ਚੰਡੀਗੜ੍ – ਵੱਖ-ਵੱਖ ਖੇਤਰਾਂ ’ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ‘ਪ੍ਰਾਈਡ ਆਫ਼ ਪੰਜਾਬ’ ਐਵਾਰਡ ਗੁਣਵੱਤਾਪੂਰਨ ਸਕੂਲ ਸਿੱਖਿਆ ਦੇ ਖੇਤਰ ’ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਫੈਪ) ਵੱਲੋਂ ਇਸ ਸਾਲ ਕੌਮੀ ਪੱਧਰ ’ਤੇ ‘ਨੈਸ਼ਨਲ ਸਕੂਲ ਐਵਾਰਡ-2022’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਐਵਾਰਡਾਂ ਲਈ ਵੱਖ-ਵੱਖ ਸ਼੍ਰੇਣੀਆਂ ਅਧੀਨ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਬੈਸਟ ਸਕੂਲ, ਬੈਸਟ ਪਿ੍ਰੰਸੀਪਲ, ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਸ ਵਰ੍ਹੇ ਅਕਾਦਮਿਕ ਅਤੇ ਖੇਡਾਂ ਸਮੇਤ ਹੋਰਨਾਂ ਖੇਤਰਾਂ ’ਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ‘ਪ੍ਰਾਈਡ ਆਫ਼ ਪੰਜਾਬ’ ਐਵਾਰਡ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ। ਮਿਆਰੀ ਸਕੂਲ ਵਿਦਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਫੈਪ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਇਹ ਵਕਾਰੀ ਐਵਾਰਡ ਦਿੱਤੇ ਜਾਣਗੇ। ਇਹ ਜਾਣਕਾਰੀ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ ’ਤੇ ਮੌਜੂਦ ਸਨ।
ਐਵਾਰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਕੇਵਲ ਸੂਬਾ ਪੱਧਰ ’ਤੇ ਬਲਕਿ ਕੌਮੀ ਪੱਧਰ ’ਤੇ ਪ੍ਰਾਈਵੇਟ ਸਕੂਲਾਂ ਨੇ ਇੱਕ ਸੁਚੱਜਾ ਵਿਦਿਅਕ ਮਾਡਲ ਅਪਣਾਉਂਦਿਆਂ ਇੱਕ ਵਿਸ਼ਵਪੱਧਰੀ ਵਿਦਿਅਕ ਪ੍ਰਣਾਲੀ ਸਥਾਪਿਤ ਕੀਤੀ ਹੈ। ਇਸੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਸ ਵਰ੍ਹੇ ਫੈਪ ਵੱਲੋਂ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਪ੍ਰਾਈਵੇਟ ਸਕੂਲਾਂ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਸ. ਧੂਰੀ ਨੇ ਕਿਹਾ ਕਿ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਦਾ ਉਦੇਸ਼ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਜਿਵੇਂ ਸੀ.ਬੀ.ਐਸ.ਈ, ਆਈ.ਸੀ.ਐਸ.ਈ, ਪੀ.ਬੀ.ਐਸ.ਈ.ਬੀ, ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਾ ਹੈ ਅਤੇ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਨਮਾਨ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮਿਸ਼ਨ ਨਿੱਜੀ ਸਕੂਲਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਠੋਸ ਹੱਲ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਤੀਨਿਧ ਰੂਪਨਗਰ ਸੁਖਜਿੰਦਰ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਫੈਪ ਸੰਜੇ ਗੁਪਤਾ, ਜ਼ਿਲ੍ਹਾ ਪ੍ਰਤੀਨਿਧ ਪਟਿਆਲਾ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰਤੀਨਿਧ ਸੰਗਰੂਰ ਕੰਵਲਜੀਤ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰਤੀਨਿਧ ਲੁਧਿਆਣਾ ਮਨਮੋਹਨ ਸਿੰਘ, ਜਨਰਲ ਸਕੱਤਰ ਫੈਪ ਅਨਿਲ ਮਿੱਤਲ, ਜ਼ਿਲ੍ਹਾ ਪ੍ਰਤੀਨਿਧ ਬਠਿੰਡਾ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸ. ਧੂਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਭੂਮਿਕਾ, ਅਧਿਆਪਕਾਂ ਅਤੇ ਪਿ੍ਰੰਸੀਪਲਾਂ ਅਤੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਫ਼ੈਡਰੇਸ਼ਨ ਵੱਲੋਂ ਨੈਸ਼ਨਲ ਸਕੂਲ ਐਵਾਰਡ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੈਸਟ ਸਕੂਲ ਨੈਸ਼ਨਲ ਐਵਾਰਡ ਅਤੇ ਬੈਸਟ ਪਿ੍ਰੰਸਪਲ ਨੈਸ਼ਨਲ ਐਵਾਰਡ 29 ਅਤੇ 30 ਅਕਤੂਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਦਿੱਤੇ ਜਾਣਗੇ ਜਦਕਿ ਬੈਸਟ ਟੀਚਰ ਅਤੇ ਪ੍ਰਾਈਡ ਆਫ਼ ਪੰਜਾਬ ਐਵਾਰਡਾਂ ਲਈ ਨਵੰਬਰ ਮਹੀਨੇ ’ਚ ਪ੍ਰਭਾਵਸ਼ਾਲੀ ਸਮਾਗਮ ਉਲੀਕਿਆ ਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਬੰਧੀ ਪ੍ਰੀਕਿਰਿਆ ਸਬੰਧੀ ਸਹਾਇਤਾ ਲਈ ਪੰਜਾਬ ਦੇ 22 ਜ਼ਿਲਿ੍ਹਆਂ ’ਚ ਇੰਚਾਰਜ ਲਗਾਏ ਹਨ। ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ, ਪੀ.ਐਸ.ਈ.ਬੀ, ਆਈ.ਸੀ.ਐਸ.ਈ ਅਤੇ ਅੰਤਰਰਾਸ਼ਟਰੀ ਬੋਰਡ ਵੱਲੋਂ ਮਾਨਤਾ ਪ੍ਰਾਪਤ ਸਾਰੇ ਨਿੱਜੀ ਸਕੂਲ ਐਵਾਰਡਾਂ ਸਬੰਧੀ ਨਾਮਜ਼ਦਗੀਆਂ ਭਰਨ ਦੇ ਯੋਗ ਹੋਣਗੇ। ਐਵਾਰਡਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 30 ਸਤੰਬਰ ਹੋਵੇਗੀ। ਉਨ੍ਹਾਂ ਕਿਹਾ ਕਿ ਐਵਾਰਡਾਂ ਦੀਆਂ ਨਾਮਜ਼ਦਗੀਆਂ, ਯੋਗਤਾ ਅਤੇ ਮਾਪਦੰਡਾਂ ਸਬੰਧੀ ਉਮੀਦਵਾਰ ਵਿਸਥਾਰਿਤ ਬਿਊਰਾ ਵੈਬਸਾਈਟ www.fapawards.in ਤੋਂ ਪ੍ਰਾਪਤ ਕਰ ਸਕਦੇ ਹਨ।
ਐਵਾਰਡਾਂ ਸਬੰਧੀ ਜਾਣਕਾਰੀ ਦਿੰਦਿਆਂ ਸ. ਜਗਜੀਤ ਸਿੰਘ ਧੂਰੀ ਦੱਸਿਆ ਕਿ ਸਕੂਲਾਂ ’ਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਪਛਾਣਨ ਦੇ ਉਦੇਸ਼ ਨਾਲ ‘ਨੈਸ਼ਨਲ ਸਕੂਲ ਐਵਾਰਡ’ ਭੇਂਟ ਕੀਤੇ ਜਾਣਗੇ, ਜੋ ਵੱਖ-ਵੱਖ 9 ਸ਼੍ਰੇਣੀਆਂ ਅਧੀਨ ਵੰਡੇ ਗਏ ਹਨ। ਇਸ ਐਵਾਰਡ ਅਧੀਨ ’ਬੈਸਟ ਇੰਨਫ਼੍ਰਾਸਟ੍ਰਕਚਰ ਸਕੂਲ’, ਬੈਸਟ ਸਪੋਰਟਸ ਸਕੂਲ, ਬੈਸਟ ਇਕੋ-ਫ਼੍ਰੈਂਡਲੀ ਸਕੂਲ, ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, ਬੈਸਟ ਟੀਚਿੰਗ ਪ੍ਰੈਕਟਿਸ, ਸਕੂਲ ਵਿਦ ਯੂਨੀਕ ਫੈਸੀਲਿਟੀਜ਼, ਬੈਸਟ ਬਜ਼ਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ ਬੈਸਟ ਸਕੂਲ ਯੂਸਿੰਗ ਟੈਕਨਾਲੋਜੀ ਐਵਾਰਡ ਪ੍ਰਦਾਨ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਸਮਾਜਿਕ ਪੱਧਰ ’ਤੇ ਬਿਹਤਰੀਨ ਯੋਗਦਾਨ ਪਾਉਣ ਵਾਲੇ ਹੋਣਹਾਰ ਪਿ੍ਰੰਸੀਪਲਾਂ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ਵਰ੍ਹੇ ਰਾਸ਼ਟਰ ਪੱਧਰ ’ਤੇ ‘ਬੈਸਟ ਪਿ੍ਰੰਸੀਪਲ ਨੈਸ਼ਨਲ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਸਨਮਾਨਯੋਗ ਪਿ੍ਰੰਸੀਪਲਾਂ ਦੀ ਤਾਜਪੋਸ਼ੀ ਕਰਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ, ਟੀਚਿੰਗ ਅਤੇ ਲਰਨਿੰਗ ਦੇ ਸੁਰੱਖਿਅਤ ਵਾਤਾਵਰਣ ਦੀ ਪੁਸ਼ਟੀ ਕਰਦਿਆਂ ਮਾਪਿਆਂ ਅਤੇ ਸਮਾਜਿਕ ਤਬਕੇ ਨਾਲ ਯੋਗ ਤਾਲਮੇਲ ਕਾਇਮ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ। ਇਹ ਐਵਾਰਡ ਚਾਰ ਵੱਖੋ ਵੱਖਰੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾਣਗੇ, ਜਿਸ ’ਚ ਲਾਈਫ਼ ਟਾਈਮ ਅਚੀਵਮੈਂਟ, ਡਾਇਨੈਮਿਕ ਪਿ੍ਰੰਸੀਪਲ, ਯੰਗ ਪਿ੍ਰੰਸੀਪਲ ਅਤੇ ਗੋਲਡਨ ਪਿ੍ਰੰਸੀਪਲ ਐਵਾਰਡ ਸ਼ਾਮਲ ਹੈ।
ਸ. ਧੂਰੀ ਨੇ ਕਿਹਾ ਕਿ ਸਿਖਲਾਈ ਪ੍ਰੀਕਿਰਿਆ ਦੌਰਾਨ ਵਿਦਿਆਰਥੀਆਂ ਦੀ ਸਹਾਇਤਾ ਅਤੇ ਯੋਗ ਮਾਰਗਦਰਸ਼ਨ ’ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ ’ਚ ਫੈਡਰੇਸ਼ਨ ਵੱਲੋਂ ਅਧਿਆਪਨ ਦੇ ਖੇਤਰ ’ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ’ਬੈਸਟ ਟੀਚਰ ਨੈਸ਼ਨਲ ਐਵਾਰਡ’ ਭੇਂਟ ਕੀਤੇ ਜਾਣਗੇ। ਇਹ ਐਵਾਰਡ ਚਾਰ ਵੱਖੋ ਵੱਖਰੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾਣਗੇ, ਜਿਸ ’ਚ ਲਾਈਫ਼ ਟਾਈਮ ਅਚੀਵਮੈਂਟ, ਡਾਇਨੈਮਿਕ ਟੀਚਰ, ਬੈਸਟ ਟੀਚਰ ਅਤੇ ਮੋਸਟ ਇੰਸਪਾਈਰਿੰਗ ਟੀਚਰ ਐਵਾਰਡ ਸ਼ਾਮਲ ਹੈ।ਉਨ੍ਹਾਂ ਦੱਸਿਆ ਕਿ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੇਡਾਂ ’ਚ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ ‘ਮਾਣ ਪੰਜਾਬ ਦਾ’ ਪੁਰਸਕਾਰ ਭੇਂਟ ਕੀਤੇ ਜਾਣਗੇ। ਇਹ ਪੁਰਸਕਾਰ ਸੀ.ਬੀ.ਐਸ.ਈ, ਪੀ.ਐਸ.ਈ.ਬੀ, ਆਈ.ਐਸ.ਸੀ.ਈ ਅਤੇ ਅੰਤਰਰਾਸ਼ਟਰੀ ਬੋਰਡਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਭੇਂਟ ਕੀਤਾ ਜਾਵੇਗਾ, ਜਿਨ੍ਹਾਂ ਜ਼ਿਲ੍ਹਾ ਪੱਧਰ ’ਤੇ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਾਪਤੀ ਦਰਜ ਕਰਵਾਈ ਹੈ। ਇਸ ਸ਼੍ਰੇਣੀ ’ਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਖੇਡਾਂ ’ਚ ਪੁਜੀਸ਼ਨ ਹਾਸਲ ਕੀਤੀ ਹੈ।
ਪੁਰਸਕਾਰਾਂ ਦੀ ਚੋਣ ਪ੍ਰੀਕਿਰਿਆ ਅਤੇ ਫ਼ੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਸ. ਜਗਜੀਤ ਸਿੰਘ ਨੇ ਕਿਹਾ ਕਿ ਪੁਰਸਕਾਰਾਂ ਦੀ ਚੋਣ ਲਈ ਜੱਜਾਂ ਦੀ ਵਿਸ਼ੇਸ਼ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ’ਚ ਉਘੇ ਸਿੱਖਿਆ ਸ਼ਾਸਤਰੀ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਲ ਹਨ, ਜਿਨ੍ਹਾਂ ਦਾ ਕਿਸੇ ਸਕੂਲ ਨਾਲ ਕੋਈ ਸਰੋਕਾਰ ਨਹੀਂ। ਉਕਤ ਕਮੇਟੀ ਸਾਰੀਆਂ ਅਰਜ਼ੀਆਂ ਦਾ ਮੁਲਾਂਕਣ ਕਰੇਗੀ ਅਤੇ ਪੁਰਸਕਾਰਾਂ ਦੇ ਜੇਤੂ ਉਮੀਦਵਾਰਾਂ ਦੀ ਪਛਾਣ ਕਰਕੇ ਫੈਡਰੇਸ਼ਨ ਨੂੰ ਐਵਾਰਡਾਂ ਲਈ ਢੁੱਕਵੀਂ ਸਿਫ਼ਾਰਿਸ਼ ਕਰੇਗੀ।
ਸ. ਧੂਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੂਬਾ ਜਾਂ ਭਾਰਤ ਸਰਕਾਰ ਵੱਲੋਂ ਨਿੱਜੀ ਸਕੂਲਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਦੇ ਸਨਮਾਨ ਵਾਸਤੇ ਅਜਿਹੀ ਕੋਈ ਵਿਵਸਥਾ ਨਹੀਂ ਕੀਤੀ ਗਈ ਸੀ। ਪਰ ਪਿਛਲੇ ਸਾਲ ਤੋਂ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਨੇ ਨਿੱਜੀ ਸਕੂਲਾਂ ਦੇ ਵਿਦਿਆ ਦੇ ਖੇਤਰ ’ਚ ਵਢਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਫੈਪ ਐਵਾਰਡਾਂ ਦਾ ਐਲਾਨ ਕੀਤਾ ਸੀ।ਉਨ੍ਹਾਂ ਦੱਸਿਆ ਕਿ ਜੇਕਰ ਸਮੁੱਚੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਭਾਰਤ ’ਚ 4 ਲੱਖ ਦੇ ਕਰੀਬ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਵਿਦਿਆ ਮੁਹੱਈਆ ਕਰਵਾ ਕੇ ਪ੍ਰਾਈਵੇਟ ਸਕੂਲਾਂ ਪ੍ਰਤੀ ਲੋਕਾਂ ਦੇ ਦਿਲਾਂ ’ਚ ਇੱਕ ਮਜ਼ਬੂਤ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਕੂਲ ਦੇਸ਼ ਦੇ ਸਮੁੱਚੇ 15 ਲੱਖ ਸਕੂਲਾਂ ਵਿਚੋਂ 26 ਫ਼ੀਸਦੀ ਪ੍ਰਾਈਵੇਟ ਸਕੂਲ ਹਨ, ਜੋ ਕੁੱਲ 26.5 ਕਰੋੜ ਵਿਦਿਆਰਥੀਆਂ ਵਿਚੋਂ 39 ਫ਼ੀਸਦੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਵਾਉਂਦੇ ਹਨ ਅਤੇ ਦੇਸ਼ ਦੇ ਕੁੱਲ 97 ਲੱਖ ਅਧਿਆਪਕਾਂ ਵਿਚੋਂ 41 ਫ਼ੀਸਦੀ ਨੂੰ ਨੌਕਰੀਆਂ ਪ੍ਰਦਾਨ ਕਰਵਾਉਣ ’ਚ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਮਿਆਰਾ ਵਿਦਿਅਕ ਮਹੌਲ ਸਿਰਜਣ ’ਚ ਕਾਮਯਾਬ ਰਹੇ ਹਨ, ਜਿੱਥੇ ਵਿਦਿਆਰਥੀ ਬੌਧਿਕ, ਭਾਵਨਾਤਮਕ ਅਤੇ ਸਮਾਜਿਕ ਤੌਰ ’ਤੇ ਵਿਕਾਸ ਕਰ ਸਕਣ ਯੋਗ ਹੈ। ਅੱਵਲ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਕੇ ਨਿੱਜੀ ਸਕੂਲਾਂ ਨੇ ਚੰਗੇ ਵਿਦਵਾਨ, ਲੀਡਰ, ਅਧਿਕਾਰੀ, ਅਧਿਆਪਕ, ਖਿਡਾਰੀ, ਖੋਜਾਰਥੀ ਪੈਦਾ ਕੀਤੇ ਹਨ, ਜਿਨ੍ਹਾਂ ਦਾ ਚੰਗੇ ਰਾਸ਼ਟਰ ਨਿਰਮਾਣ ’ਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈਪ ਐਵਾਰਡ ਪ੍ਰਾਈਵੇਟ ਸਕੂਲਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਬਣਦਾ ਸਨਮਾਨ ਦੇਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਦਾ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ।ਉਨ੍ਹਾਂ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਫੈਪ ਨਾਲ ਜੁੜੇ ਪ੍ਰਾਈਵੇਟ ਸਕੂਲਾਂ ਲਈ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਦਕਿ ਪ੍ਰਾਈਵੇਟ ਸਕੂਲਾਂ ਦੇ ਪਿ੍ਰੰਸੀਪਲਾਂ ਲਈ ਕਈ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਅਤੇ ਵਿਧੀਆਂ ਤੋਂ ਜਾਣੂ ਕਰਵਾਇਹਆ ਜਾ ਸਕੇ। ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਹਿਕਾ ਕਿ ਚੰਡੀਗੜ੍ਹ ਯੂਨੀਵਰਸਿਟੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਪੀ.ਐਚ.ਡੀ ਲਈ ਵਜ਼ੀਫ਼ੇ ਵੀ ਪ੍ਰਦਾਨ ਕਰਵਾਏਗੀ।