ਫ਼ਤਹਿਗੜ੍ਹ ਸਾਹਿਬ – “ਇਨਸਾਨੀਅਤ ਕਦਰਾਂ-ਕੀਮਤਾਂ ਦਾ ਜਨਾਜ਼ਾਂ ਕੱਢਣ ਵਾਲੇ ਕਾਤਲ ਅਤੇ ਬਲਾਤਕਾਰੀ ਸਿਰਸੇ ਵਾਲੇ ਸਾਧ ਰਾਮ ਰਹੀਮ ਜਿਸਨੇ ਮਨੁੱਖੀ ਸਰੀਰਾਂ ਦੇ ਅੰਗਾਂ ਨੂੰ ਕੱਟਕੇ ਵੱਡੀ ਗਿਣਤੀ ਵਿਚ ਮਨੁੱਖੀ ਪਿੰਜਰਾਂ ਨੂੰ ਆਪਣੇ ਡੇਰੇ ਦੇ ਅੰਦਰ ਧਰਤੀ ਹੇਠ ਦਬਾਉਣ ਦਾ ਵੱਡਾ ਅਪਰਾਧ ਕੀਤਾ ਹੋਵੇ, ਉਸਨੂੰ ਪੰਜਾਬ-ਹਰਿਆਣਾ ਹਾਈਕੋਰਟ ਵੱਲੋ ਸੀ.ਬੀ.ਆਈ. ਦੀ ਜਾਂਚ ਦਾ ਸਾਹਮਣਾ ਕਰਨ ਤੋ ਬਚਾਉਣ ਦੇ ਕੀਤੇ ਜਾ ਰਹੇ ਅਮਲ ਇਨਸਾਫ ਦੇਣ ਦਾ ਜਨਾਜ਼ਾਂ ਕੱਢਣ ਵਾਲੀ ਅਤਿ ਸ਼ਰਮਨਾਕ ਨਿੰਦਣਯੋਗ ਕਾਰਵਾਈ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋ ਮਨੁੱਖਤਾ ਦੇ ਵੱਡੇ ਕਾਤਲ ਅਤੇ ਬਲਾਤਕਾਰੀ ਸਿਰਸੇ ਵਾਲੇ ਰਾਮ ਰਹੀਮ ਸਾਧ ਨੂੰ ਸੀ.ਬੀ.ਆਈ. ਦੀ ਜਾਂਚ ਦਾ ਸਾਹਮਣਾ ਕਰਨ ਤੋ ਬਚਾਉਣ ਦੇ ਕੀਤੇ ਗਏ ਅਮਲਾਂ ਨੂੰ ਅਤਿ ਸ਼ਰਮਨਾਕ, ਇਨਸਾਫ਼ ਵਿਰੋਧੀ ਕਰਾਰ ਦਿੰਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਵੱਡੇ ਅਪਰਾਧੀ ਨੇ 2015 ਵਿਚ ਸਿੱਖ ਕੌਮ ਦੇ ਸੁਪਰੀਮ ਕੋਰਟ ਵੱਲੋ ਜੀਵਤ ਗੁਰੂ ਦਾ ਕਾਨੂੰਨੀ ਦਰਜਾ ਪ੍ਰਾਪਤ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਦੀਆਂ ਸਾਜਿਸਾਂ ਰਚਣ ਦੇ ਨਾਲ-ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ, ਸਾਡੇ ਸਿੱਖ ਨੌਜ਼ਵਾਨ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੀ ਬਹਿਬਲ ਕਲਾਂ ਵਿਚ ਹੋਈਆ ਮੌਤਾਂ ਲਈ ਇਹ ਸਾਧ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ । ਉਨ੍ਹਾਂ ਕਿਹਾ ਕਿ ਜਿਸ ਉਤੇ ਪਹਿਲੋ ਹੀ ਜ਼ਬਰ ਜੁਲਮ ਤੇ ਜ਼ਬਰ-ਜਿਨਾਹ ਦੇ ਦੋਸ਼ ਹੋਣ ਅਤੇ ਜਿਸਦੀ ਡੇਰੇ ਵਿਚ ਮਨੁੱਖੀ ਸਰੀਰਾਂ ਦੇ ਪਿੰਜਰ ਦੱਬਣ ਦੇ ਦੁੱਖਦਾਇਕ ਵਰਤਾਰੇ ਦੀ ਸੀ.ਬੀ.ਆਈ. ਜਾਂਚ ਕਰਨਾ ਲੋੜਦੀ ਹੈ, ਉਸਨੂੰ ਪੰਜਾਬ-ਹਰਿਆਣਾ ਹਾਈਕੋਰਟ ਕਿਸ ਦਲੀਲ ਤੇ ਕਾਨੂੰਨ ਦੇ ਆਧਾਰ ਤੇ ਉਸ ਵਿਚ ਰੁਕਾਵਟਾਂ ਪਾ ਰਹੀ ਹੈ ?
ਉਨ੍ਹਾਂ ਕਿਹਾ ਕਿ ਤੁਰਕੀ ਦੇ ਸੁਲਤਾਨ ਨੇ ਵੀ ਆਪਣੇ ਗੁਲਾਮਾਂ ਨਾਲ ਹਰਮ ਵਿਚ ਅਜਿਹਾ ਵੱਡਾ ਅਪਰਾਧ ਕੀਤਾ ਸੀ ਅਤੇ ਉਨ੍ਹਾਂ ਨਾਲ ਇਸੇ ਤਰ੍ਹਾਂ ਕੁਕਰਮ ਕਰਦੇ ਹੋਏ ਉਨ੍ਹਾਂ ਦੇ ਗੁਪਤ ਅੰਗਾਂ ਨੂੰ ਵੱਢ-ਕੱਟ ਦਿੱਤਾ ਸੀ । ਫਿਰ ਪੰਜਾਬ ਤੇ ਹਰਿਆਣਾ ਹਾਈਕੋਰਟ ਇਸ ਗੱਲ ਨੂੰ ਕਿਵੇ ਸੁਰੱਖਿਅਤ ਰੱਖ ਸਕਦੀ ਹੈ ਕਿ ਉਪਰੋਕਤ ਸਿਰਸੇ ਡੇਰੇ ਵਿਚ ਔਰਤਾਂ ਨਾਲ ਇਹ ਕਾਤਲ ਤੇ ਬਲਾਤਕਾਰੀ ਸਾਧ ਆਉਣ ਵਾਲੇ ਸਮੇ ਵਿਚ ਅਜਿਹੇ ਬਲਾਤਕਾਰ, ਕਤਲ ਤੇ ਅਪਰਾਧਿਕ ਕਾਰਵਾਈਆ ਨਹੀ ਕਰੇਗਾ ?