ਚੰਡੀਗੜ੍ਹ - ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ 25-26 ਅਗਸਤ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਸਮਾਜਿਕ ਪੱਧਰ ’ਤੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਉਦੇਸ਼ ਨਾਲ ਦੁਨੀਆ ਦਾ ਸੱਭ ਤੋਂ ਵੱਡਾ ਓਪਨ ਇਨੋਵੇਸ਼ਨ ਮਾਡਲ ਸਮਾਰਟ ਇੰਡੀਆ ਹੈਕਾਥੌਨ-2022 ਦਾ ਗ੍ਰੈਂਡ ਫਿਨਾਲੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਦੱਸਿਆ ਕਿ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਸਾਲ 2017 ਤੋਂ ਚਲਾਇਆ ਜਾ ਰਿਹਾ ਸਮਾਰਟ ਇੰਡੀਆ ਹੈਕਾਥੌਨ ਵਿਦਿਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਸਥਾਵਾਂ ਨੂੰ ਦਰਪੇਸ਼ ਆਉਂਦੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਇੱਕ ਮੰਚ ਵਜੋਂ ਦੇਸ਼ ਵਿਆਪੀ ਪਹਿਲ ਹੈ।
ਡਾ. ਬਾਵਾ ਨੇ ਦੱਸਿਆ ਕਿ ਇਸ ਸਾਲ ਦੇ ਐਡੀਸ਼ਨ ਵਿੱਚ ਸਮਾਰਟ ਇੰਡੀਆ ਹੈਕਾਥੌਨ ਤਹਿਤ 62 ਸੰਸਥਾਵਾਂ ਤੋਂ ਪ੍ਰਾਪਤ ਹੋਈਆਂ 476 ਸਮੱਸਿਆਵਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ। ਹੈਕਾਥੌਨ-2022 ਤਹਿਤ ਕੈਂਪਸ ਪੱਧਰ ’ਤੇ ਆਯੋਜਿਤ ਹੈਕਾਥੌਨ ਮੁਕਾਬਲਿਆਂ ’ਚ ਜੇਤੂ ਰਹੀਆਂ 2033 ਟੀਮਾਂ ਦੇ 15 ਹਜ਼ਾਰ ਤੋਂ ਵੱਧ ਜੇਤੂ ਵਿਦਿਆਰਥੀ ਵੱਖ-ਵੱਖ ਨਿਰਧਾਰਤ ਨੋਡਲ ਕੇਂਦਰਾਂ ’ਤੇ ਰਾਸ਼ਟਰੀ ਪੱਧਰ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ।ਇਸ ਮੰਚ ’ਤੇ ਉਹ ਵੱਖ-ਵੱਖ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਸਥਾਈ ਹੱਲਾਂ ਲਈ ਮੁਕਾਬਲੇ ਲੜਨਗੇ।ਇਹ ਸਮੱਸਿਆਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ ਗ੍ਰਾਂਟਾਂ ਬਾਰੇ ਜਾਣਕਾਰੀ ਅਤੇ ਸੰਬੰਧਿਤ ਵੇਰਵੇ ਪ੍ਰਦਾਨ ਕਰਨ ਵਾਲੇ ਖੋਜਕਰਤਾਵਾਂ ਲਈ ਏਕੀਕਿ੍ਰਤ ਅਤੇ ਮਜ਼ਬੂਤ ਆਨਲਾਈਨ ਪਲੇਟਫਾਰਮ ਵਿੱਚ ਵਿਕਾਸ ਕਰਨਾ, ਭਾਰਤੀ ਯੂਨੀਵਰਸਿਟੀਆਂ ਲਈ ਏਕੀਕਿ੍ਰਤ ਸਾਲਾਨ ਅਕਾਦਮਿਕ ਕੈਲੰਡਰ, ਏ.ਆਈ.ਸੀ.ਟੀ.ਈ ਪ੍ਰੋਗਰਾਮ/ਗਤੀਵਿਧੀਆਂ ਲਈ ਮੈਨੇਜਮੈਂਟ ਸਿਸਟਮ, ਜਨਸੰਖਿਆ ਸਥਾਨਾਂ ਦੇ ਸਬੰਧ ਵਿੱਚ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿੱਚ ਦਾਖ਼ਲੇ ਅਤੇ ਨੌਕਰੀਆਂ ਸਬੰਧੀ ਭਵਿੱਖਬਾਣੀ, ਵੱਖ-ਵੱਖ ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲਏ ਗਏ ਪ੍ਰਾਜੈਕਟਾਂ ਲਈ ਆਨਲਾਈਨ ਏਕੀਕਿ੍ਰਤ ਪਲੇਸਫਾਰਮ ਅਤੇ ਏ.ਆਈ.ਸੀ.ਟੀ.ਈ ਵੈਬਸਾਈਟ ਦੀ ਆਕਰਸ਼ਤਾ ਅਤੇ ਉਪਭੋਗਤਾ ਸਬੰਧਾਂ ਮਜ਼ਬੂਤ ਕਰਨਾ ਵਿਸ਼ਿਆਂ ’ਤੇ ਆਧਾਰਿਤ ਰਹੇਗਾ।
ਡਾ. ਬਾਵਾ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕੁੱਲ 30 ਟੀਮਾਂ ਤੋਂ 180 ਭਾਗੀਦਾਰ ਉਪਰੋਕਤ ਸਮੱਸਿਆਵਾਂ ਦੇ ਹੱਲਾਂ ਲਈ ਮੁਕਾਬਲਿਆਂ ’ਚ ਸ਼ਮੂਲੀਅਤ ਕਰਨਗੇ।ਉਨ੍ਹਾਂ ਦੱਸਿਆ ਕਿ ’ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਦੇ ਜਸ਼ਨਾਂ ਦੇ ਹਿੱਸੇ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕਾੳਂੂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਸਮਾਰਟ ਇੰਡੀਆ ਹੈਕਾਥੌਨ ਲਈ ਨੋਡਲ ਕੇਂਦਰਾਂ ਵਜੋਂ ਚੁਣੀਆਂ 75 ਉਚ ਵਿਦਿਅਕ ਸੰਸਥਾਵਾਂ ਅਤੇ ਇਨਕਿਊਬੇਟਰਾਂ ਵਿਚੋਂ ਇੱਕ ਹੈ।ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਮੰਤਰਾਲੇ ਵੱਲੋਂ ਪਰਿਭਾਸ਼ਿਤ ਅਤੇ ਸਥਾਪਿਤ ਫਾਰਮੈਟ ਦੇ ਅਨੁਸਾਰ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਹਰ ਸਮੱਸਿਆਵਾਂ ਦੇ ਹੱਲ ਲਈ ਜੇਤੂ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਇਨਾਮ ਭੇਂਟ ਕੀਤਾ ਜਾਵੇਗਾ ਜਦਕਿ ਵਿਦਿਆਰਥੀ ਇਨੋਵੇਸ਼ਨ ਸ਼੍ਰੇਣੀ ਤਹਿਣ ਜੇਤੂ ਰਹਿਣ ਵਾਲਿਆਂ ਨੂੰ ਕ੍ਰਮਵਾਰ 1 ਲੱਖ, 75 ਹਜ਼ਾਰ ਅਤੇ 50 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ।ਹਰ ਨੋਡਲ ਕੇਂਦਰ ਵਿੱਚ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਦੁਆਰਾ ਅਧਿਕਾਰਿਤ ਅਧਿਕਾਰੀ ਗ੍ਰੈਂਡ ਫਿਨਾਲੇ ਦੇ ਸਮੁੱਚੇ ਮੁਕਾਬਲਿਆਂ ਦਾ ਅਗਵਾਈ ਅਤੇ ਨਿਗਰਾਨੀ ਕਰੇਗਾ।ਸਮਾਰਟ ਇੰਡੀਆ ਹੈਕਾਥੌਨ 2022 ਹਾਰਡਵੇਅਰ ਗ੍ਰੈਂਡ ਫਾਈਨਲ 25 ਅਗਸਤ ਤੋਂ 29 ਅਗਸਤ ਤੱਕ ਜਦਕਿ ਸਾਫ਼ਟਵੇਅਰ ਗ੍ਰੈਂਡ ਫਾਈਨਲ 25 ਤੋਂ 26 ਅਗਸਤ ਤੱਕ ਨਿਰਧਾਰਿਤ ਕੀਤਾ ਗਿਆ ਹੈ।ਸਮੁੱਚੇ ਪ੍ਰੋਗਰਾਮ ਦਾ ਉਦਘਾਟਨ 25 ਅਗਸਤ ਨੂੰ ਸਵੇਰੇ 9 ਵਜੇ ਸਿੱਖਿਆ ਮੰਤਰਾਲੇ ਵੱਲੋਂ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਪਹਿਲਾ ਇਹ ਪ੍ਰੋਗਰਾਮ ਸਾਫ਼ਟਵੇਅਰ ਅਤੇ ਹਾਰਡਵੇਅਰ ਐਡੀਸ਼ਨਾਂ ਤਹਿਤ ਕਰਵਾਇਆ ਜਾਂਦਾ ਸੀ ਪਰ ਇਸ ਵਰ੍ਹੇ ਤੋਂ ਇਹ ਸਮਾਰਟ ਇੰਡੀਆ ਹੈਕਾਥੌਨ-ਜੂਨੀਅਰ ਤਹਿਤ ਵੀ ਕਰਵਾਇਆ ਜਾ ਰਿਹਾ ਹੈ।ਇਸ ਪਹਿਲਕਦਮੀ ਦਾ ਉਦੇਸ਼ ਸਕੂਲੀ ਪੱਧਰ ’ਤੇ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਅਤੇ ਸਮੱਸਿਆਵਾਂ ਦੇ ਹੱਲ ਕਰਨ ਦੇ ਰਵੱਈਏ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ।
ਡਾ. ਬਾਵਾ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇਸ ਦੂਰਅੰਦੇਸ਼ ਪਹਿਲਕਦਮੀ ਦੀ ਸ਼ੁਰੂਆਤ ਤੋਂ ਹੁਣ ਤੱਕ ਹਰ ਸਾਲ ਸਮਾਰਟ ਇੰਡੀਆ ਹੈਕਾਥੌਨ ’ਚ ਸ਼ਮੂਲੀਅਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੌਸਲਾ ਅਫ਼ਜਾਈ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ 2017 ਤੋਂ ਹੁਣ ਤੱਕ ਸਮਾਰਟ ਇੰਡੀਆ ਹੈਕਾਥੌਨ ਦਾ ਦਾਇਰਾ ਕਾਫ਼ੀ ਵਧਿਆ ਹੈ, ਜਿਸ ਤਹਿਤ ਬਹੁਗਿਣਤੀ ਵਿਦਿਆਰਥੀ ਇਨੋਵੇਸ਼ਨ ਦੇ ਨਾਲ-ਨਾਲ ਸਮਾਜਿਕ ਪੱਧਰ ’ਤੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲਾਂ ਪ੍ਰਤੀ ਉਤਸ਼ਾਹਿਤ ਹੋਏ ਹਨ।