ਚੰਡੀਗੜ੍ਹ – ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ (ਫੈਪ) ਵੱਲੋਂ ਗੁਣਵੱਤਾਪੂਰਨ ਸਕੂਲ ਸਿੱਖਿਆ ਦੇ ਖੇਤਰ ’ਚ ਵਢਮੁੱਲਾ ਯੋਗਦਾਨ ਪਾਉਣ ਵਾਲੇ ਨਿੱਜੀ ਸਕੂਲਾਂ ਨੂੰ 29 ਅਤੇ 30 ਅਕਤੂਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੌਮੀ ਪੱਧਰ ਦੇ ‘ਨੈਸ਼ਨਲ ਸਕੂਲ ਐਵਾਰਡ-2022’ ਦਿੱਤੇ ਜਾਣਗੇ।ਸਮਾਗਮ ਦੌਰਾਨ ਵੱਖ-ਵੱਖ ਸ਼੍ਰੇਣੀਆਂ ਅਧੀਨ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਬੈਸਟ ਸਕੂਲ, ਬੈਸਟ ਟੀਚਰ ਅਤੇ ਬੈਸਟ ਪਿ੍ਰੰਸੀਪਲ ਐਵਾਰਡ ਦਿੱਤੇ ਜਾਣਗੇ। ਦੋ ਦਿਨ ਚੱਲਣ ਵਾਲੇ ਐਵਾਰਡ ਸਮਾਗਮ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਸਮਾਗਮ ਦੇ ਦੂਜੇ ਦਿਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੁਰਸਕਾਰਾਂ ਦੀ ਵੰਡ ਕਰਨਗੇ ਜਦਕਿ ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਸਬੰਧੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਪ੍ਰਧਾਨ ਸ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਮਿਆਰੀ ਸਕੂਲ ਵਿਦਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਫੈਪ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਦੇਸ਼ ਭਰ ਦੇ ਪ੍ਰਾਈਵੇਟ ਸਕੂਲਾਂ ਨੂੰ ਇਹ ਵਕਾਰੀ ਐਵਾਰਡ ਦਿੱਤੇ ਜਾਣਗੇ। ਸ. ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ।ਉਨ੍ਹਾਂ ਕਿਹਾ ਕਿ ਨਾ ਕੇਵਲ ਸੂਬਾ ਪੱਧਰ ’ਤੇ ਬਲਕਿ ਕੌਮੀ ਪੱਧਰ ’ਤੇ ਪ੍ਰਾਈਵੇਟ ਸਕੂਲਾਂ ਨੇ ਇੱਕ ਸੁਚੱਜਾ ਵਿਦਿਅਕ ਮਾਡਲ ਅਪਣਾਉਂਦਿਆਂ ਇੱਕ ਵਿਸ਼ਵਪੱਧਰੀ ਵਿਦਿਅਕ ਪ੍ਰਣਾਲੀ ਸਥਾਪਿਤ ਕੀਤੀ ਹੈ। ਇਸੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਸ ਵਰ੍ਹੇ ਫੈਪ ਵੱਲੋਂ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਪ੍ਰਾਈਵੇਟ ਸਕੂਲਾਂ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਵਾਰਡਾਂ ਦੀ ਨਾਮਜ਼ਦਗੀਆਂ ਅਤੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਦੀ ਸ਼ਾਮ ਪੰਜਾਬ ਦੇ ਉੱਘੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਸਮਾਗਮ ਦੀ ਰੌਣਕ ਨੂੰ ਵਧਾਉਣਗੇ।
ਸ. ਧੂਰੀ ਨੇ ਕਿਹਾ ਕਿ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਦਾ ਉਦੇਸ਼ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਜਿਵੇਂ ਸੀ.ਬੀ.ਐਸ.ਈ, ਆਈ.ਸੀ.ਐਸ.ਈ, ਪੀ.ਬੀ.ਐਸ.ਈ.ਬੀ, ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਾ ਹੈ ਅਤੇ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਨਮਾਨ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮਿਸ਼ਨ ਨਿੱਜੀ ਸਕੂਲਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਠੋਸ ਹੱਲ ਮੁਹੱਈਆ ਕਰਵਾਉਣਾ ਹੈ।ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਭੂਮਿਕਾ, ਅਧਿਆਪਕਾਂ ਅਤੇ ਪਿ੍ਰੰਸੀਪਲਾਂ ਅਤੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਫ਼ੈਡਰੇਸ਼ਨ ਵੱਲੋਂ ਨੈਸ਼ਨਲ ਸਕੂਲ ਐਵਾਰਡ ਦਿੱਤੇ ਜਾਣਗੇ।
ਸ. ਧੂਰੀ ਨੇ ਕਿਹਾ ਕਿ ਸਿਖਲਾਈ ਪ੍ਰੀਕਿਰਿਆ ਦੌਰਾਨ ਵਿਦਿਆਰਥੀਆਂ ਦੀ ਸਹਾਇਤਾ ਅਤੇ ਯੋਗ ਮਾਰਗਦਰਸ਼ਨ ’ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ ’ਚ ਫੈਡਰੇਸ਼ਨ ਵੱਲੋਂ ਅਧਿਆਪਨ ਦੇ ਖੇਤਰ ’ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ’ਬੈਸਟ ਟੀਚਰ ਨੈਸ਼ਨਲ ਐਵਾਰਡ’ ਭੇਂਟ ਕੀਤੇ ਜਾਣਗੇ। ਇਹ ਐਵਾਰਡ ਚਾਰ ਵੱਖੋ ਵੱਖਰੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾਣਗੇ, ਜਿਸ ’ਚ ਲਾਈਫ਼ ਟਾਈਮ ਅਚੀਵਮੈਂਟ, ਡਾਇਨੈਮਿਕ ਟੀਚਰ, ਬੈਸਟ ਟੀਚਰ ਅਤੇ ਮੋਸਟ ਇੰਸਪਾਈਰਿੰਗ ਟੀਚਰ ਐਵਾਰਡ ਸ਼ਾਮਲ ਹੈ।
ਸ. ਜਗਜੀਤ ਸਿੰਘ ਧੂਰੀ ਦੱਸਿਆ ਕਿ ਸਕੂਲਾਂ ’ਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਪਛਾਣਨ ਦੇ ਉਦੇਸ਼ ਨਾਲ ‘ਨੈਸ਼ਨਲ ਸਕੂਲ ਐਵਾਰਡ’ ਭੇਂਟ ਕੀਤੇ ਜਾਣਗੇ, ਜੋ ਵੱਖ-ਵੱਖ 9 ਸ਼੍ਰੇਣੀਆਂ ਅਧੀਨ ਵੰਡੇ ਗਏ ਹਨ। ਇਸ ਐਵਾਰਡ ਅਧੀਨ ’ਬੈਸਟ ਇੰਨਫ਼੍ਰਾਸਟ੍ਰਕਚਰ ਸਕੂਲ’, ਬੈਸਟ ਸਪੋਰਟਸ ਸਕੂਲ, ਬੈਸਟ ਇਕੋ-ਫ਼੍ਰੈਂਡਲੀ ਸਕੂਲ, ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, ਬੈਸਟ ਟੀਚਿੰਗ ਪ੍ਰੈਕਟਿਸ, ਸਕੂਲ ਵਿਦ ਯੂਨੀਕ ਫੈਸੀਲਿਟੀਜ਼, ਬੈਸਟ ਬਜ਼ਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ ਬੈਸਟ ਸਕੂਲ ਯੂਸਿੰਗ ਟੈਕਨਾਲੋਜੀ ਐਵਾਰਡ ਪ੍ਰਦਾਨ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਸਮਾਜਿਕ ਪੱਧਰ ’ਤੇ ਬਿਹਤਰੀਨ ਯੋਗਦਾਨ ਪਾਉਣ ਵਾਲੇ ਹੋਣਹਾਰ ਪਿ੍ਰੰਸੀਪਲਾਂ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ਵਰ੍ਹੇ ਰਾਸ਼ਟਰ ਪੱਧਰ ’ਤੇ ‘ਬੈਸਟ ਪਿ੍ਰੰਸੀਪਲ ਨੈਸ਼ਨਲ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਹੈ।ਇਹ ਐਵਾਰਡ ਚਾਰ ਵੱਖੋ ਵੱਖਰੀਆਂ ਸ਼੍ਰੇਣੀਆਂ ਅਧੀਨ ਦਿੱਤੇ ਜਾਣਗੇ, ਜਿਸ ’ਚ ਲਾਈਫ਼ ਟਾਈਮ ਅਚੀਵਮੈਂਟ, ਡਾਇਨੈਮਿਕ ਪਿ੍ਰੰਸੀਪਲ, ਯੰਗ ਪਿ੍ਰੰਸੀਪਲ ਅਤੇ ਗੋਲਡਨ ਪਿ੍ਰੰਸੀਪਲ ਐਵਾਰਡ ਸ਼ਾਮਲ ਹੈ।