ਮਧੂ ਕਮਰੇ ਵਿੱਚ ਬੈਠੀ ਆਪਣੇ ਵਾਲ਼ ਸਵਾਰ ਰਹੀ ਸੀ ਤੇ ਨਾਲ-ਨਾਲ ਕਿਸੇ ਹਿੰਦੀ ਗੀਤ ਨੂੰ ਮੂੰਹ ਵਿੱਚ ਗੁਣ-ਗੁਣਾ ਰਹੀ ਸੀ। ਜਦ ਮਧੂ ਦਾ ਧਿਆਨ ਦਰਵਾਜ਼ੇ ਵੱਲ ਗਿਆ ਤਾਂ ਵਾਲਾਂ ਵਿੱਚ ਫਿਰਦਾ ਕੰਘਾ ਥਾਂ ਹੀ ਰੁਕ ਗਿਆ ਤੇ ਉਹ ਖੜੀ ਹੋ ਗਈ।
‘ਮੰਮੀ ਤੂੰ ਐਥੇ ਕੀ ਕਰਨ ਆਈ ਆਂ?
”ਮਧੂ ਮੈਂ ਤੈਨੂੰ ਘਰ ਲੈ ਕੇ ਜਾਣ ਲਈ ਆਈ ਆਂ।
‘ਹਾ-ਹਾ-ਹਾ ਇਹ ਮੇਰਾ ਘਰ ਆ ਮੰਮੀ ਉਹ ਤੇਰਾ ਘਰ ਆ ਇਹ ਮੇਰਾ ਘਰ ਆ।
”ਕਿਉਂ ਮਧੂ ਉਹ ਕਿਉਂ ਨੀ ਤੇਰਾ ਘਰ ਕਿਸੇ ਵਕਤ ਤੂੰ ਉੱਥੇ ਈ ਰਹਿੰਦੀ ਸੀ।
‘ਉਹ ਇੱਜ਼ਤਦਾਰਾਂ ਦਾ ਘਰ ਆ ਮੰਮੀ ਤੇ ਇਹ….
”ਨਾ ਮਧੂ ਨਾ ਐਦਾਂ ਕਹਿ ਕੇ ਮੇਰੇ ਸੀਨੇ ਖੰਜਰ ਨਾ ਖੋਭ ਪੁੱਤ ਛੱਡ ਦੇ ਇਹ ਸਭ ਤੇ ਘਰ ਚੱਲ ਪਹਿਲਾਂ ਵਾਂਗੂੰ ਸਾਡੇ ਵਿੱਚ ਰਹਿ।
‘ਨਹੀਂ ਮੰਮੀ ਹੁਣ ਨੀ ਇਹ ਸਭ ਛੱਡ ਹੁਣਾ ਹੁਣ ਤਾਂ ਮਰਕੇ ਹੀ ਛੱਡ ਹੋਊ।
ਫਿਰ ਮਧੂ ਨੇ ਦਰਾਜ ਵਿੱਚੋਂ ਇੱਕ ਸਿਗਰੇਟ ਕੱਢੀ ਤੇ ਲੰਬੇ-ਲੰਬੇ ਸੂਟੇ ਲਾ ਕੇ ਹਵਾ ਵਿੱਚ ਧੂੰਆ ਉਡਾਉਣ ਲੱਗ ਪਈ।
‘ਜਾਹ ਮੰਮੀ ਤੂੰ ਘਰ ਜਾਹ ਐਥੇ ਤੇਰਾ ਸਾਹ ਘੁੱਟਦਾ ਹੋਓੂ।
”ਤੇਰਾ ਸਾਹ ਨੀ ਘੁੱਟਦਾ ਮਧੂ ਐਥੇ?
‘ਹਾ-ਹਾ ਮੈਂ ਤਾਂ ਬੇਬਸ ਆਂ ਮੰਮੀ ਨਾਲ਼ੇ ਮੈਨੂੰ ਤਾਂ ਹੁਣ ਸਾਹ ਈ ਐਥੇ ਆਉਂਦਾ ਆ।
”ਛੱਡ ਵੀ ਇਹ ਗੱਲਾਂ ਮਧੂ ਚੱਲ ਤੁਰ ਮੇਰੇ ਨਾਲ ਚੱਲ ਗੱਲ ਮੰਨ।
ਜਦ ਨੂੰ ਬਾਹਰੋਂ ਕੋਈ ਨੌਕਰ ਕਮਰੇ ਅੰਦਰ ਆ ਗਿਆ।
‘ਮਧੂਬਾਲਾ ਤੂੰ ਪੰਜ ਨੰਬਰ ਕਮਰੇ ਵਿੱਚ ਚੱਲ ਜਾ ਸੇਠ ਆਇਆ ਆ।’
ਸੁਣ ਕੇ ਮਧੂ ਨੇ ਸਿਗਰੇਟ ਜ਼ਮੀਨ ਤੇ ਸੁੱਟ ਕੇ ਪੈਰ ਨਾਲ ਮਸਲ ਦਿੱਤੀ ਤੇ ਪੰਜ ਨੰਬਰ ਕਮਰੇ ਵਿੱਚ ਚੱਲ ਗਈ। ਪਿੱਛੇ ਉਸਦੇ ਕਮਰੇ ਵਿੱਚ ਖੜੀ ਉਸਦੀ ਮਾਂ ਬਰਲ-ਬਰਲ ਕਰਕੇ ਰੋਣ ਲੱਗ ਪਈ।
ਦੀਦੀ
ਬਜ਼ਾਰ ਦੇ ਵਿੱਚ ਜਾ ਕੇ ਇੱਕ ਪਤਲੀ ਜਿਹੀ ਗਲ਼ੀ ਦੇ ਸਿਰੇ ਤੇ ਜਾ ਕੇ ਸੀ ਇਹ ਕੋਠਾ। ਆਮ ਤੌਰ ਤੇ ਸਾਰੇ ਇਸ ਕੋਠੇ ਨੂੰ ਪਤਲੀ ਗਲ਼ੀ ਵਾਲਾ ਕੋਠਾ ਕਹਿੰਦੇ ਸਨ। ਪਲੰਘ ਤੇ ਲੰਮੀ ਪਈ ਸ਼ੋਬੀਆ ਨੂੰ ਇਹ ਕੋਠਾ ਉਸ ਵੇਲੇ ਚੌੜੀ ਗਲ਼ੀ ਵਾਲਾ ਲੱਗਾ ਸੀ ਜਦ ਉਸਨੂੰ ਇੱਥੇ ਲਿਆਦਾ ਗਿਆ ਸੀ। ਪਰ ਹੁਣ ਜਦ ਉਹ ਸਾਲਾਂ ਬਾਅਦ ਵੀ ਇਸ ਕੋਠੇ ਨੂੰ ਛੱਡ ਕੇ ਆਮ ਜ਼ਿੰਦਗੀ ਨਹੀਂ ਜੀਅ ਸਕੀ ਸੀ ਤਾਂ ਉਸਨੂੰ ਯਕੀਨ ਹੋ ਗਿਆ ਸੀ ਕਿ ਲੋਕ ਸੱਚੇ ਹੀ ਇਹਨੂੰ ਪਤਲੀ ਗਲ਼ੀ ਵਾਲਾ ਕੋਠਾ ਕਹਿੰਦੇ ਨੇ ਉਹ ਪਤਲੀ ਗਲ਼ੀ ਜਿਸ ਵਿੱਚੋਂ ਉਸਤੋਂ ਅੱਜ ਤੱਕ ਬਾਹਰ ਨਹੀਂ ਸੀ ਨਿੱਕਲ ਹੋਇਆ।
ਸ਼ੋਬੀਆ ਕਈ ਸਾਲਾਂ ਤੋਂ ਇਸ ਕੋਠੇ ਤੇ ਨਰਕ ਭੋਗ ਰਹੀ ਸੀ ਬਹੁਤਿਆਂ ਨੇ ਉਸਨੂੰ ਹੀਰ, ਸੱਸੀ, ਸਾਹਿਬਾ, ਸੋਹਣੀ ਕਿਹਾ ਸੀ ਪਰ ਉਹਨਾਂ ਬਹੁਤਿਆਂ ਵਿੱਚੋਂ ਕੋਈ ਵੀ ਉਸਨੂੰ ਰਾਂਝਾ, ਮਿਰਜਾ, ਮਹਿਵਾਲ ਤੇ ਪਨੂੰ ਬਣ ਕੇ ਨਹੀਂ ਸੀ ਮਿਲਿਆ। ਹਰ ਕਿਸੇ ਲਈ ਬੇਸ਼ਕ ਉਹ ਖ਼ੁਦ ਹੀਰ, ਸੱਸੀ, ਸੋਹਣੀ ਬਣਦੀ ਆਈ ਸੀ ਪਰ ਕੋਈ ਐਸਾ ਨਾ ਆਇਆ ਜੋ ਉਸਦੇ ਦਿਲ ਦਾ ਹਾਲ ਜਾਣ ਸਕਦਾ ਹੋਵੇ।
ਜਿੱਦਾਂ-ਜਿੱਦਾਂ ਰਾਤ ਹੁੰਦੀ ਗਈ ਕੋਠੇ ਤੇ ਨਵੇਂ-ਪੁਰਾਣੇ ਗਾਹਕਾਂ ਦਾ ਤਾਂਤਾ ਬੱਝਦਾ ਗਿਆ। ਅਜੀਬੋ-ਗਰੀਬ ਕਿਸਮ ਦੀਆਂ ਆਵਾਜ਼ਾਂ ਸ਼ੋਬੀਆ ਦੇ ਕੰਨਾਂ ਵਿੱਚ ਪੈ ਰਹੀਆਂ ਸੀ। ਇਹ ਆਵਾਜ਼ਾਂ ਉਸਦੇ ਲਈ ਨਵੀਆਂ ਨਹੀਂ ਸੀ। ਪਰ ਵਿੱਚ-ਵਿੱਚ ਕਿਸੇ ਦੇ ਰੋਣੇ-ਚੀਕਣੇ ਦੀ ਅਵਾਜ਼ ਜਦ ਉਸਦੇ ਕੰਨੀ ਪਈ ਤਾਂ ਉਸਨੂੰ ਝੱਟ ਪਤਾ ਲੱਗ ਗਿਆ ਕਿ ਜ਼ਰੂਰ ਕੋਈ ਨਵੀਂ ਕੁੜੀ ਕੋਠੇ ਤੇ ਲਿਆਂਦੀ ਗਈ ਹੈ। ਉਸਨੇ ਕੋਈ ਦੁੱਖ ਅਨੁਭਵ ਕੀਤਾ ਤਾਂ ਦਰਾਜ ਵਿੱਚੋਂ ਕੱਢ ਕੇ ਦਾਰੂ ਪੀਣ ਲੱਗ ਪਈ। ਹਜੇ ਉਸਨੇ ਦੂਸਰਾ ਪੈੱਗ ਪਾਇਆ ਹੀ ਸੀ ਕਿ ਇੱਕ ਪੰਦਰਾਂ ਕੁ ਸਾਲਾਂ ਦੀ ਕੁੜੀ ਆ ਕੇ ਉਸਦੀਆਂ ਲੱਤਾਂ ਨੂੰ ਚੁੰਬੜ ਗਈ। ”ਦੀਦੀ ਮੈਨੂੰ ਬਚਾ ਲਉ ਮਾਰ ਦੇਣਾ ਮੈਨੂੰ ਮੈਂ ਨੀ ਕਰਨਾ ਇਹ ਕੰਮ।”
ਜਦ ਇੱਕ ਬੰਦਾ ਨੰਗੇ ਧੜ ਅੰਦਰ ਆਇਆ ਤਾਂ ਸ਼ੋਬੀਆ ਨੇ ਪਲੰਘ ਦੇ ਪਾਵੇ ਨਾਲ ਮਾਰਕੇ ਬੋਤਲ ਤੋੜ ਕੇ ਉਹਦੇ ਵੱਲ ਕਰਤੀ। ”ਖਬਰਦਾਰ ਜੇ ਅੱਗੇ ਆਇਆ ਤਾਂ ਚੱਲ ਜਾਕੇ ਕੋਈ ਹੋਰ ਕੁੜੀ ਦਾ ਦਰਵਾਜ਼ਾ ਖੜਕਾ।” ਫਿਰ ਉਹ ਉਸ ਕੁੜੀ ਦਾ ਸਿਰ ਪਲੋਸਣ ਲੱਗ ਪਈ।