ਪਹਿਲਾਂ-ਪਹਿਲ ਦੇਵ ਗਾਇਤਰੀ ਕੋਲ ਮਹੀਨੇ ਵਿੱਚ ਇੱਕ ਅੱਧੀ ਵਾਰ ਹੀ ਆਉਂਦਾ ਸੀ ਫਿਰ ਉਹ ਆਏ ਹਫਤੇ ਆਉਣ ਲੱਗ ਪਿਆ ਅੰਤ ਉਹ ਹਰ ਰੋਜ਼ ਹੀ ਗਾਇਤਰੀ ਕੋਲ ਆ ਕੇ ਪੈਣ ਲੱਗ ਪਿਆ। ਹੌਲੀ-ਹੌਲੀ ਗਾਇਤਰੀ ਦਾ ਵੀ ਉਸਦੇ ਨਾਲ ਪਿਆਰ ਪੈ ਗਿਆ ਤੇ ਉਹ ਬਾਕੀ ਗਾਹਕਾਂ ਨਾਲੋਂ ਪਾਸਾ ਪਲਟਣ ਲੱਗ ਪਈ। ਖਾਲਾ ਨੇ ਗਾਇਤਰੀ ਨੂੰ ਕਈ ਵਾਰੀ ਸਮਝਾਇਆ ਸੀ ਕਿ ਜੋ ਕੰਮ ਉਹ ਕਰਦੀ ਆ ਉਸ ਵਿੱਚ ਜਜ਼ਬਾਤਾਂ ਜਾਂ ਪਿਆਰ ਮੁਹੱਬਤ ਦਾ ਕੋਈ ਨਾਂ-ਨਿਸ਼ਾਨ ਨਹੀਂ ਪਰ ਗਾਇਤਰੀ ਨਾਂ ਮੰਨੀ।
ਕਈ ਵਾਰ ਦੇਵ ਸਵੇਰ ਨੂੰ ਆਪਣੀ ਕੋਈ ਨਾ ਕੋਈ ਚੀਜ਼ ਲਿਜਾਉਣੀ ਭੁੱਲ ਜਾਂਦਾ ਤਾਂ ਗਾਇਤਰੀ ਸਾਰਾ-ਸਾਰਾ ਦਿਨ ਉਸੇ ਇੱਕ ਚੀਜ਼ ਨੂੰ ਦੇਖਕੇ ਉਸਨੂੰ ਯਾਦ ਕਰਦੀ ਰਹਿੰਦੀ। ਸਵੇਰੇ ਜਦ ਦੇਵ ਦੀ ਇੱਕ ਕਮੀਜ਼ ਗਾਇਤਰੀ ਕੋਲ ਰਹਿ ਗਈ ਤਾਂ ਉਹ ਉਸ ਕਮੀਜ਼ ਨੂੰ ਪਾ ਕੇ ਬੈਠੀ ਰਹੀ। ਉਸਨੂੰ ਦੇਖਕੇ ਬਾਕੀ ਕੁੜੀਆਂ ਉਸਦਾ ਮਜ਼ਾਕ ਬਣਾਉਣ ਲੱਗੀਆਂ ਪਰ ਉਸਨੇ ਪਰਵਾਹ ਨਾ ਕੀਤੀ।
ਫਿਰ ਹੌਲ਼ੀ-ਹੌਲ਼ੀ ਦੇਵ ਦਾ ਆਉਣਾ ਜਾਣਾ ਘਟ ਗਿਆ ਤੇ ਗਾਇਤਰੀ ਦੇ ਚਿਹਰੇ ਤੇ ਹਾਸੇ ਦਾ ਆਉਣਾ ਵੀ ਹੁਣ ਬਹੁਤ ਹੀ ਘੱਟ ਗਿਆ ਸੀ। ਉਸ ਦਿਨ ਤਾਂ ਗਾਇਤਰੀ ਨੂੰ ਧਰਤੀ ਵਿਹਲ ਨੀ ਸੀ ਦਿੰਦੀ ਜਿਸ ਦਿਨ ਉਸਨੂੰ ਪਤਾ ਲੱਗਾ ਸੀ ਕਿ ਦੇਵ ਦਾ ਵਿਆਹ ਹੋ ਗਿਆ ਹੈ।
ਇੱਕ ਦਿਨ ਦੇਵ ਜਦ ਕੋਠੇ ਤੇ ਆਇਆ ਤਾਂ ਉਸਨੇ ਆਪਣੀ ਤੇ ਘਰਵਾਲੀ ਦੀ ਤਸਵੀਰ ਗਾਇਤਰੀ ਨੂੰ ਦਿਖਾਈ ਤੇ ਫਿਰ ਜਾਣ ਲੱਗੇ ਉਸਨੇ ਗਾਇਤਰੀ ਕੋਲੋਂ ਆਪਣੀ ਕਮੀਜ਼ ਵੀ ਮੰਗ ਲਈ। ਜਦ ਗਾਇਤਰੀ ਨੇ ਕਮੀਜ਼ ਲਾਹ ਕੇ ਦੇਵ ਨੂੰ ਫੜਾਈ ਤਾਂ ਉਸਨੂੰ ਮਹਿਸੂਸ ਹੋਇਆ ਜਿਵੇਂ ਅਸਲ ਵਿੱਚ ਅੱਜ ਉਹ ਨੰਗੀ ਹੋਈ ਹੋਵੇ ਜਦਕਿ ਪਹਿਲਾਂ ਉਹ ਦੇਵ ਦੀ ਕਮੀਜ਼ ਵਿੱਚ ਆਪਣੇ-ਆਪ ਨੂੰ ਢਕਿਆ ਸਮਝਦੀ ਸੀ।
ਦਿਲ
ਸੁਮਿਤਰਾ ਸਜ-ਧਜ ਕੇ ਆਪਣੇ ਕਮਰੇ ਵਿੱਚ ਬੈਠੀ ਸੀ ਕੁਝ ਪਲਾਂ ਬਾਅਦ ਹੀ ਡਰਦਾ-ਡਰਦਾ ਇੱਕ ਸ਼ਰੀਫ ਜਿਹਾ ਮੁੰਡਾ ਅੰਦਰ ਆ ਗਿਆ ਤਾਂ ਸੁਮਿਤਰਾ ਫਟਾ-ਫਟ ਪਲੰਘ ਤੋਂ ਉੱਠ ਕੇ ਉਸਦੇ ਵੱਲ ਚੱਲ ਗਈ।
‘ਉਹ ਹੈਲੋ ਕਿੱਧਰ ਮੂੰਹ ਚੱਕਿਆ ਆ ਕੌਣ ਆਂ ਤੂੰ?
”ਮੈਂ ਤਾਂ ਜੀ ਮੈਂ ਤਾਂ ਬੱਸ ਉਦਾਂ ਈ….
‘ਕੀ ਓਦਾਂ ਈ ਹੈਂ ਦੱਸ ਬੋਲਦਾ ਨੀ ਕਿਹਨੇ ਭੇਜਿਆ ਤੈਨੂੰ ਐਥੇ ਨਾਲ਼ੇ ਇਹ ਦੱਸ ਆਇਆ ਕਿੱਥੋਂ ਤੂੰ?
”ਨਹੀਂ ਨਹੀਂ ਭੇਜਿਆ ਤਾਂ ਕਿਸੇ ਨੇ ਨੀ ਮੈਂ ਆਪ ਈ ਆਇਆਂ ਤੇ ਘਰੋਂ ਆਇਆ ਮੈਂ।
‘ੳਏ ਝੂਠ ਕਿਉਂ ਬੋਲਦਾ ਆਂ ਆਹ ਸਕੂਲ ਦੀ ਵਰਦੀ ਪਾ ਕੇ ਤੂੂੰ ਘਰੋਂ ਆਇਆਂ?
”ਨਹੀਂ ਉਹ ਮੇਰੇ ਹੋਰ ਵੀ ਦੋਸਤ ਆਏ ਆ ਉਹ ਦੂਸਰੇ ਕਮਰਿਆਂ ਵਿੱਚ ਚੱਲ ਗਏ ਮੈਨੂੰ ਕਿਸੇ ਨੇ ਇਧਰ ਭੇਜਤਾ….
‘ਚੁੱਪ ਖਬਰਦਾਰ ਜੇ ਮੂੰਹੋਂ ਕੋਈ ਹੋਰ ਬੋਲ ਕੱਢਿਆ ਤਾਂ ਨਾਲ਼ੇ ਅੱਗੇ ਤੋਂ ਐਥੇ ਨੀ ਆਉਣਾ ਐਥੇ ਕੀ ਐਦਾਂ ਦੀ ਹੋਰ ਵੀ ਕਿਸੇ ਜਗਾਹ ਤੇ ਨੀ ਜਾਣਾ ਸਮਝਿਆ?
”ਠੀਕ ਹੈ ਨਹੀਂ ਆਉਂਗਾ ਕਦੇ ਨਹੀਂ ਆਊਂਗਾ।
ਜਦ ਉਹ ਮੁੰਡਾ ਕਮਰੇ ਤੋਂ ਬਾਹਰ ਚੱਲ ਗਿਆ ਤਾਂ ਸੁਮਿਰਤਾ ਪਲੰਘ ਤੇ ਲੰਮੀ ਪੈ ਕੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਸਨੂੰ ਰੋਂਦੀ ਦੇਖ ਕੇ ਨਾਲ਼ ਦੇ ਕਮਰੇ ਵਿੱਚੋਂ ਤਾਰਿਕਾ ਆ ਗਈ। ਇਹ ਸੁਮਿਤਰਾ ਰੋਂਦੀ ਕਿਉਂ?
‘ਤਾਰਿਕਾ ਤੈਨੂੰ ਪਤਾ ਹੁਣੇ-ਹੁਣੇ ਐਥੇ ਕੌਣ ਆਇਆ ਸੀ?
”ਨਹੀਂ ਸੁਮਿਤਰਾ ਤੂੰ ਦੱਸ ਕੌਣ ਆਇਆ ਸੀ?
‘ਮੇਰਾ ਭਰਾ ਆਇਆ ਸੀ ਤਾਰਿਕਾ ਮੇਰੇ ਚਾਚੇ ਦਾ ਮੁੰਡਾ ਆ ਉਹ ਮੈਂ ਉਹਨੂੰ ਡਾਂਟ ਕੇ ਭਜਾਤਾ ਤਾਰਿਕਾ ਪਰ ਮੇਰਾ ਦਿਲ ਉਹਨੂੰ ਗਲ਼ੇ ਲਾਉਣ ਨੂੰ ਕਰਦਾ ਸੀ।