ਦਿਨ ਹਫਤਿਆਂ ਵਿਚ ਬਦਲਦੇ ਹੋਏ ਮਹੀਨਿਆਂ ਰਾਂਹੀ ਲੰਘਦੇ ਸਾਲ ਤੱਕ ਜਾ ਅੱਪੜੇ। ਦਿਲਪ੍ਰੀਤ ਦੀ ਸਲਾਮਤੀ ਦਾ ਪਤਾ ਦੋਹਾਂ ਪਰਿਵਾਰਾਂ ਨੂੰ ਹੋਣ ਕਾਰਨ ਇਹ ਸਾਲ ਉਹਨਾ ਨੂੰ ਪਹਿਲੇ ਸਾਲਾਂ ਨਾਲੋ ਛੋਟਾ ਲੱਗਾ। ਇਕ ਤਰ੍ਹਾਂ ਸਾਰਾ ਸਾਲ ਦੀਪੀ ਨੂੰ ਬਾਹਰ ਭੇਜਣ ਦੀ ਤਿਆਰੀ ਵਿਚ ਹੀ ਲੰਘ ਗਿਆ। ਮੁਖਤਿਆਰ ਪਹਿਲਾਂ ਹੀ ਹਰਨਾਮ ਕੌਰ ਅਤੇ ਗਿਆਨ ਕੌਰ ਨੂੰ ਦੀਪੀ ਦੇ ਸਹੁਰੇ ਪਿੰਡ ਜਾ ਕੇ ਮਿਲਵਾ ਲਿਆਇਆ ਸੀ। ਉੱਥੇ ਹੀ ਉਹਨਾਂ ਸਲਾਹ ਕੀਤੀ ਸੀ ਕਿ ਦੀਪੀ ਨੂੰ ਦਿੱਲੀ ਚੜਾਉਣ ਲਈ ਦੀਪੀ ਦਾ ਭਰਾ ਵਿਕਰਮ, ਹਰਜਿੰਦਰ ਸਿੰਘ ਅਤੇ ਤੌਸ਼ੀ, ਮੁਖਤਿਆਰ ਤੇ ਸੁਰਜੀਤ ਹੀ ਜਾਣਗੇ। ਦੀਪੀ ਤੋਂ ਛੋਟੀ ਨਾਲ ਜਾਣਾ ਚਾਹੁੰਦੀ ਸੀ, ਪਰ ਮੁਖਤਿਆਰ ਨੇ ਕਹਿ ਦਿੱਤਾ, “ਪੁੱਤ ਤੈਂਨੂੰ ਘਰ ਹੀ ਰਹਿਣਾ ਪੈਣਾ ਹੈ, ਬੀਬੀ ਅਤੇ ਤਾਈ ਜੀ ਨਾਲ ਹੀ, ਦੋਨਾਂ ਵਿਚੋਂ ਕੋਈ ਨਾ ਕੋਈ ਝੱਟ ਢਿੱਲੀ ਹੋ ਜਾਂਦੀ ਹੈ।”
“ਮੈ ਭਾਵੇ ਚਲੀ ਜਾਵਾਂ।” ਹਰਨਾਮ ਕੌਰ ਨੇ ਤਰਲੇ ਜਿਹੇ ਨਾਲ ਕਿਹਾ।
“ਬੀਬੀ ਗੋਡੇ ਤੁਹਾਡੇ ਦੁਖਦੇ ਰਹਿੰਦੇ ਨੇ, ਤੁਰ ਹੁੰਦਾ ਨਹੀ ਦਿੱਲੀ ਨੂੰ ਜਾਣਾ ਕਿਤੇ ਸੌਖਾ ਆ।” ਮੁਖਤਿਆਰ ਨੇ ਕਿਹਾ।
“ਜਦੋਂ ਦੀਪੀ ਕਿਤੇ ਬਾਹਰੋ ਮੁੜ ਕੇ ਆਈ, ੳਦੌਂ ਖੋਰੇ ਮੈਂ ਹੋਣਾ ਵੀ ਜਾਂ ਨਹੀ।” ਹਰਨਾਮ ਕੌਰ ਨੇ ਅੱਖਾ ਭਰ ਕੇ ਕਿਹਾ, “ਮੈ ਤਾਂ ਸਹੁਰੇ ਤੁਰਦੀ ਵੀ ਨਹੀ ਵੇਖੀ ਸੀ।”
ਹਰਨਾਮ ਕੌਰ ਦੀ ਇਸ ਗੱਲ ਨੇ ਸੁਰਜੀਤ ਅਤੇ ਗਿਆਨ ਕੌਰ ਦੀਆਂ ਅੱਖਾਂ ਵਿਚ ਪਾਣੀ ਲਿਆ ਦਿੱਤਾ, ਪਰ ਮੁਖਤਿਆਰ ਠੀਕ ਰਿਹਾ, ਜਿਵੇ ਉਹ ਹੁਣ ਦੀਪੀ ਦੇ ਵਿਛੋੜੇ ਦਾ ਆਦੀ ਹੋ ਗਿਆ ਹੋਵੇ, ਜਾਂ ਮਰਦ ਕਰਕੇ ਉਸ ਨੇ ਵਿਖਾਵਾ ਕੀਤਾ, “ਬੁੜ੍ਹੀਆਂ ਆਲੀਆਂ ਗੱਲਾਂ ਤੁਸੀ ਛੱਡਦੀਆਂ ਹੀ ਨਹੀ, ਬੀਬੀ ਤੁਸੀ ਵੀ ਉਹੋ ਗੱਲਾਂ ਕਰਨ ਲੱਗ ਜਾਂਦੇ ਹੋ ਜਿਹਨਾ ਦਾ ਕੋਈ ਅਰਥ ਨਹੀਂ ਹੁੰਦਾ।”
“ਮੁਖਤਿਆਰ, ਦਾਦੀ ਆ, ਜੇ ਉਸ ਨੇ ਕਹਿ ਵੀ ਦਿੱਤਾ ਕੇ ਉਹ ਜਾਣਾ ਚਾਹੁੰਦੀ ਹੈ, ਤਾਂ ਵੀ ਕੋਈ ਹਰਜ਼ ਤਾਂ ਨਹੀ।” ਗਿਆਨ ਕੌਰ ਨੇ ਕਿਹਾ, “ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਦੀਪੀ ਨੂੰ ਆਪਣੀ ਹੱਥੀ ਜਹਾਜ਼ ਚੜ੍ਹਾ ਕੇ ਆਵਾਂ।”
“ਤਾਈ ਜੀ, ਤੁਸੀ ਸਮਝਦੇ ਕਿਉਂ ਨਹੀਂ।” ਮੁਖਤਿਆਰ ਨੇ ਪਹਿਲਾਂ ਵਾਲੀ ਅਵਾਜ਼ ਵਿਚ ਕਿਹਾ, “ਅਸੀਂ ਤਾਂ ਆਪ ਸਿੱਧੇ ਸ਼ਹਿਰ ਹੀ ਉਹਨਾਂ ਨਾਲ ਰਲਣਾ ਹੈ, ਅਜੇ ਵੀ ਵਿਸਾਹ ਥੌੜੀ ਆ ਕਿ ਕਿਸੇ ਨੂੰ ਦੀਪੀ ਦੇ ਜਾਣ ਦੀ ਸੂਹ ਲਗ ਜਾਵੇ ਤਾਂ ਪੁਲੀਸ ਮੁੜ ਕਮਰ ਕੱਸ ਲਵੇ।”
“ਤੇਰੀ ਗੱਲ ਤਾਂ ਠੀਕ ਆ।” ਗਿਆਨ ਕੌਰ ਨੇ ਕਿਹਾ, “ਰੱਜੀ ਵੀ ਵਿਚਾਰੀ ਕਹਿੰਦੀ ਸੀ ਤਾਈ ਜੀ, ਮੇਰਾ ਬਹੁਤ ਜੀਅ ਕਰਦਾ ਹੈ ਭੈਣ ਜੀ ਨੂੰ ਹਵਾਈ ਅੱਡੇ ਤੇ ਛੱਡਣ ਦਾ, ਪਰ ਉਹਨੂੰ ਪਤਾ ਹੈ ਕਿ ਉਹ ਜਾ ਨਹੀਂ ਸਕਦੀ, ਇਸ ਲਈ ਉਸ ਨੇ ਕੁਝ ਕਿਹਾ ਹੀ ਨਹੀ।”
“ਉਹ ਹੀ ਤਾਂ ਮੈਂ ਕਹਿੰਦਾਂ ਹਾਂ ਕਿ ਰੱਜੀ ਨਿਆਣੀ ਹੁੰਦੀ ਹੋਈ ਨੇ ਵੀ ਆਪਣੇ ਮਨ ਨੂੰ ਸਮਝਾ ਲਿਆ।” ਮੁਖਤਿਆਰ ਨੇ ਕਿਹਾ, “ਤੁਸੀਂ ਤਾਂ ਫਿਰ ਵੀ ਸਾਰੇ ਸਿਆਣੇ ਹੋ।”
“ਕਾਕਾ, ਤੂੰ ਸਾਡਾ ਫਿਕਰ ਨਾ ਕਰ।” ਹਰਨਾਮ ਕੌਰ ਨੇ ਹਾਉਕਾ ਭਰ ਕੇ ਕਿਹਾ, “ਮੈਂ ਤਾਂ ਅੱਗੇ ਵੀ ਬਥੇਰੀ ਵਾਰ ਆਪਣਾ ਮਨ ਮਾਰਿਆ, ਹੁਣ ਵੀ ਮਾਰ ਲੈਂਦੀ ਹਾਂ।”
ਹਰਨਾਮ ਕੌਰ ਆਪਣੇ ਅੱਖਾਂ ਦੇ ਹੁੰਝੂ ਪੂੰਝਦੀ ਹੋਈ ਅੰਦਰ ਨੂੰ ਚਲੀ ਗਈ। ਬਾਕੀ ਸਾਰਾ ਟੱਬਰ ਮੂਕ ਹੋਇਆ ਉਸ ਨੂੰ ਜਾਂਦੇ ਹੋਏ ਦੇਖਦਾ ਰਿਹਾ। ਵਿਕਰਮ ਨੇ ਚੁੱਪ ਤੌੜਦਿਆ ਕਿਹਾ, “ਡੈਡੀ ਜੀ, ਆਉ ਤੁਰੀਏ।”
ਦਿੱਲੀ ਨੂੰ ਜਾਂਦਿਆ ਰਸਤੇ ਵਿਚ ਵੀ ਕੋਈ ਬਹੁਤੀ ਗੱਲ-ਬਾਤ ਨਹੀ ਸੀ ਕਰ ਰਿਹਾ। ਇਕ ਤਾਂ ਦੀਪੀ ਦੇ ਵਿਛੋੜੇ ਕਰਕੇ ਉਦਾਸ ਸਨ। ਦੂਜਾ ਪੁਲੀਸ ਦਾ ਡਰ ਵੀ ਪਿਛੋਂ ਨਹੀ ਸੀ ਲੈਂਹਦਾ। ਪੁਲੀਸ ਦੇ ਡਰ ਕਰਕੇ ਹੀ ਉਹ ਵੈਨ ਜਾਂ ਜੀਪ ਦੀ ਥਾਂ ਪ੍ਰਾਈਵੇਟ ਬਸ ਵਿਚ ਹੀ ਦਿੱਲੀ ਨੂੰ ਰਵਾਨਾ ਹੋਏ ਸਨ। ਸੁਰਜੀਤ ਧੀ ਦੇ ਨਾਲ ਬੈਠੀ ਕਦੇ ਉਸ ਦੀ ਚੁੰਨੀ ਠੀਕ ਕਰਨ ਲੱਗ ਜਾਂਦੀ, ਕਦੇ ਉਸ ਦੀ ਕਮਰ ਤੇ ਹੱਥ ਫੇਰਦੀ। ਜਿਵੇ ਬਹਾਨੇ ਨਾਲ ਉਸ ਧੀ ਦੀ ਛੂਹ ਪ੍ਰਾਪਤ ਕਰ ਰਹੀ ਸੀ, ਜੋ ਛੇਤੀ ਪਰਦੇਸਨ ਹੋ ਰਹੀ ਸੀ। ਰਸਤੇ ਵਿਚ ਬਸ ਇਕ-ਦੋ ਥਾਂ ਤੇ ਰੁਕੀ ਸੀ ਤਾਂ ਜੋ ਯਾਤਰੀ ਕੁਝ ਖਾ- ਪੀ ਲੈਣ। ਜਦੋਂ ਦੂਜੀ ਥਾਂ ਤੇ ਵੀ ਸੁਰਜੀਤ ਨੇ ਕੁਝ ਨਾ ਖਾਧਾ ਤਾਂ ਹਰਜਿੰਦਰ ਸਿੰਘ ਨੇ ਕਿਹਾ, “ਭੈਣ ਜੀ, ਤੁਸੀ ਕੁਝ ਤਾਂ ਖਾ ਲਉ, ਦੀਪੀ ਦਾ ਫਿਕਰ ਨਾ ਕਰੋ, ਸਗੋਂ ਖੁਸ਼ ਹੋਵੋ ਕਿ ਆਪਾਂ ਕਿੰਨੀਆਂ ਮੁਸੀਬਤਾਂ ਵਿਚੋਂ ਨਿਕਲ ਕੇ ਅੱਜ ਇੱਥੇ ਹਾਂ।”
“ਤੁਸੀ ਠੀਕ ਕਹਿ ਰਹੇ ਹੋ।” ਸੁਰਜੀਤ ਦੀ ਥਾਂ ਮੁਖਤਿਆਰ ਨੇ ਕਿਹਾ, “ਕਿੱਥੇ ਆਪਾਂ ਦਿਨ -ਰਾਤ ਦਿਲਪ੍ਰੀਤ ਲਈ ਫਿਰਕ-ਮੰਦ ਰਹਿੰਦੇ ਸਾਂ, ਰੱਬ ਅੱਗੇ ਝੋਲੀਆਂ ਅੱਡਦੇ ਸਾ, ਦਿਲਪ੍ਰੀਤ ਨੂੰ ਬਚਾਉਣ ਲਈ।”
“ਇਸ ਵੇਲੇ ਤਾਂ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਆਪਣੇ ਬੱਚੇ ਚੰਡਾਲ ਪੁਲੀਸ ਤੋਂ ਬੱਚ ਕੇ ਇਕ ਚੰਗੇ ਦੇਸ਼ ਜਾ ਰਹੇ ਨੇ।” ਤੌਸ਼ੀ ਨੇ ਕਿਹਾ, “ਮੇਰਾ ਤਾਂ ਖੁਸ਼ੀ ਵਿਚ ਪੈਗ ਲਾਉਣ ਨੂੰ ਜੀਅ ਕਰਨ ਲੱਗ ਪਿਆ।”
“ਤੂੰ ਮਿਹਰ ਹੀ ਰੱਖ ਪੈਗ ਦੀ।” ਹਰਜਿੰਦਰ ਸਿੰਘ ਨੇ ਹੱਸਦੇ ਕਿਹਾ, “ਦਿਲਪ੍ਰੀਤ ਨੂੰ ਜੇ ਪਤਾ ਲੱਗ ਗਿਆ ਕਿ ਚਾਚਾ ਮੁੜ ਪੀਣ ਲੱਗ ਪਿਆ ਤਾਂ ਉਹਨੇ ਬਾਹਰੋਂ ਤੇਰਾ ਪੈਗ ਛਡਾਉਣ ਲਈ ਆ ਜਾਣਾਂ ਹੈ।”
ਹਰਜਿੰਦਰ ਸਿੰਘ ਦੀ ਗੱਲ ਸੁਣ ਬਾਕੀ ਤਾਂ ਹੱਸੇ, ਸੁਰਜੀਤ ਵੀ ਹੱਸ ਪਈ।
“ਹਵਾਈ ਅੱਡੇ ਤੇ ਵੀ ਇਸੇ ਤਰ੍ਹਾਂ ਹੀ ਹੱਸਣਾ ਬਣਿਆ ਰਿਹਾ।” ਮੁਖਤਿਆਰ ਨੇ ਆਪਣੀਆਂ ਭਰੀਆਂ ਅੱਖਾਂ ਨਾਲ ਕਿਹਾ, “ਉੱਥੇ ਨਾ ਰੋਣ ਲੱਗ ਜਾਇਉ।”
ਫਿਰ ਉਸ ਨੇ ਦੂਸਰੇ ਪਾਸੇ ਮੂੰਹ ਕਰਕੇ ਆਪਣੀਆਂ ਅੱਖਾਂ ਰੁਮਾਲ ਨਾਲ ਪੂੰਝੀਆਂ। ਸਾਰਿਆਂ ਨੂੰ ਮੁਖਤਿਆਰ ਦੀ ਅੰਦਰਲੀ ਹਾਲਤ ਦਾ ਪਤਾ ਲੱਗ ਗਿਆ ਸੀ, ਪਰ ਉੱਪਰੋ ਸਾਰੇ ਹੱਸਦੇ ਹਸਾਉਂਦੇ ਰਹੇ।
ਹਵਾਈ ਅੱਡੇ ਤੇ’ ਵੀ ਜਿਵੇ ਸਾਰਿਆਂ ਨੇ ਆਪਣੇ ਦਿਲਾਂ ਨੂੰ ਘੁੱਟ ਕੇ ਗੱਠਾਂ ਮਾਰ ਲਈਆਂ ਸਨ, ਕਿੳਂੁਕਿ ਸਭ ਦਾ ਆਪਣੇ ਆਪ ਤੇ ਕੰਟਰੋਲ ਸੀ। ਦੀਪੀ ਨੂੰ ਪਤਾ ਸੀ ਕਿ ਇਹ ਕੰਟਰੋਲ ਉਹਨਾਂ ਉਸੇ ਕਰਕੇ ਕੀਤਾ ਸੀ ਤਾਂ ਜੋ ਉਹਨਾਂ ਨੂੰ ਦੇਖ ਕੇ ਦੀਪੀ ਨਾ ਆਪਣਾ ਦਿਲ ਖਰਾਬ ਕਰੇ। ਉਹ ਵੀ ਪੱਕੀ ਰਹੀ ਇਕ ਵਾਰੀ ਫਤਹਿ ਬਲਾਉਣ ਤੋਂ ਬਾਅਦ ਉਹ ਉਸ ਲਾਈਨ ਵਿਚ ਜਾ ਲੱਗੀ ਜਿੱਥੇ ਲੋਕੀ ਆਪਣੇ ਹੱਥਾਂ ਵਿਚ ਪਾਸਪੋਰਟ ਚੁੱਕੀ ਖੱੜੇ ਸਨ। ਉਸ ਨੇ ਪਿੱਛੇ ਨੂੰ ਇਕ ਵਾਰੀ ਵੀ ਨਾ ਦੇਖਿਆ ਤਾਂ ਜੋ ਪਿੱਛੇ ਖੱੜੇ ਪਰਿਵਾਰਕ ਮੈਂਬਰ ਉਸ ਦੇ ਹੁੰਝੂ ਨਾ ਦੇਖ ਲੈਣ।
ਦੀਪੀ ਸੂਟਕੇਸ ਨੂੰ ਰੇਹੜੀ ਤੇ ਲੱਦੀ ਗੱਲ ਵਿਚ ਬੈਗ ਪਾਈ ਬਾਹਰਲੇ ਦੇਸ਼ ਦੇ ਏਅਰ-ਪੋਰਟ ਤੇ ਖਲੋਤੀ ਆਲਾ-ਦੁਆਲਾ ਦੇਖ ਰਹੀ ਸੀ। ਉਸ ਦੀ ਨਿਗਾਹ ਸਾਹਮਣੇ ਖੱੜੇ੍ਹ ਮਾਤਾ ਜੀ ਦੇ ਪੁੱਤਰ ਅਤ ਨੂੰਹ ਉੱਪਰ ਪਈ। ਉਹ ਦਿਲਪ੍ਰੀਤ ਨੂੰ ਲੱਭਦੀ ਹੋਈ ਉਹਨਾਂ ਵੱਲ ਤੁਰ ਪਈ। ਸਤਿ ਸ੍ਰੀ ਅਕਾਲ ਬਲਾਉਣ ਤੋਂ ਬਾਅਦ ਉਸ ਨੇ ਪਹਿਲਾਂ ਇਹ ਹੀ ਕਿਹਾ, “ਦਿਲਪ੍ਰੀਤ ਨਹੀਂ ਆਏ।”
ਉਦੋਂ ਹੀ ਖਿੜੇ ਹੋਏ ਫੁੱਲਾਂ ਦਾ ਗੁਲਦਸਤਾ ਲਈ ਦਿਲਪ੍ਰੀਤ ਦੀਪੀ ਦੇ ਸਾਹਮਣੇ ਆ ਕੇ ਖਲੋ ਗਿਆ, “ਦਿਲਪ੍ਰੀਤ ਤਾ ਹਮੇਸ਼ਾਂ ਹੀ ਤੇਰੇ ਨਾਲ ਰਿਹਾ, ਹੁਣ ਕਿਉਂ ਨਹੀਂ ਆਵੇਗਾ।”
ਦਿਲਪ੍ਰੀਤ ਦੀ ਗੱਲ ਸੁਣ ਕੇ ਦੀਪੀ ਸ਼ਰਮ ਨਾਲ ਇਕੱਠੀ ਹੁੰਦੀ ਹੋਈ ਨੇ ਫੁੱਲ ਫੜ੍ਹ ਲਏ। ਦਿਲਪ੍ਰੀਤ ਨੇ ਉਸ ਨੂੰ ਆਪਣੀਆ ਬਾਂਹਾਂ ਵਿਚ ਲੈ ਕੇ ਫਤਹਿ ਬੁਲਾਈ।
ਮਾਤਾ ਜੀ ਦਾ ਨੂੰਹ ਪੁੱਤਰ ਰੇੜੀ ਫੜ੍ਹੀ, ਜਾਣ ਕੇ ਅੱਗੇ ਅੱਗੇ ਜਾ ਰਹੇ ਸੀ, ਤਾਂ ਜੋ ਦਿਲਪ੍ਰੀਤ ਅਤੇ ਦੀਪੀ ਵਿਛੌੜੇ ਦੀ ਦੂਰੀ ਨੂੰ ਨੇੜੇ ਲਿਆ ਸਕਣ।
ਦੀਪੀ ਨੇ ਕਿੰਨੇ ਸਬਰ ਨਾਲ ਦਿਲਪ੍ਰੀਤ ਨਾਲ ਜੁਦਾਈ ਦਾ ਸਮਾਂ ਕੱਢਿਆ ਸੀ। ਉਸ ਨੇ ਕਦੇ ਵੀ ਇਸ ਬਾਰੇ ਦਿਲਪ੍ਰੀਤ ਕੋਲ ਜਾਂ ਕਿਸੇ ਹੋਰ ਕੋਲ ਵੀ ਸ਼ਕਾਇਤ ਨਹੀ ਸੀ ਕੀਤੀ। ਕਿਉਂਕਿ ਉਹ ਜਾਣਦੀ ਸੀ ਕਿ ਦਿਲਪ੍ਰੀਤ ਨੇ ਆਪਣੀ ਖਾਤਰ ਨਹੀ ਸਗੋਂ ਲੋਕਾਂ ਦੀ ਖਾਤਰ ਆਪਣਾ ਸਾਰਾ ਸੁੱਖ-ਚੈਨ ਗਵਾ ਛੱਡਿਆ। ਇਹੋ ਜਿਹੀਆਂ ਗੱਲਾਂ ਦਿਲਪ੍ਰੀਤ ਦੇ ਮਨ ਵਿਚ ਚਲ ਰਹੀਆਂ ਸਨ। ਹੁਣ ਵੀ ਉਹ ਆਪਣਾ ਸਭ ਕੁਝ ਛੱਡ ਕੇ ਇਕ ਉਪਰੇ ਦੇਸ਼ ਵਿਚ ਉਸ ਕੋਲ ਆ ਗਈ ਸੀ। ਦਿਲਪ੍ਰੀਤ ਨੇ ਦੀਪੀ ਤੋਂ ਪੁੱਛ ਵੀ ਲਿਆ, “ਦੀਪੀ, ਤੈਨੂੰ ਤਾਂ ਸਭ ਕੁਝ ਉਪਰਾ ਉਪਰਾ ਲੱਗਦਾ ਹੋਵੇਗਾ।”
“ਤੁਹਾਡਾ ਸਾਥ ਉੋਪਰੇ ਨੂੰ ਵੀ ਆਪਣਾ ਬਣਾ ਰਿਹਾ ਹੈ।” ਦੀਪੀ ਨੇ ਹੱਸਦੇ ਹੋਏ ਫੁੱਲਾਂ ਵੱਲ ਇਸ਼ਾਰਾ ਕਰਦੇ ਕਿਹਾ, “ਆਹ ਫੁੱਲਾਂ ਦਾ ਗੁਲਦਸਤਾ ਸਾਰੇ ਵਾਤਾਵਰਣ ਨੂੰ ਮਹਿਕਾ ਰਿਹਾ ਹੈ।”
“ਤੇਰਾ ਮਿਲਾਪ ਵੀ ਇਸ ਪਲ ਨੂੰ ਸੋਹਣਾ ਬਣਾ ਰਿਹਾ ਏ।” ਦਿਲਪ੍ਰੀਤ ਨੇ ਹੱਸਦੇ ਹੋਏ ਨਾਲ ਹੀ ਕਹਿ ਦਿੱਤਾ, “ਤੂੰ ਕਵਿਤਰੀ ਕਦੋਂ ਦੀ ਬਣ ਗਈ।”
“ਉਦੋਂ ਤੋਂ ਹੀ ਜਦੋਂ ਤੁਹਾਡੀ ਬਣੀ ਸੀ।”
ਫਿਰ ਦਿਲਪ੍ਰੀਤ ਇਕ ਦਮ ਹੀ ਗੰਭੀਰ ਹੋ ਗਿਆ ਅਤੇ ਪੁੱਛਣ ਲੱਗਾ, “ਤੇਰੇ ਨਾਲ ਨਾਲ ਪੁਲੀਸ ਨੇ ਘਰਦਿਆਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ।”
“ਜਦੋਂ ਕੋਈ ਵੀ ਆਮ ਲੋਕਾਂ ਨਾਲੋ ਲੋਕਾਂ ਲਈ ਹੀ ਵੱਖਰਾ ਮਕਸਦ ਲੈ ਕੇ ਤੁਰਦਾ ਹੈ ਤਾਂ ਉਸ ਦੇ ਸਕੇ-ਸਬੰਧੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ।”
“ਮਕਸਦ ਦਾ ਸੁਪਨਾ ਤਾਂ ਪੇਰਸ਼ਾਨੀਆਂ ਝੱਲ ਕੇ ਵੀ ਅਜੇ ਪੂਰਾ ਨਹੀ ਹੋਇਆ।”
“ਜਿੱਡਾ ਵੱਡਾ ਸੁਪਨਾ ਹੋਵੇ ਉਸ ਨੂੰ ਪੂਰਾ ਕਰਨ ਲਈ ਵਕਤ ਵੀ ਉਹਨਾਂ ਹੀ ਚਾਹੀਦਾ ਹੈ।”
“ਪਤਾ ਨਹੀ ਕਿੰਨਾ ਕੁ ਵਕਤ ਲੱਗੇਗਾ?”
“ਕੀ ਗੱਲ ਘਬਰਾ ਗਏ ਹੋ?”
“ਹੱਕ ਲਈ ਲੜਨ ਵਾਸਤੇ ਸੱਚ ਕਦੇ ਵੀ ਘਬਰਾਉਂਦਾ ਨਹੀ।” ਦਿਲਪ੍ਰੀਤ ਨੇ ਦਲੇਰੀ ਨਾਲ ਕਿਹਾ, “ਪਹਿਲਾਂ ਵੀ ਸਿੰਘ ਜੰਗਲਾਂ ਵਿਚ ਰਹਿ ਰਹਿ ਕੇ, ਘੌੜਿਆਂ ਦੀਆ ਕਾਠੀਆਂ ਤੇ ਸੌਂ ਸੌਂ ਕੇ ਹੱਕ ਲਈ ਲੜਦੇ ਰਹੇ ਅਤੇ ਇਕ ਦਿਨ ਉਹਨਾਂ ਆਪਣਾ ਹੱਕ ਪ੍ਰਾਪਤ ਕਰ ਲਿਆ। ਉਹ ਵੀ ਦਿਨ ਦੂਰ ਨਹੀ ਜਦੋਂ ਪ੍ਰਮਾਤਮਾ ਦੀ ਕ੍ਰਿਪਾ ਨਾਲ ‘ਹੱਕ ਲਈ ਲੜਿਆ ਸੱਚ’ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੋਇਆ ਆਪਣਾ ਹੱਕ ਪ੍ਰਾਪਤ ਕਰੇਗਾ।”
“ਵੈਸੇ ਤਹਾਨੂੰ ਰਹਿਣਾ ਵੀ ਚੜ੍ਹਦੀ ਕਲਾ ਵਿਚ ਚਾਹੀਦਾ ਹੈ।” ਦੀਪੀ ਨੇ ਕਿਹਾ, “ਹੁਣ ਤਾਂ ਆਪਣੇ ਦੋਨੋ ਪ੍ਰੀਵਾਰ ਵੀ ਤੁਹਾਡੇ ਨਾਲ ਸਹਿਮਤ ਹੋ ਗਏ ਨੇ ਅਤੇ ਤੁਹਾਡੇ ਨਾਲ ਹੀ ਨੇ।”
“ਜਿਹੜੇ ਸਾਡੇ ਨਾਲ ਸਹਿਮਤ ਨਹੀ ਹਨ, ਇਕ ਦਿਨ ਉਹ ਵੀ ਹੋ ਜਾਣਗੇ।” ਦਿਲਪ੍ਰੀਤ ਨੇ ਆਸ ਨਾਲ ਕਿਹਾ, “ਫਿਰ ਉਸ ਦਿਨ ਉਹ ਵੀ ਸੱਚ ਵੱਲ ਖਲੋ ਜਾਣਗੇ, ਹਾਂ ਸੱਚ ਮੰਮੀ, ਡੈਡੀ ਅਤੇ ਕਾਕਾ ਸਭ ਠੀਕ ਸਨ, ਮੰਮੀ ਉਦਾਸ ਤਾਂ ਨਹੀਂ ਰਹਿੰਦੇ।”
“ਹੁਣ ਉਹਨਾਂ ਨੇ ਉਦਾਸੀ ਨੂੰ ਖੁਸ਼ੀ ਵਿਚ ਬਦਲਨਾ ਸਿੱਖ ਲਿਆ ਹੈ।”
ਦੀਪੀ ਨੇ ਕਿਹਾ, “ਮੰਮੀ ਕਹਿੰਦੇ ਸਨ ਸਾਨੂੰ ਤਾਂ ਇਹ ਹੀ ਬਹੁਤ ਖੁਸ਼ੀ ਹੈ ਕਿ ਸਾਡਾ ਪੁੱਤ ਕਿਸ ਦੌਰ ਵਿਚੋਂ ਲੰਘ ਕੇ ਠੀਕ-ਠਾਕ ਹੈ, ਨਹੀਂ ਤਾਂ ਬੀਤੇ ਸਮੇਂ ਨੇ ਕਈਆਂ ਮਾਵਾਂ ਨੂੰ ਪੁੱਤਾਂ ਤੋਂ ਵਾਂਝਿਆਂ ਕਰ ਦਿੱਤਾ ਸੀ।”
“ਮੈਨੂੰ ਵੀ ਲੱਗਦਾ ਹੁੰਦਾ ਹੈ ਕਿ ਗੁਰੂ ਦੀ ਕ੍ਰਿਪਾ ਅਤੇ ਮਾਂ ਦੀ ਅਸੀਸ ਨਾਲ ਹੀ ਮੈਂ ਚੰਡਾਲ ਪੁਲੀਸ ਤੋਂ ਬਚ ਗਿਆ ਹਾਂ।”
“ਆ ਜਾਉ, ਆ ਜਾਉ ਸ਼ੇਰੋ।” ਮਾਤਾ ਜੀ ਦੇ ਪੁੱਤਰ ਨੇ ਅਵਾਜ਼ ਲਗਾਈ, “ਚੱਲੀਏ ਘਰ ਨੂੰ।”
ਦੀਪੀ ਪ੍ਰਮਾਤਮਾ ਦਾ ਸ਼ੁਕਰ ਕਰਦੀ ਹੋਈ ਕਾਰ ਦੀ ਪਿਛਲੀ ਸੀਟ ਤੇ ਦਿਲਪ੍ਰੀਤ ਦੇ ਨਾਲ ਲੱਗ ਕੇ ਬੈਠ ਗਈ।
“ਬੋਲੋ ਬਈ ਵਾਹਿਗੁਰ੍ਰੂ।” ਇਹ ਕਹਿ ਕੇ ਮਾਤਾ ਜੀ ਦੇ ਪੁੱਤਰ ਨੇ ਕਾਰ ਤੋਰ ਲਈ
ਹੱਕ ਲਈ ਲੜਿਆ ਸੱਚ – (ਭਾਗ-84)
This entry was posted in ਹੱਕ ਲਈ ਲੜਿਆ ਸੱਚ.