹੜਤਾਲ ਵਾਲੇ ਦਿਨਾਂ ਵਿੱਚ ਬਦਲਵੇਂ ਸਾਧਨ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਸਕਾਟਲੈਂਡ: 40000 ਤੋਂ ਵਧੇਰੇ ਰੇਲ ਕਰਮਚਾਰੀ ਕਰਨਗੇ ਰੇਲਾਂ ਦਾ ਚੱਕਾ ਜਾਮ
This entry was posted in ਅੰਤਰਰਾਸ਼ਟਰੀ.