ਨਿਊਯਾਰਕ – ਰੂਸ ਵੱਲੋਂ ਯੁਕਰੇਨ ਦੇ ਚਾਰ ਸ਼ਹਿਰਾਂ ਤੇ ਕਬਜਾ ਕੀਤੇ ਜਾਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕਰ ਕੇ ਨਿੰਦਿਆ ਕੀਤੀ ਗਈ। ਪ੍ਰਸਤਾਵ ਦੇ ਪੱਖ ਵਿੱਚ 143 ਵੋਟਾਂ ਪਾਈਆਂ ਗਈਆਂ ਅਤੇ 4 ਦੇਸ਼ਾਂ ਨੇ ਇਸ ਦੇ ਵਿਰੋਧ ਵਿੱਚ ਵੋਟਾਂ ਪਾਈਆਂ। ਭਾਰਤ ਸਮੇਤ 35 ਤੋਂ ਵੱਧ ਦੇਸ਼ਾਂ ਨੇ ਇਸ ਪ੍ਰਸਤਾਵ ਤੇ ਵੋਟਿੰਗ ਵਿਚ ਭਾਗ ਨਹੀਂ ਲਿਆ।
ਦੁਨੀਆਂਭਰ ਦੇ ਦੇਸ਼ਾਂ ਵੱਲੋਂ ਰੂਸ ਦੇ ਲਈ ਯੂਐਨਜੀਏ ਵਿੱਚ ਇਹ ਦੂਸਰਾ ਵੱਡਾ ਝੱਟਕਾ ਹੈ। ਰੂਸ ਨੇ ਇਸ ਸਬੰਧੀ ਗੁਪਤ ਵੋਟਿੰਗ ਦੀ ਮੰਗ ਕੀਤੀ ਸੀ। ਜਿਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਮਹਾਂਸਭਾ ਵਿੱਚ ਸਰਵਜਨਿਕ ਵੋਟਿੰਗ ਦੇ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਗਿਆ। ਸੰਯੂਕਤ ਰਾਸ਼ਟਰ ਵਿੱਚ ਰੂਸ ਹੁਣ ਸਾਰੇ ਪਾਸਿਆਂ ਤੋਂ ਘਿਰਦਾ ਜਾ ਰਿਹਾ ਹੈ। ਯੂਕਰੇਨ ਪ੍ਰਤੀ ਪੂਤਿਨ ਦੇ ਤਾਨਾਸ਼ਾਹੀ ਅਤੇ ਜਾਲਮਾਨਾ ਵਰਤਾਰੇ ਦੀ ਸਖਤ ਆਲੋਚਨਾ ਕੀਤੀ ਜਾ ਰਹੀ ਹੈ।
ਪਿੱਛਲੇ ਦਿਨੀਂ ਕਰੀਮੀਆ ਪੁੱਲ ਤੇ ਹੋਏ ਧਮਾਕੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਹੋ ਗਿਆ ਹੈ। ਰੂਸ ਵੱਲੋਂ ਯੁਕਰੇਨ ਵਿੱਚ ਭਾਰੀ ਸੰਖਿਆ ਵਿੱਚ ਮਿਸਾਈਲਾਂ ਵਰ੍ਹਾਈਆਂ ਜਾ ਰਹੀਆਂ ਹਨ। 8 ਮਹੀਨਿਆਂ ਤੋਂ ਜਾਰੀ ਯੁੱਧ ਵਿੱਚ ਤਣਾਅ ਵੱਧ ਰਿਹਾ ਹੈ।