ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਜਾਗੋ ਪਾਰਟੀ ਦੇ ਸਕੱਤਰ ਅਤੇ ਮੁੱਖ ਬੁਲਾਰੇ ਸਰਦਾਰ ਪਰਮਿੰਦਰ ਸਿੰਘ ਨੇ ਸਿੱਖ ਪੰਥ ਦੀ ਅਨਮੋਲ ਸੰਸਥਾ ਦਿੱਲੀ ਗੁਰੂਦੁਆਰਾ ਕਮੇਟੀ ਨੂੰ 2024 ਦੀਆਂ ਚੋਣਾਂ ਲਈ ਵਰਤੋਂ ਕਰਣ ਤੇ ਚਿੰਤਾ ਜ਼ਾਹਿਰ ਕੀਤੀ ਹੈ । ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੀ ਆਕੜ ਨੂੰ ਆਪਣੀ ਸ਼ਹਾਦਤ ਨਾਲ ਢਾਹੁਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦੀ ਸੇਵਾ ਸੰਭਾਲ ਕਰਨ ਵਾਲੇ ਗੁਰੂ ਸਾਹਿਬ ਦੇ ਅਨਿਨ ਸੇਵਕ ਭਾਈ ਲੱਖੀ ਸ਼ਾਹ ਵਣਜਾਰਾ, ਉਹ ਬੇਖੌਫ਼ ਸਿੱਖ ਸਨ ਜਿਨ੍ਹਾਂ ਬੇਰਹਿਮ ਮੁਗਲ ਹਕੂਮਤ ਦੇ ਖਿਲਾਫ ਖੜ੍ਹੇ ਹੋਣ ਦਾ ਹੌਸਲਾ ਵਿਖਾਇਆ ਸੀ। ਪਰ ਅੱਜ ਉਸ ਮਹਾਨ ਸਿੱਖ ਦੀ ਦਲੇਰੀ ਦਾ ਹੌਂਕਾ ਦੇਣ ਦੀ ਬਜਾਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਲੋਕਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਫਿਰਕੂ ਫਿਜ਼ਾ ਨੂੰ ਗੰਦਲਾ ਕਰਨ ਦਾ ਔਜ਼ਾਰ ਬਣਦੀ ਨਜ਼ਰੀਂ ਪੈ ਰਹੀ ਹੈ।
ਸਿੱਖ ਸਰੋਤਾਂ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਦੀ ਮੌਤ 1680 ਈਸਵੀ ਵਿੱਚ ਹੋਣ ਦਾ ਹਵਾਲਾ ਹੈ ਅਤੇ ਜਨਮ ਦਿਹਾੜੇ ਬਾਰੇ ਸਥਿਤੀ ਸਪੱਸ਼ਟ ਨਹੀਂ ਹੈ। ਪਰ ਅਗਲਿਆਂ ਨੇ ਭਾਈ ਸਾਹਿਬ ਜੀ ਦਾ 444ਵਾਂ ਜਨਮ ਦਿਹਾੜਾ ਕੱਢ ਲਿਆ ਹੈ। ਜਿਸਦਾ ਮਤਲਬ ਹੈ ਕਿ ਭਾਈ ਲੱਖੀ ਸ਼ਾਹ ਵਣਜਾਰਾ ਦਾ ਜਨਮ 1578 ਈਸਵੀ ਦਾ ਹੈ ਤੇ ਉਹ 102 ਸਾਲ ਤੱਕ ਜੀਵਤ ਰਹੇਂ ਸਨ ਅਤੇ ਗੁਰੂ ਸਾਹਿਬ ਜੀ ਸ਼ਹਾਦਤ ਮੌਕੇ 1675 ‘ਚ ਭਾਈ ਲੱਖੀ ਸ਼ਾਹ ਵਣਜਾਰਾ ਦੀ ਉਮਰ ਕਰੀਬ 97 ਸਾਲ ਸੀ।
ਇਹ ਸਾਨੂੰ ਸਮਝਣਾ ਪਵੇਗਾ ਕਿ ਸਿੱਖ ਪੰਥ ਭਾਈ ਲੱਖੀ ਸ਼ਾਹ ਵਣਜਾਰਾ ਦੇ ‘ਵਣਜਾਰਾ’ ਹੋਣ ਕਰਕੇ ਉਨ੍ਹਾਂ ਦਾ ਮੁਰੀਦ ਨਹੀਂ ਹੈਂ, ਸਗੋਂ ਗੁਰੂ ਦੇ ਸਿੱਖ ਵਜੋਂ ਉਨ੍ਹਾਂ ਨੂੰ ਆਪਣਾ “ਗੁਰੂ ਭਾਈ” ਮੰਨਦਾ ਹੈ। ਪਰ ਜਿਸ ਤਰੀਕੇ ਨਾਲ 2024 ‘ਚ ਬੰਜਾਰਾ ਵੋਟਾਂ ਦੇ ਧਰੁਵੀਕਰਨ ਲਈ ਕਰਵਾਏ ਜਾ ਰਹੇ ‘ਬੰਜਾਰਾ ਸਸ਼ਕਤੀਕਰਣ ਸੈਮੀਨਾਰ’ ਲਈ ਦਿੱਲੀ ਕਮੇਟੀ ਨੂੰ ਵਰਤਿਆ ਜਾ ਰਿਹਾ ਹੈ, ਇਹ ਜ਼ਰੂਰ ਚਿੰਤਾ ਦਾ ਵਿਸ਼ਾ ਹੈ।