ਪੰਜਾਬੀ ਲੋਕ ਬੋਲੀ ‘ ਲੈ ਜਾ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ, ਕਿਸੇ ਕੋਲ ਗੱਲ ਨਾ ਕਰੀਂ’ ਮਰਦ ਅਤੇ ਔਰਤ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਦਿਹਾਤੀ ਔਰਤਾਂ ਦਾ ਸਰਵੋਤਮ ਗਹਿਣਾ ਪਿੱਪਲ ਪੱਤੀਆਂ ਰਿਹਾ ਹੈ। ਪਿੱਪਲ ਪੱਤੀਆਂ ਸਿਰਫ ਪਿੱਪਲ ਦੇ ਰੁੱਖ ਦੇ ਪੱਤਿਆਂ ਤੱਕ ਹੀ ਸੀਮਤ ਨਹੀਂ ਸਗੋਂ ਪਿੱਪਲ ਪੱਤੀਆਂ ਸਾਡੇ ਦਿਹਾਤੀ ਸਭਿਅਚਾਰ ਦਾ ਅੰਗ ਅਤੇ ਗਹਿਣਿਆਂ ਦਾ ਪ੍ਰਤੀਕ ਵੀ ਹਨ। ਗੁਰਭਜਨ ਸਿੰਘ ਗਿੱਲ ਦਾ ‘ਪਿੱਪਲ ਪੱਤੀਆਂ’ ਗੀਤ ਸੰਗ੍ਰਹਿ ਲੋਕ ਬੋਲੀ ਦੀ ਤਰ੍ਹਾਂ ਕਿਸੇ ਕੋਲ ਗੱਲ ਕਰਨ ਤੋਂ ਰੋਕਦਾ ਨਹੀਂ ਸਗੋਂ ਇਹ ਗੀਤ ਸੰਗ੍ਰਹਿ ਪੰਜਾਬੀਆਂ ਨੂੰ ਖੁਲ੍ਹ ਕੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਪ੍ਰੇਰਨਾ ਦਿੰਦਾ ਹੈ। ਸਾਹਿਤਕ ਤੁਣਕਿਆਂ ਨਾਲ ਆਰਾਂ ਮਾਰਕੇ ਉਨ੍ਹਾਂ ਨੂੰ ਸੁਜੱਗ ਹੋਣ ਲਈ ਕਮਰਕੱਸੇ ਕਸਣ ਲਈ ਉਤਸ਼ਾਹਤ ਕਰਦਾ ਹੈ। ਗੀਤ ਸੰਗ੍ਰਹਿ ਦੇ ਨਾਮ ‘ਪਿੱਪਲ ਪੱਤੀਆਂ’ ਤੋਂ ਹੀ ਗੀਤਕਾਰ ਦੀ ਭਾਵਨਾ ਦਾ ਪਤਾ ਲੱਗਦਾ ਹੈ ਕਿ ਉਹ ਪੰਜਾਬੀ ਵਿਰਾਸਤ ਅਤੇ ਪੇਂਡੂ ਸਭਿਅਚਾਰ ਨਾਲ ਕਿਤਨਾ ਗੜੂੰਦ ਹੈ। ਪਿੱਪਲ ਦੇ ਪੱਤਿਆਂ ਦੀ ਖੜ ਖੜ ਮਨੁੱਖੀ ਮਾਨਸਿਕਤਾ ਨੂੰ ਸਰੋਦੀ ਸੁਰਾਂ ਵਿੱਚ ਤਬਦੀਲ ਕਰ ਦਿੰਦੀ ਹੈ ਕਿਉਂਕਿ ਸੰਗੀਤ ਮਾਨਵਤਾ ਦੀ ਰੂਹ ਦਾ ਖੁਰਾਕ ਹੁੰਦੀ ਹੋਈ ਸਕੂਨ ਦਿੰਦੀ ਹੈ। ਮਰਦ, ਔਰਤ ਦੀ ਗਹਿਣਿਆਂ ਦੀ ਕਮਜ਼ੋਰੀ ਨੂੰ ਸਮਝਦਾ ਹੋਇਆ ਉਸਦੀ ਮਾਨਸਿਕ ਭੁੱਖ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਗਹਿਣੇ ਸਾਡੇ ਵਿਰਾਸਤੀ ਸਭਿਅਚਾਰ ਦਾ ਅਟੁੱਟ ਅੰਗ ਹਨ। ਭਾਵ ਇਹ ਗੀਤ ਸਾਡੇ ਵਿਰਾਸਤੀ ਗਹਿਣੇ ਹਨ। ਗੁਰਭਜਨ ਗਿੱਲ ਪੰਜਾਬੀ ਦਾ ਸੰਗੀਤਕ ਤੇ ਸਰੋਦੀ ਲੋਕ ਕਵੀ ਹੈ। ਉਹ ਬਹੁਪਰਤੀ ਅਤੇ ਬਹੁਰੰਗੀ ਕਵੀ ਹੈ। ਕਵਿਤਾ ਅਤੇ ਗੀਤ ਉਸਦੀ ਰੂਹ ਦੀ ਖੁਰਾਕ ਹਨ। ਗੀਤ ਇਨਸਾਨੀ ਭਾਵਨਾਵਾਂ ਨੂੰ ਲੋਕ ਬੋਲੀ ਵਿੱਚ ਲਿਖਣ ਦਾ ਸਾਹਿਤਕ ਰੂਪ ਹੁੰਦਾ ਹੈ। ਗੁਰਭਜਨ ਗਿੱਲ ਮੁਢਲੇ ਤੌਰ ‘ਤੇ ਸਮਾਜਿਕ ਸਰੋਕਾਰਾਂ ਦਾ ਲੋਕ ਕਵੀ ਹੈ। ਉਨ੍ਹਾਂ ਦੀਆਂ ਲਗਪਗ ਦੋ ਦਰਜਨ ਕਵਿਤਾ ਅਤੇ ਗ਼ਜ਼ਲਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦਾ ਇੱਕ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ’ ਪਹਿਲਾਂ ਹੀ ਪ੍ਰਕਾਸ਼ਤ ਹੋ ਚੁੱਕਾ ਹੈ। ‘ਪਿੱਪਲ ਪੱਤੀਆਂ’ ਉਨ੍ਹਾਂ ਦਾ ਦੂਜਾ ਗੀਤ ਸੰਗ੍ਰਹਿ ਹੈ। ਇਸ ਗੀਤ ਸੰਗ੍ਰਹਿ ਵਿੱਚ 81 ਗੀਤਾਂ ਅਤੇ ਦੋ ਟੱਪਿਆਂ ਦੇ ਪੰਨੇ ਹਨ। ਪਿੱਪਲ ਪੱਤੀਆਂ ਦੇ ਗੀਤਾਂ ਦੀਆਂ ਰੰਗ ਬਿਰੰਗੀਆਂ ਵੰਨਗੀਆਂ ਇਨਸਾਨੀ ਮਨਾਂ ਵਿੱਚ ਅਨੇਕਾਂ ਰੌਸ਼ਨੀਆਂ ਪੈਦਾ ਕਰਦੀਆਂ ਹਨ, ਜਿਹੜੀਆਂ ਮਨੁੱਖੀ ਮਾਨਸਿਕਤਾ ਨੂੰ ਚੁੰਧਿਆਉਂਦੀਆਂ ਹੀ ਨਹੀਂ ਸਗੋਂ ਦਿਲ ਅਤੇ ਦਿਮਾਗ ਨੂੰ ਰੌਸ਼ਨ ਵੀ ਕਰਦੀਆਂ ਹਨ। ਇਹ ਰੌਸ਼ਨੀ ਗੀਤਕਾਰ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ। ਪਿੱਪਲ ਪੱਤੀਆਂ ਵਿਚਲੇ ਗੀਤ, ਗੀਤਕਾਰ ਦੇ ਸੁੱਤੇ ਪਏ ਆਲਸੀ ਸਮਾਜ ਨੂੰ ਜਾਗ੍ਰਤ ਕਰਨ ਦਾ ਯੋਗਦਾਨ ਪਾਉਂਦੇ ਹਨ। ਗੀਤਕਾਰ ਦੇ ਹਰ ਗੀਤ ਵਿੱਚ ਸਿੱਧੇ ਜਾਂ ਅਸਿਧੇ ਢੰਗ ਨਾਲ ਸਮਾਜ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਟਕੋਰਾਂ ਲਾਈਆਂ ਹੁੰਦੀਆਂ ਹਨ ਤਾਂ ਜੋ ਲੋਕਾਈ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਪੰਜਾਬ ਵਿੱਚ ਰਾਜਨੀਤਕ, ਸਮਾਜਿਕ, ਸਭਿਆਚਾਰਿਕ, ਆਰਥਿਕ ਅਤੇ ਪਰਿਵਾਰਿਕ ਵਾਪਰ ਰਹੀਆਂ ਵਿਸੰਗਤੀਆਂ ਕੋਮਲ ਦਿਲ ਸਾਹਿਤਕ ਪ੍ਰਵਿਰਤੀ ਵਾਲੇ ਗੀਤਕਾਰ ਗੁਰਭਜਨ ਗਿੱਲ ‘ਤੇ ਗਹਿਰਾ ਪ੍ਰਭਾਵ ਛੱਡਦੀਆਂ ਹੋਈਆਂ, ਉਨ੍ਹਾਂ ਦੀ ਅੰਤਹਕਰਨ ਨੂੰ ਲੋਕਾਈ ਦੇ ਹੱਕ ਵਿੱਚ ਕੁੱਦਣ ਲਈ ਕੁਰੇਦਦੀਆਂ ਰਹਿੰਦੀਆਂ ਹਨ। ਫਿਰ ਗੀਤਕਾਰ ਸੁਤੇ ਸਿੱਧ ਹੀ ਖਾਂਦਿਆਂ, ਪੀਂਦਿਆਂ, ਉਠਦਿਆਂ, ਬੈਠਦਿਆਂ ਅਤੇ ਸਮਾਜ ਵਿੱਚ ਵਿਚਰਦਿਆਂ ਆਪਣੀ ਕਲਮ ਨਾਲ ਕੋਰੇ ਕਾਗ਼ਜ਼ ਨੂੰ ਸੁਰ, ਤਾਲ, ਲੈ ਵਿੱਚ ਬਦਲਕੇ ਮਾਨਵੀ ਹਿੱਤਾਂ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰ ਦਿੰਦਾ ਹੈ। ਗੁਰਭਜਨ ਗਿੱਲ ਦੀ ਸੋਚ ਦਾ ਘੇਰਾ ਵਿਸ਼ਾਲ ਹੈ, ਜਿਸ ਕਰਕੇ ਉਸ ਦੇ ਵਿਸ਼ੇ ਵੀ ਅਨੇਕ ਹਨ। ਉਹ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਸਿੱਖਣ ਦੇ ਬਹਾਨੇ ਅਣਡਿਠ ਕਰਨ ਤੋਂ ਸ਼ੁਰੂ ਕਰਕੇ ਕਿਸਾਨੀ ਸੰਘਰਸ਼, ਇਸਤਰੀ ਜਾਤੀ ਨਾਲ ਹੋ ਰਹੇ ਦੁੱਖਦਾਈ ਤੇ ਘਿਨਾਉਣੇ ਅਤਿਆਚਾਰ, ਬਲਾਤਕਾਰ, ਪ੍ਰਕਿ੍ਰਤੀ ਨਾਲ ਛੇੜ ਛਾੜ, ਵਾਤਾਵਰਨ, ਹਵਾ, ਪਾਣੀ, ਧਰਤੀ ਅਤੇ ਸਾਹਿਤਕ ਪ੍ਰਦੂਸ਼ਣ, ਮੁਹੱਬਤ, ਦੇਸ਼ ਦੀ ਵੰਡ, ਭਾਈਚਾਰਕ ਸੰਬੰਧ, ਨਸ਼ਿਆਂ, ਧਾਰਮਿਕ, ਰਾਜਨੀਤਕ, ਸਭਿਅਚਾਰਿਕ, ਗ਼ਰੀਬੀ, ਮਜ਼ਦੂਰੀ, ਲੁੱਟ ਘਸੁੱਟ, ਦਗ਼ਾ, ਫ਼ਰੇਬ ਅਤੇ ਦੇਸ਼ ਭਗਤੀ ਤੋਂ ਬਾਅਦ ਅਖ਼ੀਰ ਵਿਸਮਾਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਇਹੋ ਉਨ੍ਹਾਂ ਦਾ ਵਿਲੱਖਣ ਗੁਣ ਹੈ। ਉਨ੍ਹਾਂ ਦੇ ਗੀਤਾਂ ਦਾ ਮੁੱਖ ਵਿਸ਼ਾ ਸਮਾਜਿਕ ਸਰੋਕਾਰ ਹੀ ਹਨ ਕਿਉਂਕਿ ਉਹ ਸਮਾਜ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਵਚਨਬੱਧ ਹੈ। ‘ਤੋੜ ਦਿਉ ਜੰਜ਼ੀਰਾਂ’ ਸਿਰਲੇਖ ਵਾਲੇ ਗੀਤ ਵਿੱਚ ਉਹ ਮਨੁੱਖਤਾ ਦੇ ਹੱਕਾਂ ਦੇ ਹੋ ਰਹੇ ਘਾਣ ਦੀ ਚੀਸ ਨੂੰ ਮਹਿਸੂਸ ਕਰਦੇ ਹੋਏ ਬਗ਼ਾਬਤ ਤੁਣਕਾ ਲਗਾਉਂਦੇ ਹੋਏ ਲਿਖਦੇ ਹਨ-
ਤੋੜ ਦਿਉ ਜੰਜ਼ੀਰਾਂ ਪੈਰੋਂ ਤੋੜ ਦਿਉ,
ਸਾਨੂੰ ਸਾਡਾ ਬਾਲ ਬਚਪਨਾ ਮੋੜ ਦਿਉ।
ਕੀ ਕਰਨਾ ਹੈ ਲਾਗੂ ਤੁਸੀਂ ਅਸੂਲਾਂ ਨੂੰ।
ਸਾਡੇ ਵਰਗੇ ਤਰਸਣ ਪੜ੍ਹਨ ਸਕੂਲਾਂ ਨੂੰ।
ਂਰੱਦੀ ਚੁਗਦਿਆਂ ਸਾਨੂੰ ਰੱਦੀ ਗਿਣਦੇ ਹੋ।
ਸਾਨੂੰ ਕਿਹੜੇ ਫੀਤੇ ਦੇ ਸੰਗ ਮਿਣਦੇ ਹੋ।
ਗੀਤਕਾਰ ਨੇ ਸਿਆਸਤਦਾਨਾ ‘ਤੇ ਕਿਤਨੀ ਵੱਡੀ ਚੋਟ ਲਗਾਈ ਹੈ। ਉਹ ਵਿਰਾਸਤੀ ਵਸਤਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ, ਇਸਤਰੀ ਜਾਤੀ ਨਾਲ ਹੋ ਰਹੇ ਦੁਰਵਿਵਹਾਰ ਅਤੇ ਮਰਦ ਪ੍ਰਧਾਨ ਸਮਾਜ ਦੀ ਸੋਚ ਤੇ ਕਟਾਖ਼ਸ਼ ਕਰਦੇ ਹਨ। ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਦਾ ਵਹਿਣ ਦਰਿਆ ਦੀਆਂ ਲਹਿਰਾਂ ਦੀ ਤਰ੍ਹਾਂ ਇਨਸਾਨੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ‘ਵੇ ਵੀਰੋ ਵੇ ਅੰਮੜੀ ਜਾਇਓ’ ਵਾਲੇ ਗੀਤ ਵਿੱਚ ਇਸਤਰੀਆਂ ਦੀ ਤ੍ਰਾਸਦੀ ਬਾਰੇ ਲਿਖਦੇ ਹਨ-
ਪੜ੍ਹਨ ਸਕੂਲ ਜਦ ਵੀ ਜਾਈਏ, ਡਰੀਏ ਜ਼ਾਲਮ ਡਾਰਾਂ ਤੋਂ।
ਇੱਜ਼ਤ ਪੱਤ ਦੀ ਰਾਖੀ ਵਾਲੀ, ਆਸ ਨਹੀਂ ਸਰਕਾਰਾਂ ਤੋਂ।
ਪ੍ਰਦੂਸ਼ਣ ਦੀ ਸਮੱਸਿਆ ਨੂੰ ਅਤੀ ਗੰਭੀਰ ਸਮਝਦੇ ਹੋਏ ਉਨ੍ਹਾਂ ਆਪਣੇ ‘ਮੇਰੀ ਬਾਤ ਸੁਣੋ ਚਿੱਤ ਲਾ ਕੇ’ ਸਿਰਲੇਖ ਵਾਲੇ ਗੀਤ ਵਿੱਚ ਕਿਸਾਨਾ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਭਵਿਖ ਨੌਜਵਾਨ ਪੀੜ੍ਹੀ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪਰਾਲੀ ਨੂੰ ਸਾੜਨ ਤੋਂ ਪ੍ਰਹੇਜ਼ ਕਰਨ ਦੀ ਤਾਕੀਦ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਲਾਪਰਵਾਹੀ ਵਰਤੀ ਗਈ ਤਾਂ ਪਛਤਾਉਣਾ ਪਵੇਗਾ। ਸਿਆਣਪ ਤੋਂ ਕੰਮ ਲਓ, ਸਾਹ ਘੁੱਟ ਕੇ ਨਾ ਮਰੋ।
ਮੇਰੀ ਬਾਤ ਸੁਣੋ ਚਿੱਤ ਲਾ ਕੇ, ਖੇਤਾਂ ਦੇ ਸਰਦਾਰੋ, ਬਰਖ਼ੁਰਦਾਰੋ।
ਸਾੜ ਪਰਾਲੀ, ਕਰਕੇ ਧੂੰਆਂ, ਸਾਹ ਘੁੱਟ ਮਰੋ ਨਾ ਮਾਰੋ, ਪਹਿਰੇਦਾਰੋ।
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਬਿਮਾਰੀ ਨੇ ਆਪਣੇ ਕਲਾਵੇ ਵਿੱਚ ਬੁਰੀ ਤਰ੍ਹਾਂ ਲੈ ਲਿਆ ਹੈ। ਇਸ ਲਾਹਨਤ ਨੂੰ ਗਲੋਂ ਲਾਹੁਣ ਲਈ ਉਨ੍ਹਾਂ ਆਪਣੇ ‘ਰੰਗ ਦਿਆ ਚਿੱਟਿਆ’ ਗੀਤ ਵਿੱਚ ਨੌਜਵਾਨਾ ਨੂੰ ਖ਼ਬਰਦਾਰ ਕਰਦਿਆਂ ਲਿਖਿਆ ਹੈ-
ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲ਼ਿਆ।
ਮੇਰਾ ਤੂੰ ਪੰਜਾਬ ਬਿਨਾ ਦੰਦਾਂ ਤੋਂ ਹੀ ਖਾ ਲਿਆ।
ਕਿੱਦਾਂ ਹੁਣ ਪੈਲਾਂ ਪਾਉਣ, ਪੱਟਾਂ ਉੱਤੇ ਮੋਰ ਵੀ।
ਫਿਰਦੀ ਗੁਆਚੀ ਇਹ ਜਵਾਨੀ ਭੁੱਲੀ ਤੋਰ ਵੀ।
ਸਾਡੇ ਪੁੱਤਾਂ ਧੀਆਂ ਨੂੰ ਤੂੰ ਚਾਟ ਉੱਤੇ ਲਾ ਲਿਆ।
ਇਨ੍ਹਾਂ ਗੀਤਾਂ ਨੂੰ ਪੜ੍ਹਕੇ ਗੀਤਕਾਰ ਦੇ ਦਿਲ ਦੀ ਚੀਸ ਸੁਣਾਈ ਦਿੰਦੀ ਹੈ। ਪੰਜਾਬ ਦਾ ਸਮਾਜਿਕਤਾ, ਆਪਸੀ ਪਿਆਰ, ਸਦਭਾਵਨਾ ਅਤੇ ਸਾਂਝੀਵਾਲਤਾ ਦਾ ਸਭਿਅਚਾਰ ਖੇਰੂੰ ਖੇਰੂੰ ਹੋਇਆ ਵਿਖਾਈ ਦਿੰਦਾ ਹੈ। ਗੀਤਕਾਰ ਆਪਣੇ ਇਨ੍ਹਾਂ ਗੀਤਾਂ ਰਾਹੀਂ ਪੰਜਾਬੀਆਂ ਨੂੰ ਆਪਣੇ ਭਵਿਖ ਨੂੰ ਸੁਨਹਿਰਾ ਬਣਾਉਣ ਲਈ ਪ੍ਰੇਰਿਤ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਆਪਣੇ ਸਭਿਅਚਾਰ ਅਤੇ ਸਭਿਅਤਾ ਤੋਂ ਦੂਰ ਹੋ ਰਹੇ ਹਨ। ਗੁਰਭਜਨ ਗਿੱਲ ਆਪਣੇ ਇੱਕ ‘ ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ’ ਸਿਰਲੇਖ ਵਾਲੇ ਗੀਤ ਵਿੱਚ ਲਿਖਦਾ ਹੈ-
ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ।
ਥੁੜ੍ਹਾਂ ਮਾਰੀ ਓਦਰੀ ਬਹਾਰ ਵੇਖ ਲੈ।
ਬਲ਼ਦਾਂ ਦੇ ਗਲ਼ਾਂ ਵਿੱਚ ਗੁੰਮ ਟੱਲੀਆਂ।
ਲਗਦੈ ਬਹਾਰਾਂ ਏਥੋਂ ਉੱਡ ਚੱਲੀਆਂ।
ਫਸਲਾਂ ਤੇ ਕਰਜ਼ੇ ਦਾ ਭਾਰ ਵੇਖ ਲੈ।
ਗੀਤਕਾਰ ਸਿਆਸਤਦਾਨਾ ਦੀਆਂ ਕਾਲੀਆਂ ਕਰਤੂਤਾਂ ਤੇ ਆਪਣੇ ਗੀਤਾਂ ਵਿੱਚ ਕਟਾਖ਼ਸ਼ ਕਰਦੇ ਹਨ। ਨੌਜਵਾਨਾ ਨੂੰ ਆਪਣੇ ਪੈਰੀਂ ਆਪ ਕੁਹਾੜੀਆਂ ਮਾਰਨ ਤੋਂ ਵਰਜਦੇ ਹਨ। ਕੁਦਰਤ ਦੇ ਕਾਦਰ ਦੀ ਪ੍ਰਸੰਸਾ ਕਰਦਿਆਂ ਵਾਤਾਵਰਨ ਸਾਫ ਤੇ ਸੁੰਦਰ ਬਣਾਈ ਰੱਖਣ ਲਈ ਦਰਖਤਾਂ ਦੀ ਅਹਿਮੀਅਤ ਬਾਰੇ ਵਿਅੰਗਾਤਮਕ ਢੰਗ ਨਾਲ ਦਸਦੇ ਹਨ। ਕੁਝ ਕੁ ਗੀਤ ਪਿਆਰ ਪਰੁਚੇ ਵੀ ਹਨ। ਮੁਹੱਬਤ ਤੋਂ ਬਿਨਾ ਜੀਵਨ ਅਧੂਰਾ ਹੈ। ਇਸ ਲਈ ਉਹ ਆਪਣੇ ਗੀਤਾਂ ਵਿੱਚ ਹਰ ਇਨਸਾਨ ਨੂੰ ਮੁਹੱਬਤ ਕਰਨ ਤੇ ਜ਼ੋਰ ਦਿੰਦੇ ਹਨ ਤਾਂ ਜੋ ਭਾਈਚਾਰਕ ਸੰਬੰਧ ਬਰਕਰਾਰ ਰਹਿ ਸਕਣ। ਪੰਜਾਬੀਆਂ ਦਾ ਆਪਣੀ ਵਿਰਾਸਤ ਨਾਲੋਂ ਟੁੱਟਣ ਦਾ ਦਰਦ ਗੁਰਭਜਨ ਗਿੱਲ ਦੇ ਬਹੁਤੇ ਗੀਤਾਂ ਵਿੱਚੋਂ ਝਲਕ ਰਿਹਾ ਹੈ। ਭਰੂਣ ਹੱਤਿਆ ਬਾਰੇ ਬਹੁਤ ਹੀ ਸੰਵੇਦਨਾ ‘ਸਮਝੇਂ ਤੂੰ ਪੁੱਤਾਂ ਨਾਲ ਸ਼ਾਨ ਮਾਏ ਮੇਰੀਏ’ ਵਾਲੇ ਗੀਤ ਵਿਚ ਲਿਖੇ ਸ਼ਬਦ ਹਰ ਇਨਸਾਨ ਦੇ ਮਨ ‘ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਜਦੋਂ ਗੀਤਕਾਰ ਲਿਖਦੇ ਹਨ-
ਏਨੀ ਤੂੰ ਬੇਰਹਿਮੀ ਨਾਲ ਕੁੱਖ ਵਿੱਚੋਂ ਤੋਰ ਨਾ।
ਡੋਡੀ ਤੂੰ ਗੁਲਾਬ ਵਾਲੀ, ਅੱਗ ਉੱਤੇ ਭੋਰ ਨਾ।
ਦਾਜ ਤੇ ਦਹੇਜ ਵਾਲੇ ਲੋਭੀਆਂ ਤੋਂ ਡਰ ਨਾ।
ਹੰਝੂਆਂ ਨੂੰ ਪੂੰਝ, ਐਵੇਂ ਰੋਜ਼ ਰੋਜ਼ ਮਰ ਨਾ।
ਇਸੇ ਤਰ੍ਹਾਂ ਧੀ ਦੇ ਘਰ ਬੈਠੀਏ ਮਾਏ ਵਾਲੇ ਗੀਤ ਦੇ ਬੋਲ ਧੁਰ ਅੰਦਰ ਤੱਕ ਲਹਿ ਜਾਂਦੇ ਹਨ ਜਦੋਂ ਗੀਤਕਾਰ ਲਿਖਦਾ ਹੈ-
ਜੇ ਨੂੰਹ ਦੀ ਕੁੱਖ ਅੰਦਰ ਧੀ ਏ।
ਇਸ ਵਿੱਚ ਉਸਦਾ ਦੋਸ਼ ਕੀਹ ਏ।
ਇਹ ਵੀ ਉਸੇ ਰੱਬ ਦਾ ਜੀਅ ਏ।
ਜੇ ਤੈਨੂੰ ਨਾਨੀ ਨਾ ਜਣਦੀ।
ਤੂੰ ਮੇਰੀ ਮਾਂ ਕਿੱਦਾਂ ਬਣਦੀ।
ਅੁਧੁਨਿਕਤਾ ਨੇ ਪੰਜਾਬ ਦੇ ਪ੍ਰਚੂਨ ਦੇ ਕਾਰੋਬਾਰ ਅਤੇ ਸੰਗੀਤਕ ਵਾਤਾਵਰਨ ਨੂੰ ਤਬਾਹ ਕਰ ਦਿੱਤਾ ਹੈ, ਜਿਸਦਾ ਝਲਕਾਰਾ ਗੀਤਕਾਰ ਦੇ ‘ਦੱਸੋ ਗੁਰੂ ਵਾਲਿਓ’ ਵਾਲੇ ਗੀਤ ਵਿੱਚੋਂ ਆਉਂਦਾ ਹੈ-
ਦੱਸੋ ਗੁਰੂ ਵਾਲਿਓ ਪੰਜਾਬ ਕਿੱਥੇ ਹੈ?
ਬਾਣੀ ਨਾਲ ਵਜਦੀ ਰਬਾਬ ਕਿੱਥੇ ਹੈ?
ਹੱਟੀ ਦੀ ਥਾਂ ਮਾਲ ਤੇ ਪਲਾਜ਼ੇ ਆ ਗਏ।
Êਪੱਕੇ ਤੇ ਪਕਾਏ ਬਾਹਰੋਂ ਖਾਜੇ ਆ ਗਏ।
ਤੂੰਬੀ ਅਲਗੋਜ਼ੇ ਦੀ ਥਾਂ ਵਾਜੇ ਆ ਗਏ।
ਮਹਿਕਦਾ ਉਹ ਸੁੱਚੜਾ ਗੁਲਾਬ ਕਿੱਥੇ ਹੈ?
ਸੰਸਾਰ ਵਿੱਚ ਦੋਖੀ, ਲੋਭੀ ਤੇ ਫਰੇਬੀ ਲੋਕ ਮੁਖੌਟੇ ਪਹਿਨੀ ਫਿਰਦੇ ਹਨ। ਗੀਤਕਾਰ ਉਨ੍ਹਾਂ ਦਾ ਪਰਦਾ ਫਾਸ਼ ਕਰਦਾ ਲਿਖਦਾ ਹੈ-
ਵੇਖਣ ਨੂੰ ਸਾਊ ਬੰਦਾ, ਠੱਗੀ ਹੈ ਮੇਰਾ ਧੰਦਾ।
ਆਖ਼ਰ ਨੂੰ ਪੈਂਦਾ ਭਾਵੇਂ, ਮੇਰੇ ਹੀ ਗਲ ਵਿੱਚ ਫੰਦਾ।
ਫਿਰ ਵੀ ਨਾ ਟਲ਼ਦਾ ਹਾਂ ਮੈਂ ਮੇਰੇ ਭਰਾਉ।
ਗੀਤਕਾਰ ਦੇ ਗੀਤਾਂ ਵਿੱਚੋਂ ਮਾਪਿਆਂ ਦੇ ਪ੍ਰਦੇਸ ਗਏ ਪੁੱਤਰਾਂ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਲਿਖਿਐ-
ਦੱਸ ਵੇ ਪੁੱਤਰਾ ਦੱਸ ਤੂੰ ਮੇਰਾ ਘਰ ਕਿੱਥੇ ਹੈ?
ਜਿੱਥੇ ਬੈਠ ਆਰਾਮ ਕਰਾਂ ਉਹ ਦਰ ਕਿਥੇ ਹੈ?
ਦੂਰ ਦੇਸ ਪਰਦੇਸ ਗੁਆਚੀ ਛਾਂ ਪੁਛਦੀ ਹੈ।
ਪੁੱਤਰ ਦੇ ਘਰ ਬੇਘਰ ਹੋਈ ਮਾਂ ਪੁੱਛਦੀ ਹੈ।
ਰੁੱਖਾਂ ਅਤੇ ਕੁੱਖਾਂ ਦੀ ਅਹਿਮੀਅਤ ਬਾਰੇ ਗੀਤਕਾਰ ਲਿਖਦੇ ਹਨ-
ਵਿਹੜੇ ਅੰਦਰ ਧੀ ਤੇ ਛਾਂ ਲਈ ਬਿਰਖ਼ ਜ਼ਰੂਰੀ ਹੈ।
ਖ਼ੁਸ਼ਬੂ ਤੇ ਹਰਿਆਵਲ ਤੋਂ ਬਿਨ ਧਰਤ ਅਧੂਰੀ ਹੈ।
ਸਚਿਤਰ ਰੰਗਦਾਰ ਦਿਲਕਸ਼ ਮੁੱਖ ਕਵਰ, 112 ਪੰਨਿਆਂ, 200 ਰੁਪਏ ਕੀਮਤ ਵਾਲਾ ਪਿੱਪਲ ਪੱਤੀਆਂ ਗੀਤ ਸੰਗ੍ਰਹਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਅਤੇ ਸਵੀਨਾ ਪ੍ਰਕਾਸ਼ਨ ਕੈਲੇਫ਼ੋਰਨੀਆਂ ਯੂ ਐਸ ਏ ਨੇ ਪ੍ਰਕਾਸ਼ਤ ਕੀਤਾ ਹੈ। ਇਹ ਗੀਤ ਸੰਗ੍ਰਹਿ ਸਿੰਘ ਬ੍ਰਦਰਜ਼ ਅੰਮਿ੍ਰਤਸਰ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।