ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਜੰਗ ਛੇੜ੍ਹਨ ਦਾ ਫੈਸਲਾ ਕੀਤਾ ਹੈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਸ਼ਮੇਸ਼ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਐਡਵੋਕੇਟ ਨੇ ਦਸਿਆ ਹੈ ਕਿ ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਬੀਤੇ ਤਕਰੀਬਨ ਇਕ ਸਾਲ ਤੋਂ ਆਪਣੇ ਮੁਲਾਜਮਾਂ ਦੇ ਯੋਗ ਬਚਿਆਂ ਨੂੰ ਬਣਦੇ ਵਜੀਫੇ ‘ਤੇ ਗੁਰਪੁਰਬ ਦੀ ਤਨਖਾਹ ਦੇਣ ਤੌਂ ਪਾਸਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦੇ ਮੁਲਾਜਮਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਇਕ ਪਾਸੇ ਉਨ੍ਹਾਂ ਨੂੰ ਹਰ ਮਹੀਨੇ ਤਨਖਾਹਾਂ 2-2 ਕਿਸ਼ਤਾਂ ‘ਚ ਦਿੱਤੇ ਜਾਣ ਦੀ ਖਬਰਾਂ ਆ ਰਹੀਆਂ ਹਨ ‘ਤੇ ਦੂਜੇ ਪਾਸੇ ਕਮੇਟੀ ਪ੍ਰਬੰਧਕ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਮੁਲਾਜਮਾਂ ਨੂੰ ਸਰਕਾਰ ਵਲੋਂ ਨਿਰਧਾਰਤ ਘਟੋਂ-ਘੱਟ ਤਨਖਾਹਾਂ ਦੇਣ ਲਈ ਵੀ ਇੰਨਕਾਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੇ ਇਹਨਾਂ ਤੁਗਲਕੀ ਫੁਰਮਾਨਾਂ ਕਾਰਨ ਮੁਲਾਜਮਾਂ ਨੂੰ ਆਪਣੇ ਪਰਿਵਾਰ ਚਲਾਉਣ ‘ਚ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ। ਕੁਲਵਿੰਦਰ ਸਿੰਘ ਨੇ ਦਸਿਆ ਕਿ ਪ੍ਰਬੰਧਕਾਂ ਦੀ ਲੱਚਰ ਕਾਰਗੁਜਾਰੀਆਂ ਕਾਰਨ ਕਮੇਟੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ‘ਤੇ ਹੋਰਨਾਂ ਵਿਦਿਅਕ ਅਦਾਰਿਆਂ ਦੀ ਮਾਲੀ ਹਾਲਤ ਤਾਰ-ਤਾਰ ਹੋ ਚੁਕੀ ਹੈ ‘ਤੇ ਇਹ ਅਦਾਰੇ ਬੰਦ ਹੋਣ ਦੇ ਕਗਾਰ ‘ਤੇ ਪਹੁੰਚ ਗਏ ਹਨ ਜਦਕਿ ਇਹਨਾਂ ਅਦਾਰਿਆਂ ਦੇ ਮੁਲਾਜਮਾਂ ਨੂੰ ਦੇਣ ਵਾਲੀ ਬਕਾਇਆ ਰਾਸ਼ੀ ਕਰੋੜ੍ਹਾਂ ਰੁਪਏ ਦੀ ਦੱਸੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਕਮੇਟੀ ਪ੍ਰਬੰਧਕ ਸਿਆਸੀ ਲਾਹਾ ਲੈਣ ਲਈ ਗੁਰੂ ਦੀ ਗੋਲਕ ਦਾ ਘਾਣ ਕਰਨ ‘ਚ ਕੋਈ ਸੰਕੋਚ ਨਹੀ ਕਰ ਰਹੇ ਹਨ ‘ਤੇ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਨੇੜ੍ਹਲੇ ਭਵਿਖ ‘ਚ ਹੋਣ ਵਾਲੀਆਂ ਦਿੱਲੀ ਕਾਰਪੋਰੇਸ਼ਨ ਦੀਆਂ ਚੋਣਾਂ ‘ਚ ਗੋਲਕ ਦੀ ਭਾਰੀ ਦੁਰਵਰਤੋਂ ਕੀਤੀ ਜਾ ਸਕਦੀ ਹੈ, ਜੋ ਸਿੱਖ ਪੰਥ ਲਈ ਬਹੁਤ ਮੰਦਭਾਗਾ ਹੋਵੇਗਾ।
ਕੁਲਵਿੰਦਰ ਸਿੰਘ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਮੁਲਾਜਮਾਂ ਨੂੰ ਬਣਦੀ ਬਕਾਇਆ ਰਾਸ਼ੀ ਦਾ ਤੁਰੰਤ ਭੁਗਤਾਨ ਕਰਨ। ਉਨ੍ਹਾਂ ਦਸਿਆ ਕਿ ਪ੍ਰਬੰਧਕਾਂ ਵਲੋਂ ਮੁਲਾਜਮਾਂ ਪ੍ਰਤੀ ਕੀਤੀ ਜਾ ਰਹੀ ਕਿਸੇ ਪ੍ਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਸ਼ਮੇਸ਼ ਸੇਵਾ ਸੁਸਾਇਟੀ ਕਮੇਟੀ ਮੁਲਾਜਮਾਂ ਦੇ ਹੱਕਾਂ ਲਈ ਹਰ ਲੜ੍ਹਾਈ ਲੜ੍ਹਨ ਲਈ ਤਿਆਰ ਹੈ ‘ਤੇ ਲੋੜ੍ਹ ਪੈਣ ‘ਤੇ ਕਾਨੂੰਨੀ ਕਾਰਵਾਈ ਕਰਨ ਤੋਂ ਵੀ ਗੁਰੇਜ ਨਹੀ ਕਰੇਗੀ।