ਜਾਨਕੀ ਆਪਣੇ ਕਮਰੇ ਵਿੱਚ ਬੈਠੀ ਸਿਗਰੇਟ ਪੀ ਰਹੀ ਸੀ ਪਲ ਕੁ ਮਗਰੋਂ ਉਹ ਦੋ-ਚਾਰ ਲੰਬੇ-ਲੰਬੇ ਸੂਟੇ ਖਿਚਦੀ ਤੇ ਨਾਲ ਹੀ ਵਿਚਕਾਰਲੀ ਉਂਗਲੀ ਮਾਰ ਕੇ ਸਿਗਰੇਟ ਦੇ ਮੂਹਰਲੇ ਸਿਰੇ ਨਾਲੋਂ ਰਾਖ ਝਾੜ ਦਿੰਦੀ ਸੀ ਅਚਾਨਕ ਜਾਨਕੀ ਦੀ ਉਂਗਲੀ ਸੁਲਗਦੀ ਸਿਗਰੇਟ ਤੇ ਲੱਗ ਗਈ ਤਾਂ ਉਸਨੇ ਇੱਕ ਕਸੀਸ ਜਹੀ ਵੱਟੀ।
ਇਸ ਤਰਾਂ ਹੀ ਜਾਨਕੀ ਨੇ ਛੋਟੀ ਹੁੰਦੀ ਨੇ ਉਦੋਂ ਕਸੀਸ ਵੱਟੀ ਸੀ ਜਦ ਉਸਦੇ ਬਾਪ ਨੇ ਚੁੱਲੇ ਵਿੱਚੋਂ ਜਲਦੀ ਲੱਕੜੀ ਕੱਢ ਕੇ ਉਸਨੂੰ ਕੁੱਟਿਆ ਸੀ। ਫਿਰ ਬਾਪ ਦੀ ਮੌਤ ਹੋ ਗਈ ਤਾਂ ਭਰਾ ਉਸਤੋਂ ਵੀ ਦੋ ਰੱਤੀਆਂ ਅੱਗੇ ਸੀ। ਬੁਰੀ ਸੰਗਤ ਵਿੱਚ ਪੈ ਕੇ ਭਰਾ ਤਰਾਂ-ਤਰਾਂ ਦੇ ਨਸ਼ੇ ਕਰਨ ਲੱਗ ਪਿਆ ਉਸਦੀਆਂ ਅੱਖਾਂ ਨੀ ਸੀ ਖੁੱਲਦੀਆਂ ਪਰ ਉਸਦੇ ਨਾਲ ਘਰ ਆਏ ਉਸਦੇ ਲਫੰਡਰ ਯਾਰ-ਦੋਸਤ ਜਾਨਕੀ ਨੂੰ ਦੇਖਦੇ ਵਕਤ ਅੱਖ ਨੀ ਸੀ ਝਮਕਦੇ।
ਜਾਨਕੀ ਦੇ ਖਿਆਲਾਂ ਦੀ ਲੜੀ ਟੁੱਟੀ ਜਦੋਂ ਬਾਹਰੋਂ ਕਿਸੇ ਨੌਕਰ ਨੇ ਉਸਨੂੰ ਦੱਸਿਆ ਕਿ ਕੋਈ ਮਿਲਣ ਲਈ ਬੈਠਾ। ਜਦ ਜਾਨਕੀ ਦਾ ਭਰਾ ਅੰਦਰ ਆਇਆ ਤਾਂ ਜਾਨਕੀ ਉਸਨੂੰ ਦੇਖ ਹੈਰਾਨ ਹੋ ਗਈ ਉਸਦੇ ਵਾਲ਼ ਚਿੱਟੇ ਹੋ ਗਏ ਸੀ ਸਰੀਰ ਲੱਕੜ ਵਰਗਾ ਪਤਲਾ ਪਿੱਠ ਵਿੱਚ ਕੁੱਬ ਪੈ ਗਿਆ ਸੀ। ਜਾਨਕੀ ਦੇ ਹੱਥ ਵਿੱਚ ਸਿਗਰੇਟ ਦੇਖਕੇ ਉਹ ਖਿਝ ਗਿਆ ‘ਜਾਨਕੀ ਪਾਗਲ ਆਂ ਤੂੰ ਸਿਗਰੇਟ ਪੀ ਰਹੀ ਆਂ? ਉਸਦੀ ਗੱਲ ਸੁਣ ਕੇ ਹੱਸਦੀ ਹੋਈ ਜਾਨਕੀ ਨੇ ਸ਼ਰਾਬ ਦੀ ਬੋਤਲ ਵਿੱਚੋਂ ਇੱਕ ਮੋਟਾ ਪੈੱਗ ਪਾ ਕੇ ਪੀਣਾ ਸ਼ੁਰੂ ਕਰਤਾ।
‘ਕੀ ਸਮਝਦੀ ਤੂੰ ਆਪਣੇ ਆਪ ਨੂੰ ਜਾਨਕੀ ਕੋਈ ਸ਼ਰਮ-ਹਯਾ ਹੈ ਕੀ ਨਹੀਂ ਤੂੰ ਮੇਰੇ ਸਾਹਮਣੇ ਵੀ ਇਹ ਸਭ?
ਉਸਦੀ ਗੱਲ ਸੁਣ ਕੇ ਜਾਨਕੀ ਨੇ ਹਥਲਾ ਪੈੱਗ ਠਾਹ ਕਰਦਾ ਜ਼ਮੀਨ ਤੇ ਮਾਰਿਆ ”ਤੂੰ ਮੈਨੂੰ ਸ਼ਰਮ ਹਯਾ ਸਿਖਾਉਂਗਾ ਕੁੱਤਿਆ ਉਦੋਂ ਕਿੱਥੇ ਸੀ ਤੂੰ ਜਦੋਂ ਤੇਰੇ ਦੋਸਤਾਂ ਨੇ ਮੈਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ ਕਿੱਥੇ ਸੀ ਤੂੰ ਜਦੋਂ ਤੇਰੇ ਕੀਤੇ ਉਧਾਰ ਖਾਤਿਰ ਸੇਠ ਮੈਨੂੰ ਇੱਥੇ ਵੇਚ ਗਿਆ ਸੀ ਤੂੰ ਮੈਨੂੰ ਪਾਗਲ ਕਹਿੰਦਾ ਮੈਂ ਜੋ ਵੀ ਆਂ ਤੁਸੀਂ ਬਣਾਇਆ ਮੈਨੂੰ ਮੈਂ ਆਪ ਨੀ ਬਣੀ।”
ਕਾਰਡ
ਰਮਾ ਨੂੰ ਰਾਤੀ ਚੰਗੀ ਤਰਾਂ ਨੀਂਦ ਵੀ ਨਹੀਂ ਆਈ ਸੀ। ਨੀਂਦ ਉਸਨੂੰ ਉਸ ਰਾਤ ਵੀ ਨਹੀਂ ਆਈ ਸੀ ਜਦ ਉਹ ਪਹਿਲੀ ਵਾਰ ਇਸ ਕੋਠੇ ਤੇ ਲਿਆਂਦੀ ਗਈ ਸੀ। ਸਵੇਰ ਹੋਈ ਤਾਂ ਰਮਾ ਨੇ ਨਹਾਤਾ ਧੋਤਾ ਵੀ ਨਾ ਤੇ ਨਾ ਹੀ ਕੋਈ ਹਾਰ ਸ਼ਿੰਗਾਰ ਕੀਤਾ।
ਗਾਹਕ ਤਾਂ ਹੋਰ ਵੀ ਕਈ ਕਿਸਮ ਦੇ ਆਉਂਦੇ ਜਾਂਦੇ ਸੀ ਰਮਾ ਕੋਲ ਪਰ ਜਦੋਂ ਤੋਂ ਰਮੇਸ਼ ਆਉਣ ਲੱਗਾ ਸੀ ਉਸ ਦਿਨ ਤੋਂ ਰਮਾ ਦਾ ਮਨ ਕਿਸੇ ਹੋਰ ਦੇ ਲਾਗੇ ਜਾਣ ਨੂੰ ਨਹੀਂ ਸੀ ਮੰਨਦਾ, ਉਹ ਵੱਖਰੀ ਗੱਲ ਹੈ ਕਿ ਜਦੋਂ ਕਿਤੇ ਖਾਲਾ ਉਸਨੂੰ ਬਹੁਤਾ ਹੀ ਤੱਤੀ ਹੋ ਕੇ ਪੈਂਦੀ ਤਾਂ ਉਹ ਇੱਕ ਅੱਧੇ ਸੇਠ-ਸ਼ਾਹੂਕਾਰ ਨੂੰ ਭੁਗਤਾ ਵੀ ਦਿੰਦੀ ਹੁੰਦੀ ਸੀ।
ਦੋ ਕੁ ਦਿਨ ਪਹਿਲਾਂ ਜਦ ਰਮੇਸ਼ ਨੇ ਰਾਤ ਨੂੰ ਉਸਦੀਆਂ ਜੁਲਫਾਂ ਵਿੱਚ ਹੱਥ ਫੇਰਦੇ ਹੋਏ ਉਸਨੂੰ ਇਹ ਗੱਲ ਕਹੀ ਸੀ ਕਿ ‘ਰਮਾ ਮੈਂ ਹੁਣ ਐਥੇ ਨੀ ਆਇਆ ਕਰਨਾ’ ਰਮੇਸ਼ ਦੀ ਇਸ ਇੱਕੋ ਗੱਲ ਨੇ ਹੀ ਰਮਾ ਦੇ ਸਾਹ ਸੂਤ ਲਏ ਸੀ। ਰਮੇਸ਼ ਦੇ ਉੱਥੇ ਨਾ ਆਉਣ ਦਾ ਕਾਰਣ ਪੁੱਛਣ ਦੀ ਵੀ ਹਿੰਮਤ ਨਹੀਂ ਰਹੀ ਸੀ ਰਮਾ ਵਿੱਚ ਕਰੀਬ ਚਾਰ ਦਿਨਾਂ ਤੱਕ ਰਮਾ ਨੇ ਫਿਰ ਆਪਣੇ ਪਲੰਘ ਦੇ ਲਾਗੇ ਤੱਕ ਵੀ ਕਿਸੇ ਨੂੰ ਆਉਣ ਨਹੀਂ ਦਿੱਤਾ ਉਸਨੂੰ ਇਸ ਤਰਾ ਲੱਗਦਾ ਸੀ ਕਿ ਜਿਵੇਂ ਰਮੇਸ਼ ਦੇ ਜਾਣ ਨਾਲ ਉਸਦੀ ਰੂਹ ਵੀ ਸਰੀਰ ਵਿੱਚੋਂ ਨਿਕਲ ਕੇ ਉਸਦੇ ਨਾਲ ਚਲੀ ਗਈ ਹੋਵੇ।
ਕੋਠੇ ਤੇ ਆਸ-ਪਾਸ ਦੇ ਕਮਰੇ ਵਾਲੀਆਂ ਕੁੜੀਆਂ ਨੇ ਦੇਖਿਆ ਕਿ ਰਮਾ ਹੱਦ ਤੋਂ ਵੱਧ ਸ਼ਰਾਬ ਪੀਣ ਲੱਗ ਪਈ ਸੀ। ਫਿਰ ਇੱਕ ਰਾਤ ਰਮੇਸ਼ ਉਸਨੂੰ ਮਿਲਣ ਆਇਆ ਤੇ ਛੇਤੀ ਹੀ ਚਲਾ ਗਿਆ। ਜਦ ਸਵੇਰੇ ਰਮਾ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਉਹ ਮਰੀ ਪਈ ਸੀ ਤੇ ਉਸਦੇ ਹੱਥ ਵਿੱਚ ਰਮੇਸ਼ ਦੇ ਵਿਆਹ ਦਾ ਕਾਰਡ ਸੀ।