ਗਲਾਸਗੋ, (ਨਿਊਜ਼ ਡੈਸਕ) – ਯੂਕੇ ਦਾ ਜੰਮਪਲ ਬੱਚਾ ਹਿੰਮਤ ਖੁਰਮੀ ਵਿਸ਼ਵ ਭਰ ਵਿੱਚ ਵਿਦੇਸ਼ਾਂ ‘ਚ ਜੰਮੇ ਬੱਚਿਆਂ ‘ਚੋਂ ਪਲੇਠਾ ਅਜਿਹਾ ਬੱਚਾ ਹੋ ਨਿੱਬੜਿਆ ਹੈ, ਜਿਸਨੇ ਪੈਂਤੀ ਅੱਖਰੀ ‘ਤੇ ਆਧਾਰਿਤ ਗੀਤ ਗਾ ਕੇ ਮਾਂ ਬੋਲੀ ਦੇ ਚਰਨ ਛੂਹੇ ਹੋਣ। ਪੰਜ ਦਰਿਆ ਯੂਕੇ ਦੇ ਉੱਦਮ ਨਾਲ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਕਾਟਲੈਂਡ ਦੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਹਸਤੀਆਂ ਨੇ ਸ਼ਿਰਕਤ ਕਰਕੇ ਅਸ਼ੀਰਵਾਦ ਦਿੱਤਾ। ਗੀਤਕਾਰ ਪ੍ਰੀਤ ਭਾਗੀਕੇ ਦੁਆਰਾ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ‘ਚ ਜੱਸੀ ਗੁਰਸ਼ੇਰ ਅਤੇ ਨਿੰਮਾ ਵਿਰਕ ਨੇ ਪ੍ਰੋਇਆ ਹੈ। ਗਾਇਕ ਬੱਲੀ ਬਲਜੀਤ ਵੱਲੋਂ ਬੋਲੇ ਸ਼ੁਰੂਆਤੀ ਬੋਲ ਗੀਤ ਨੂੰ ਖੂਬਸੂਰਤੀ ਬਖਸ਼ਦੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਹੋਏ ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਮੰਚ ਸੰਚਾਲਕ ਤੇ ਪੇਸ਼ਕਾਰ ਕਰਮਜੀਤ ਮੀਨੀਆਂ ਦੇ ਬੋਲਾਂ ਨਾਲ ਹੋਈ। ਇਸ ਉਪਰੰਤ ਪੰਜ ਦਰਿਆ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਹਿੰਮਤ ਖੁਰਮੀ ਦੇ ਗੀਤ ‘ਮੇਰੀ ਮਾਂ ਬੋਲੀ’ ਪਿਛਲੀ ਘਾਲਣਾ ਦਾ ਜ਼ਿਕਰ ਕੀਤਾ। ਗੀਤ ਨੂੰ ਲੋਕ ਅਰਪਣ ਕਰਨ ਦੀ ਰਸਮ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਅਦਾ ਕੀਤੀ। ਹਿੰਮਤ ਖੁਰਮੀ ਵੱਲੋਂ ਮੰਚ ਤੋਂ ਪੇਸ਼ਕਾਰੀ ਕਰਕੇ ਖ਼ੂਬ ਤਾੜੀਆਂ ਤੇ ਵਾਹ ਵਾਹ ਖੱਟੀ ਗਈ। ਇਸ ਉਪਰੰਤ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੂੰ ਰੂਪਮਾਨ ਕਰਦੀ ਇਸ ਗੀਤ ਦੀ ਵੀਡੀਓ ਵੀ ਹਾਜ਼ਰੀਨ ਨੂੰ ਦਿਖਾਈ ਗਈ। ਇਸ ਤਰਾਂ ਤਾੜੀਆਂ ਦੀ ਗੜਗੜਾਹਟ ਵਿੱਚ ਮੇਰੀ ਮਾਂ ਬੋਲੀ ਸਮੁੱਚੇ ਵਿਸ਼ਵ ਦੀ ਝੋਲੀ ਪਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਰਵ ਸ੍ਰੀ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ) ਨੇ ਕੀਤੀ। ਉਹਨਾਂ ਇਸ ਗੀਤ ਨਾਲ ਜੁੜੇ ਹਰ ਸਖਸ਼ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਹਿੰਦੂ ਮੰਦਰ ਗਲਾਸਗੋ ਵੱਲੋਂ ਅਚਾਰੀਆ ਮੇਧਨੀਪਤੀ ਮਿਸ਼ਰ ਵੱਲੋਂ ਵੀ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਹਿੰਮਤ ਖੁਰਮੀ ਨੂੰ ਸਨਮਾਨਿਤ ਕੀਤਾ ਗਿਆ। ਸ਼ਾਇਰ ਲਾਭ ਗਿੱਲ ਦੋਦਾ, ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸੇਵਾਦਾਰ ਗੁਰਦੀਪ ਸਿੰਘ ਸਮਰਾ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਜਗਦੀਸ਼ ਸਿੰਘ, ਬਖ਼ਸ਼ੀਸ਼ ਸਿੰਘ ਦੀਹਰੇ, ਸੋਹਣ ਸਿੰਘ ਰੰਧਾਵਾ, ਸਰਦਾਰਾ ਸਿੰਘ ਜੰਡੂ, ਬਲਵੀਰ ਸਿੰਘ ਫਰਵਾਹਾ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀ ਤੇ ਕੀਰਤ ਖੁਰਮੀ ਵੱਲੋਂ ਸੰਬੋਧਨ ਦੌਰਾਨ ਇਸ ਗੀਤ ਦੀ ਆਮਦ ‘ਤੇ ਖੁਸ਼ੀ ਪ੍ਰਗਟਾਈ। ਲਗਭਗ 2 ਘੰਟੇ ਨਿਰੰਤਰ ਚੱਲੇ ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਰੁਝੇਵਿਆਂ ਭਰਿਆ ਦਿਨ ਹੋਣ ਦੇ ਬਾਵਜੂਦ ਵੀ ਲਾਸਾਨੀ ਇਕੱਠ ਦੌਰਾਨ ਇਹ ਗੀਤ ਲੋਕ ਅਰਪਣ ਹੋਇਆ। ਅਖੀਰ ਵਿੱਚ ਪੰਜਾਬੀ ਇਬਾਰਤ ‘ਮੇਰੀ ਮਾਂ ਬੋਲੀ’ ਲਿਖਿਆ ਵਿਸ਼ੇਸ਼ ਕੇਕ ਕੱਟ ਕੇ ਸਮਾਗਮ ਨੂੰ ਸਮੇਟਿਆ ਗਿਆ।
ਸਕਾਟਲੈਂਡ: ਹਿੰਮਤ ਖੁਰਮੀ ਦਾ ਬਾਲ ਗੀਤ ‘ਮੇਰੀ ਮਾਂ ਬੋਲੀ’ ਧੂਮ-ਧੜੱਕੇ ਨਾਲ ਲੋਕ ਅਰਪਣ
This entry was posted in ਅੰਤਰਰਾਸ਼ਟਰੀ.