ਬਲਾਚੌਰ, (ਉਮੇਸ਼ ਜੋਸ਼ੀ) – ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਬਲਾਚੌਰ ਦੇ ਪਿੰਡ ਪਨਿਆਲੀ, ਮਾਲੇਵਾਲ, ਚਣਕੋਆ, ਫਿਰਨੀਮਜਾਰਾ ਅਤੇ ਸਨੋਆ ਆਦਿ ਪਿੰਡਾਂ ਦਾ ਦੌਰਾ ਕੀਤਾ । ਇਸ ਸਮੇਂ ਉਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀ ਵਾਗਡੋਰ ਦਿੱਲੀ ਦਰਬਾਰ ਦੇ ਹੱਥਾਂ ਵਿੱਚ ਹੈ। ਉਨ੍ਹਾਂ ਆਖਿਆ ਕਿ ਸੂਬੇ ਦਾ ਸਾਰਾ ਰਾਜ ਪ੍ਰਬੰਧ ਦਿੱਲੀ ਬੈਠੇ ਚੁਣਵੇਂ ਲੋਕ ਦੁਆਰਾ ਚਲਾਇਆ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਜਾਹਿਰ ਹੈ ਕਿ ਸਰਕਾਰ ਅੰਦਰ ਪੰਜਾਬੀਆਂ ਦੀ ਭਾਗੀਦਾਰੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਰਾਜ-ਭਾਗ ਚਲਾ ਰਹੇ ਇਹ ਚੰਦ ਲੋਕ ਪੰਜਾਬੀਆਂ ਦੀਆਂ ਭਾਵਨਾਵਾਂ ਤੋਂ ਅਭਿੱਜ ਹਨ। ਅਕਾਲੀ ਲੀਡਰ ਨੇ ਆਖਿਆ ਕਿ ਪੰਜਾਬ ਜਾਂ ਪੰਜਾਬੀਅਤ ਪ੍ਰਤੀ ਇਹਨਾਂ ਦਾ ਕੋਈ ਮੋਹ ਪਿਆਰ ਨਹੀਂ।ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਆਖਿਆ ਕਿ ਅਫ਼ਸੋਸ ਵਾਲੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਪਡ਼੍ਹਨ ਲਈ ਨਾ ਹੀ ਕਿਤਾਬਾਂ ਹਨ ਅਤੇ ਨਾ ਹੀ ਅਧਿਆਪਕ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਅੰਦਰ ਡਾਕਟਰਾਂ ਅਤੇ ਦਵਾਈਆਂ ਦੀ ਘਾਟ ਨੇ ਪੰਜਾਬ ਅੰਦਰ ‘ਦਿੱਲੀ ਮਾਡਲ’ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਮੁਲਾਜਮ ਤਨਖਾਹਾਂ ਲਈ ਤਰਸ਼ ਰਹੇ ਹਨ ਅਤੇ ਨੌਜਵਾਨ ਨੌਕਰੀਆਂ ਲਈ।ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੂੰਗੀ ਦੀ ਐੱਮਐੱਸਪੀ ਉੱਪਰ ਖਰੀਦ ਸੁਚਾਰੂ ਢੰਗ ਨਾਲ ਨਾ ਕਰਨਾ ਕਿਸਾਨਾਂ ਨਾਲ ਵਿਸ਼ਵਾਸਘਾਤ ਹੈ। ਉਹਨਾਂ ਆਖਿਆ ਕਿ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੂੰਡੀ ਦੇ ਹਮਲਾ ਅਤੇ ਝੋਨੇ ਉੱਪਰ ਝੁਲਸ ਰੋਗ ਦੁਆਰਾ ਕੀਤੇ ਹਮਲੇ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਵੱਡੀ ਸੱਟ ਮਾਰੀ ਹੈ, ਪ੍ਰੰਤੂ ਸਰਕਾਰ ਦੁਆਰਾ ਕਿਸਾਨਾਂ ਦੀ ਸਾਰਾ ਨਾ ਲੈਣਾ ਪੰਜਾਬ ਦੇ ਕਿਸਾਨੀ ਨਾਲ ਧ੍ਰੋਹ ਹੈ। ਅਖੀਰ ਵਿੱਚ ਪ੍ਰੋ. ਚੰਦੂਮਾਜਰਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਐੱਮਐੱਸਪੀ ਕਮੇਟੀ ‘ਚੋ ਬਾਹਰ ਰੱਖਣਾ ਦਾ ਵਿਰੋਧ ਵੀ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਦੇ ਅੰਨ-ਭੰਡਾਰ ਵਿੱਚ ਵੱਡਾ ਹਿੱਸਾ ਪਾਇਆ ਜਾਂਦਾ ਹੈ, ਜਿਸ ਕਰਕੇ ਕਮੇਟੀ ਦਾ ਅਸਲ ਹੱਕਦਾਰੀ ਵੀ ਪੰਜਾਬ ਦੀ ਬਣਦੀ ਹੈ।
ਇਸ ਸਮੇਂ ਉਹਨਾਂ ਨਾਲ ਚੇਅਰਮੈਨ ਤਰਲੋਚਨ ਸਿੰਘ ਰੱਕਡ਼, ਚੇਅਰਮੈਨ ਬਿਮਲ ਕੁਮਾਰ, ਦਿਲਜੀਤ ਮਾਨੇਵਾਲ, ਸੁਰਜੀਤ ਕੋਹਲੀ, ਜਗਜੀਤ ਸਿੰਘ ਕੋਹਲੀ, ਗੁਰਪ੍ਰੀਤ ਗੁੱਜਰ, ਜਸਵੀਰ ਸਿੰਘ , ਕੁਲਜੀਤ ਸਿੰਘ, ਜਸਵੀਰ ਜੋਸੀ, ਜਸਮੀਤ ਕਲੇਰ, ਹਜੂਰਾ ਸਿੰਘ ਪੈਲੀ, ਲਾਡੀ ਫਿਰਨੀਮਾਜਰਾ, ਜੋਗਿੰਦਰ ਅਟਵਾਲ, ਮੋਹਣ ਸਿੰਘ, ਸਰਕਲ ਪ੍ਰਧਾਨ ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ’ਚ ਆਗੂ ਅਤੇ ਵਰਕਰਾਂ ਹਾਜ਼ਰ ਸਨ।