ਕਾਫੀ ਸਮੇਂ ਤੋਂ ਸਿਰ ਪਲੋਸ ਰਹੀ ਸੀ ਜਾਨਕੀ ਉਸ ਬੱਚੀ ਦਾ ਪਰ ਫਿਰ ਵੀ ਉਸ ਦੇ ਹਾਉਂਕੇ ਮੁੱਕਣ ਦਾ ਨਾਮ ਹੀ ਨਹੀਂ ਸੀ ਲੈ ਰਹੇ।
‘ਬੱਸ ਬੱਚੇ ਬਸ ਕਰ ਰੋ ਨਾ ਸਿਰ ਚੁੱਕ ਉੱਪਰ ਐਧਰ ਦੇਖ ਮੇਰੇ ਵੱਲ
”ਹੂੰ ਦੀਦੀ।
‘ਰੋਣਾ ਬੰਦ ਕਰ ਸਭ ਠੀਕ ਹੋ ਜਾਣਾ।
”ਕੁਛ ਵੀ ਠੀਕ ਨੀ ਆ ਦੀਦੀ ਮੈਨੂੰ ਬਹੁਤ ਦਰਦ ਹੋ ਰਿਹਾ ਆ ਮੈਂ ਮਰ ਜਾਣਾ।
‘ਐਦਾਂ ਨੀ ਕਹੀਦਾ ਬੱਚੇ ਹੁਣ ਆਪਾਂ ਉਹ ਕੰਮ ਕਰਨਾ ਈ ਨੀ ਜਿਸ ਨਾਲ ਦਰਦ ਹੋਵੇ।
”ਹੈਂ ਦੀਦੀ ਸੱਚੀ?
‘ਹੋਰ ਕੀ ਝੂਠੀ?
”ਦੀਦੀ ਉਸ ਮੋਟੇ ਢਿੱਡਲ ਨੇ ਤਾਂ ਮੈਨੂੰ ਮਾਰ ਈ ਦੇਣਾ ਸੀ ਆਹ ਦੇਖੋ ਉਸਨੇ ਮੇਰਾ ਮੋਢਾ ਖਾ ਲਿਆ ਦੰਦੀਆਂ ਵੱਢ-ਵੱਢ ਕੇ।
‘ਹਾਏ ਰੱਬਾ ਤੇਰੇ ਤਾਂ ਖੂਨ ਸਿੰਮ ਗਿਆ….
”ਦੀਦੀ ਐਦਾਂ ਦੇ ਨਿਸ਼ਾਨ ਪੱਟਾਂ ਤੇ ਵੀ ਆ ਤਾਂਹੀ ਰੋਂਦੀ ਆਂ ਮੈਂ।
‘ਬੱਸ ਹੁਣ ਨੀ ਰੋਣਾ ਕੁਛ ਨੀ ਸੋਚਣਾ ਬੱਸ ਸ਼ਾਂਤ ਹੋ ਜਾ।
ਜਾਨਕੀ ਦੇ ਐਨਾ ਕਹਿਣ ਦੀ ਦੇਰ ਹੀ ਸੀ ਕੀ ਦਹਾੜ-ਦਹਾੜ ਕਰਦੇ ਦੋ ਬੰਦੇ ਆਏ ਤੇ ਜ਼ਬਰਦਸਤੀ ਉਸ ਬੱਚੀ ਨੂੰ ਘੜੀਸਣ ਲੱਗੇ।
”ਕਿੱਥੇ ਲੈ ਕੇ ਜਾ ਰਹੇ ਇਸਨੂੰ?
‘ਕਿਤੇ ਨੀ ਕਮਰੇ ਵਿੱਚ ਹੀ ਗਾਹਕ ਆਇਆ ਇਸਦਾ।
”ਦੀਦੀ-ਦੀਦੀ ਬਚਾਉ ਮੈਨੂੰ ਤੁਸੀਂ ਤਾਂ ਕਹਿੰਦੇ ਸੀ ਹੁਣ ਬੱਸ” ਪਰ ਇਹ ਤਾਂ ਚਾਹ ਕੇ ਵੀ ਜਾਨਕੀ ਰੋਕ ਨਾ ਸਕੀ ਪਰ ਦੂਸਰੇ ਕਮਰੇ ਵਿੱਚੋਂ ਆਉਂਦੀਆਂ ਚੀਕਾਂ ਸੁਣਨੋ ਰੋਕਣ ਲਈ ਉਸਨੇ ਕੰਨਾਂ ਤੇ ਹੱਥ ਜਰੂਰ ਧਰ ਲਏ।
ਜਮਦੂਤ
‘ਦੀਦੀ ਮੈਂ ਹੋਰ ਨੀ ਰਹਿਣਾ ਚਾਹੁੰਦੀ ਐਥੇ।
”ਲੈ ਤਾਂ ਦੱਸ ਭਲਾ ਆਨੰਦੀ ਐਥੇ ਕੌਣ ਰਹਿਣਾ ਚਾਹੁੰਦਾ ਆ?
ਪਰ ਇਸ ਜਗਾਹ ਨੂੰ ਅਸੀਂ ਛੱਡ ਵੀ ਨਹੀਂ ਸਕਦੀਆਂ।
‘ਕਿਉਂ ਦੀਦੀ ਛੱਡ ਕਿਉਂ ਨੀ ਸਕਦੇ ਆਪਾਂ ਅੱਖ ਬਚਾ ਕੇ ਭੱਜ ਜਾਵਾਂਗੇ।
”ਅੱਛਾ ਬਹੁਤ ਸਿਆਣੀ ਬਣਦੀ ਆਂ ਤੂੰ ਜਾ ਕੇ ਪੁੱਛ ਉਰਮਿਲਾ ਨੂੰ ਜਦੋਂ ਉਹ ਭੱਜਣ ਲੱਗੀ ਫੜ ਹੋ ਗਈ ਸੀ ਤਾਂ ਖਾਲਾ ਨੇ ਉਸਦਾ ਕੀ ਹਾਲ ਕੀਤਾ ਸੀ।
‘ਕੀ ਕੀਤਾ ਸੀ ਉਸਦੇ ਨਾਲ ਦੀਦੀ?
”ਕਰਨਾ ਕੀ ਸੀ ਕੁੱਟ-ਕੁੱਟ ਕੇ ਉਸਦਾ ਤੂੰਬਾ ਬਣਾਤਾ ਸੀ ਖਾਲਾ ਨੇ ਨਾਲ਼ੇ ਪੂਰੇ ਪੰਜ ਦਿਨ ਤੱਕ ਉਸਨੂੰ ਉਨੀਂਦਰੀ ਰੱਖਿਆ ਸੀ ਤੇ ਉਹਨਾਂ ਪੰਜ ਦਿਨਾਂ ਵਿੱਚ ਉਸਨੇ 28 ਗਾਹਕ ਭੁਗਤਾਏ ਸੀ।
‘ਹਾਏ ਦੀਦੀ ਬੜੀ ਦਰਦਨਾਕ ਸ਼ਜਾ ਮਿਲੀ ਉਸਨੂੰ ਤਾਂ….
”ਇਹ ਤਾਂ ਕੁਛ ਵੀ ਨੀ ਚੇਤਨਾ ਦੱਸਦੀ ਹੁੰਦੀ ਆ ਕੀ ਇੱਕ ਬੰਦੇ ਨੇ ਤਾਂ ਇੱਕ ਬਰੀਕ ਛਿਟੀ ਲੈ ਕੇ ਖਾਲਾ ਦੇ ਕਹਿਣ ਤੇ ਉਸਦੀ ਚੰਮ ਉਧੇੜ ਦਿੱਤੀ ਸੀ। ਉਸਦੇ ਕੱਪੜੇ ਵੀ ਲੰਗਾਰ ਕਰਤੇ ਸੀ ਫਾੜ ਕੇ।
ਤੌਬਾ-ਤੌਬਾ ਦੀਦੀ ਮੈਂ ਤਾਂ ਅੱਗੇ ਤੋਂ ਭੱਜਣ ਬਾਰੇ ਕਦੇ ਸੋਚਣਾ ਵੀ ਨਹੀਂ।
”ਅਸੀਂ ਭੱਜ ਨੀ ਸਕਦੀਆਂ ਸਾਨੂੰ ਤਾਂ ਐਥੋਂ ਸਿਰਫ ਮੌਤ ਹੀ ਕੱਢ ਸਕਦੀ ਆ ਉਹ ਦੇਖੋ ਕਦੋਂ ਆਉਂਦੀ।
‘ਚੁੱਪ ਕਰ ਦੀਦੀ ਕਿਤੇ ਖਾਲਾ ਸੁਣਦੀ ਨਾ ਹੋਵੇ ਨਹੀਂ ਤਾਂ ਉਸਨੇ ਮੌਤ ਨੂੰ ਵੀ ਪੈਸੇ ਦੇ ਕੇ ਪਿੱਛੇ ਮੋੜ ਦੇਣਾ ਜਿੱਦਾਂ ਪੁਲਸੀਆਂ ਨੂੰ ਮੋੜਦੀ ਹੁੰਦੀ।
”ਹਾ-ਹਾ ਸਹੀ ਗੱਲ ਆ ਆਨੰਦੀ ਉਹ ਤਾਂ ਜਮਦੂਤ ਤੋਂ ਵੀ ਦੋ ਰੱਤੀਆਂ ਉਪਰ ਆ।