ਨਵੀਂ ਦਿੱਲੀ- ਭਾਰਤ ਸਰਕਾਰ ਨੇ ਪਰਵਾਸੀ ਭਾਰਤੀਆਂ ਨੂੰ ਆਖਰਕਾਰ ਵੋਟ ਪਾਉਣ ਦੇ ਅਧਿਕਾਰ ਦਾ ਤੋਹਫ਼ਾਂ ਦੇ ਹੀ ਦਿੱਤਾ। ਚੋਣਾਂ ਸਮੇਂ ਉਹ ਆਪਣੇ ਖੇਤਰ ਦੇ ਪੋਲਿੰਗ ਬੂਥ ਤੇ ਆਪਣੀ ਵੋਟ ਪਾ ਸਕਣਗੇ। ਕੇਂਦਰੀ ਕਨੂੰਨ ਮੰਤਰਾਲੇ ਨੇ ਪਰਵਾਸੀ ਭਾਰਤੀਆਂ ਦੇ ਇਸ ਅਧਿਕਾਰ ਲਈ ਪੂਰਾ ਸਵਰੂਪ ਤਿਆਰ ਕਰ ਲਿਆ ਹੈ। ਪ੍ਰਸ਼ਾਸਨਿਕ ਕਾਰਵਾਈ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਸਰਕਾਰ ਨੇ ਲੰਬੇ ਅਰਸੇ ਦੀ ਜਦੋਜਹਿਦ ਤੋਂ ਬਾਅਦ ਪਰਵਾਸੀ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਫੈਸਲਾ ਕਰ ਹੀ ਲਿਆ। ਭਾਂਵੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪਿੱਛਲੇ ਪਰਵਾਸੀ ਸੰਮੇਲਨ ਦੌਰਾਨ ਇਸ ਦਾ ਐਲਾਨ ਕਰ ਦਿੱਤਾ ਸੀ। ਪਰ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਕਨੂੰਨ ਮੰਤਰਾਲੇ ਨੇ ਵੀਰਵਾਰ ਨੂੰ ਇਸ ਨੂੰ ਅਸਲੀ ਰੂਪ ਦੇ ਦਿੱਤਾ ਹੈ। ਭਾਰਤੀ ਪਾਸਪੋਰਟ ਰੱਖਣ ਵਾਲਾ ਕੋਈ ਵੀ ਪਰਵਾਸੀ ਭਾਰਤੀ ਫਾਰਮ-6ਏ ਭਰ ਕੇ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਿਲ ਕਰਵਾ ਸਕਦਾ ਹੈ। ਡਾਕ ਰਾਹੀਂ ਦਰਖਾਸਤ ਦੇਣ ਵਾਲਿਆਂ ਨੂੰ ਫਾਰਮ ਦੇ ਨਾਲ-ਨਾਲ ਵੀਜ਼ਾ ਅਤੇ ਪਾਸਪੋਰਟ ਦੀ ਫੋਟੋਕਾਪੀ ਵੀ ਭੇਜਣੀ ਹੋਵੇਗੀ। ਇਹ ਅਧਿਕਾਰ ਮਿਲਣ ਨਾਲ ਉਹ ਚੋਣ ਲੜਨ ਦੇ ਵੀ ਯੋਗ ਹੋਣਗੇ। ਵੋਟ ਦੀ ਵਰਤੋਂ ਉਹ ਖੁਦ ਪਹੁੰਚ ਕੇ ਹੀ ਕਰ ਸਕਣਗੇ। ਪਛਾਣਪੱਤਰ ਦੇ ਤੌਰ ਤੇ ਉਨ੍ਹਾਂ ਨੂੰ ਪਾਸਪੋਰਟ ਆਪਣੇ ਕੋਲ ਰੱਖਣਾ ਹੋਵੇਗਾ।