ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗੱਡੀ ਹਰ ਕਿਸੇ ਲਈ ਜ਼ਰੂਰੀ ਸਾਧਨ ਬਣੀ ਹੋਈ ਹੈ। ਸ਼ਹਿਰਾਂ ‘ਚ ਗੱਡੀ ਪਾਰਕ ਕਰਨ ਲਈ ਭੁਗਤਾਨ ਕਰਨਾ ਪੈਂਦਾ ਹੈ। ਗਲਾਸਗੋ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਵਿੱਤੀ ਸਾਲਾਂ ਵਿੱਚ ਡਰਾਈਵਰਾਂ ਨੇ ਸ਼ਹਿਰ ਵਿੱਚ ਗੱਡੀਆਂ ਪਾਰਕ ਕਰਨ ਲਈ 25 ਮਿਲੀਅਨ ਤੋਂ ਵੱਧ ਪੌਂਡ ਖਰਚ ਕੀਤੇ ਹਨ। ਗਲਾਸਗੋ ਸਿਟੀ ਕੌਂਸਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 2019-20 ਦੇ ਵਿਚਕਾਰ ਪਾਰਕਿੰਗ ਮੀਟਰਾਂ ਰਾਹੀਂ ਕਮਾਈ ਗਈ ਰਕਮ 12.8 ਮਿਲੀਅਨ ਪੌਂਡ ਸੀ ਪਰ ਇਸ ਤੋਂ ਪਹਿਲਾਂ ਲਾਕਡਾਊਨ ਦੌਰਾਨ 2020-21 ਵਿੱਚ ਇਹ ਕਮਾਈ ਘਟ ਕੇ 4.04 ਮਿਲੀਅਨ ਪੌਂਡ ਰਹਿ ਗਈ। ਇਸ ਤੋਂ ਬਾਅਦ 2021-22 ਵਿੱਚ ਥੋੜ੍ਹਾ ਵੱਧ ਕੇ 8.3 ਮਿਲੀਅਨ ਹੋ ਗਿਆ ਅਤੇ ਅਗਸਤ 2021 ਅਤੇ ਮਾਰਚ 2022 ਦੇ ਵਿਚਕਾਰ, ਐੱਨ.ਆਰ.ਐੱਸ. ਸਿਟੀ ਪਾਰਕਿੰਗ ਆਫ ਸਟ੍ਰੀਟ ਪਾਰਕਿੰਗ ਤੋਂ ਪੈਦਾ ਹੋਈ ਰਕਮ ਸਿਰਫ 5 ਮਿਲੀਅਨ ਤੋਂ ਵੱਧ ਸੀ। ਇਸ ਸਬੰਧੀ ਕੌਂਸਲ ਦਾ ਮੰਨਣਾ ਹੈ ਕਿ ਆਮਦਨ ਵਿੱਚ ਗਿਰਾਵਟ ਲੋਕਾਂ ਦੇ ਘਰ ਤੋਂ ਕੰਮ ਕਰਨਾ ਜਾਰੀ ਰੱਖਣ ਅਤੇ ਅਕਸਰ ਸ਼ਹਿਰ ਵਿੱਚ ਨਾ ਆਉਣ ਦੇ ਸਿੱਧੇ ਨਤੀਜੇ ਵਜੋਂ ਹੋ ਸਕਦੀ ਹੈ। ਕੋਵਿਡ ਸੰਕਟ ਦੀ ਸ਼ੁਰੂਆਤ ਵਿੱਚ ਪਾਰਕਿੰਗ ਖਰਚੇ ਵੀ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਸਨ। ਸਥਾਨਕ ਅਥਾਰਟੀ ਨੂੰ ਕੋਵਿਡ ਨਾਲ ਜੁੜੇ ਮਾਲੀਏ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਸਕਾਟਿਸ਼ ਸਰਕਾਰ ਤੋਂ ਵਾਧੂ ਫੰਡ ਪ੍ਰਾਪਤ ਹੋਏ। ਇਸ ਸਬੰਧੀ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਇਹ ਅੰਕੜੇ ਮਾਰਚ 2020 ਤੋਂ ਲਾਗੂ ਵੱਖ-ਵੱਖ ਤਾਲਾਬੰਦੀਆਂ ਅਤੇ ਹੋਰ ਪਾਬੰਦੀਆਂ ਦੇ ਵੱਡੇ ਪ੍ਰਭਾਵ ਨੂੰ ਦਰਸਾਉਂਦੇ ਹਨ ਜਿਸ ਲਈ ਲੋਕਾਂ ਨੂੰ ਮੁੱਖ ਤੌਰ ’ਤੇ ਘਰ ਰਹਿਣ ਦੀ ਲੋੜ ਸੀ। ਜਦੋਂ ਪਹਿਲਾ ਲੌਕਡਾਊਨ ਹਟਾਇਆ ਗਿਆ ਸੀ, ਤਾਂ ਗੱਡੀਆਂ ਨੂੰ ਪਾਰਕ ਕਰਨ ਲਈ ਜਗ੍ਹਾ ਦੀ ਮੰਗ ਵਧ ਗਈ ਸੀ ਅਤੇ ਜੁਲਾਈ 2020 ਵਿੱਚ ਚਾਰਜ ਬਹਾਲ ਕਰ ਦਿੱਤੇ ਗਏ ਸਨ ਤਾਂ ਜੋ ਉਹਨਾਂ ਸਪੇਸ ਤੱਕ ਜਿੰਨੀ ਸੰਭਵ ਹੋ ਸਕੇ ਬਰਾਬਰ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਜਿਉਂ ਹੀ ਬਾਅਦ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ, ਟ੍ਰੈਫਿਕ ਦੀ ਆਵਾਜਾਈ ਵਿੱਚ ਵੀ ਵਾਧਾ ਹੋਇਆ ਹੈ। ਜਿਸ ਦੇ ਸਿੱਟੇ ਵਜੋਂ ਲੋਕਾਂ ਦੀਆਂ ਜੇਬਾਂ ‘ਚੋਂ ਪਾਰਕਿੰਗ ਫੀਸ ਦੇ ਰੂਪ ਵਿੱਚ ਨਿੱਕਲ ਕੇ ਮਿਲੀਅਨਾਂ ਪੌਂਡ ਕੌਂਸਲ ਦੀ ਝੋਲੀ ਪਏ ਹਨ।
ਸਕਾਟਲੈਂਡ: ਗਲਾਸਗੋ ‘ਚ ਗੱਡੀਆਂ ਪਾਰਕ ਕਰਨ ਲਈ ਡਰਾਇਵਰਾਂ ਨੇ ਖਰਚੇ 25 ਮਿਲੀਅਨ ਤੋਂ ਵੱਧ ਪੌਂਡ
This entry was posted in ਅੰਤਰਰਾਸ਼ਟਰੀ.