ਫਤਿਹਗੜ੍ਹ ਸਾਹਿਬ :- ਬੀਤੇ ਦਿਨੀ ਪੰਜਾਬ ਦੇ ਸ਼ਹਿਰ ਮੋਗਾ ਵਿਖੇ ਹੋਈ ਕਾਂਗਰਸੀ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੱਲੋ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਸਬੰਧੀ ਗੈਰ ਇਖਲਾਕੀ ਸ਼ਬਦਾਵਲੀ ਦੀ ਵਰਤੋ ਕਰਦੇ ਹੋਏ ਖੂਬ ਕੋਸਿਆ ਗਿਆ। ਇਸੇ ਤਰ੍ਹਾ ਜਦੋ ਬਾਦਲ ਦਲ ਵੱਲੋ ਕੋਈ ਕਾਨਫਰੰਸ ਹੁੰਦੀ ਹੈ ਤਾਂ ਉਹ ਵੀ ਕਾਂਗਰਸੀਆਂ ਨੂੰ ਗਾਲਾਂ ਕੱਢਣ ਤੋ ਬਿਨ੍ਹਾ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਲੰਮੇ ਸਮੇ ਤੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਜਾਂ ਕਰਵਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ।
ਇਹ ਉਪਰੋਕਤ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਾਂਗਰਸੀਆਂ ਅਤੇ ਬਾਦਲ ਦਲੀਆਂ ਨੂੰ ਅਜੋਕੇ ਪੰਜਾਬ ਅਤੇ ਪੰਜਾਬ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਲਈ ਜਿੰਮੇਵਾਰ ਠਹਿਰਾਉਂਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਜਦੋ ਅੱਜ ਪੰਜਾਬ ਦੇ ਪਾਣੀਆਂ ਦੇ ਮਸਲੇ, ਦਿਨੋ ਦਿਨ ਮੱਧ ਪੰਜਾਬ ਵਿੱਚ ਪਾਣੀ ਦੀ ਸਤ੍ਹਾ ਥੱਲੇ ਜਾਣ, ਚੰਡੀਗੜ੍ਹ ਅਤੇ ਪੰਜਾਬ ਦੇ ਹੈਡਵਰਕਸਾਂ ਨੂੰ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਿਲ ਕਰਵਾਉਣ, ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਵਿੱਚ ਕਾਰਖਾਨੇਦਾਰਾਂ ਵੱਲੋ ਤੇਜ਼ਾਬੀ ਪਾਣੀ ਸੁੱਟ ਕੇ ਪ੍ਰਦੂਸ਼ਣ ਫੈਲਾਉਣ, ਪੰਜਾਬ ਦੇ ਪਾਣੀਆਂ ਵਿੱਚ ਯੂਰੇਨੀਅਮ, ਨਾਈਟ੍ਰੇਟ ਅਤੇ ਹੋਰ ਭਾਰੀ ਧਾਤਾਂ ਦੇ ਵੱਧਦੇ ਜਾਣ, 40 ਲੱਖ ਦੇ ਕਰੀਬ ਬੇਰੁਜ਼ਗਾਰੀ ਦੇ ਮਸਲੇ ਨੂੰ ਹੱਲ ਕਰਨ, ਵਿਧਾਨ ਦੀ ਧਾਰਾ 25 ਨੂੰ ਖਤਮ ਕਰਵਾਉਣ, ਸਿੱਖ ਕੌਮ ਦੀਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਾਉਣ, ਅਨੰਦ ਮੈਰਿਜ ਐਕਟ ਨੂੰ ਹੋਦ ਵਿੱਚ ਲਿਆਉਣ, ਫਰਾਂਸ, ਅਮਰੀਕਾ, ਇਟਲੀ ਆਦਿ ਮੁਲਕਾਂ ਵਿੱਚ ਉਤਪੰਨ ਹੋਏ ਦਸਤਾਰ ਮਸਲੇ ਨੂੰ ਹੱਲ ਕਰਵਾਉਣ, ਪੰਜਾਬ ਵਿੱਚ ਉਤਪੰਨ ਹੋ ਚੁੱਕੇ ਬਿਜਲੀ ਦੇ ਸੰਕਟ ਨੂੰ ਦੂਰ ਕਰਨ, ਖੇਤੀ ਜਿਨਸਾਂ ਦੇ ਲਈ ਬਜ਼ਾਰੀਕਰਨ ਦਾ ਪ੍ਰਬੰਧ ਕਰਨ ਅਤੇ ਸਹੀ ਮੁੱਲ ਦਿਵਾਉਣ, ਇੱਥੋ ਦੇ ਮਜ਼ਦੂਰ, ਵਿਦਿਆਰਥੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਸਿਹਤ ਅਤੇ ਵਿੱਦਿਆ ਦੇ ਮਿਆਰ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਅਤੇ ਹਰ ਪੰਜਾਬੀ ਲਈ ਕੁੱਲੀ, ਜੁੱਲੀ ਅਤੇ ਗੁੱਲੀ ਦਾ ਪ੍ਰਬੰਧ ਕਰਨ ਦੀ ਹੁਕਮਰਾਨਾਂ ਦੀ ਜਿੰਮੇਵਾਰੀ ਬਣਦੀ ਹੈ, ਉਦੋ ਇਹ ਦੋਵੇ ਉਪਰੋਕਤ ਜਮਾਤਾਂ ਇੱਕ ਦੂਸਰੇ ਨੂੰ ਗੈਰ ਇਖਲਾਕੀ ਤਰੀਕੇ ਗਾਲੀ-ਗਲੋਚ ਕਰਕੇ ਕੇਵਲ ਸਮੇ ਦੀ ਹੀ ਬਰਬਾਦੀ ਨਹੀਂ ਕਰ ਰਹੀਆਂ ਬਲਕਿ ਸਿੱਖ ਕੌਮ ਦੀਆਂ ਉੱਚ ਕਦਰਾਂ ਕੀਮਤਾਂ ਨੂੰ ਪਿੱਠ ਦੇ ਕੇ ਪੰਜਾਬ ਨਿਵਾਸੀਆਂ ਨੂੰ ਗਲਤ ਸੰਦੇਸ਼ ਵੀ ਦੇ ਰਹੀਆਂ ਹਨ।
ਸ: ਮਾਨ ਨੇ ਕਿਹਾ ਕਿ ਕਾਂਗਰਸ ਜਮਾਤ ਤਾਂ ਕਾਫੀ ਲੰਮੇ ਸਮੇ ਤੋਂ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਅਕਹਿ ਅਤੇ ਅਸਹਿ ਵਿਤਕਰੇ ਨਿਰੰਤਰ ਕਰਦੀ ਆ ਰਹੀ ਹੈ। ਪਰ ਹੁਣ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਆਪਣੀਆਂ ਰੋਜ਼ਾਨਾ ਦੀਆਂ ਹੋਣ ਵਾਲੀਆਂ ਇਕੱਤਰਤਾਵਾਂ ਵਿੱਚ ਪੰਜਾਬੀਆਂ ਨੂੰ ਨਵੇ ਨਵੇਂ ਸਬਜ਼ਬਾਗ ਵਿਖਾਉਣ ਦੇ ਖੋਖਲੇ ਦਾਅਵੇ ਕਰਕੇ ਉਨ੍ਹਾ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੌਸਿ਼ਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾ ਕਿਹਾ ਕਿ ਬਾਦਲ ਦਲੀਆਂ ਨੇ ਆਪਣੀ ਹਕੂਮਤ ਦੇ ਬੀਤੇ 4 ਸਾਲਾਂ ਵਿੱਚ ਤਾਂ ਪੰਜਾਬ ਅਤੇ ਸਿੱਖ ਕੌਮ ਦੇ ਇੱਕ ਵੀ ਮਸਲੇ ਨੂੰ ਹੱਲ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਦਾ ਕਿਸੇ ਪੱਖੋ ਵਿਕਾਸ ਕਰਨ ਵਿੱਚ ਕਾਮਯਾਬ ਹੋਏ ਹਨ। ਪਰ ਹੁਣ ਜਦੋਂ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤਾਂ ਦੋਵੇ ਬਾਦਲ ਰੋਜ਼ਾਨਾ ਹੀ ਨਵੇ ਨਵੇ ਕਰੋੜਾਂ-ਅਰਬਾਂ ਦੇ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖਣ, ਪਿੰਡਾਂ ਅਤੇ ਸ਼ਹਿਰਾਂ ਵਿੱਚ ਗੈਰ ਵਿਧਾਨਿਕ ਤਰੀਕੇ ਗ੍ਰਾਂਟਾਂ ਵੰਡਣ ਅਤੇ ਇੱਥੋ ਦੇ ਨਿਵਾਸੀਆਂ ਦੇ ਇਖਲਾਕ ਨੂੰ ਡੇਗਣ ਵਿੱਚ ਗ੍ਰਸਤ ਹੋਏ ਪਏ ਹਨ। ਜਦੋ ਕਿ ਸਭ ਨੂੰ ਪਤਾ ਹੈ ਕਿ ਪਹਿਲੀਆਂ ਹਕੂਮਤਾਂ ਵੇਲੇ ਰੱਖੇ ਗਏ ਇਨ੍ਹਾ ਦੇ ਨੀਹ ਪੱਥਰ ਅੱਜ ਵੀ ਉਸੇ ਤਰ੍ਹਾ ਖੜ੍ਹੇ ਹਨ ਅਤੇ ਇਹ ਤਾਜ਼ਾ ਰੱਖੇ ਜਾ ਰਹੇ ਨੀਹ ਪੱਥਰਾਂ ਦੇ ਨਿਸ਼ਾਨੇ ਕਦੋ ਪੂਰੇ ਹੋਣਗੇ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦੂਸਰਾ ਜਦੋ ਪੰਜਾਬ ਦੇ ਖਜ਼ਾਨੇ ਦਾ ਦੀਵਾਲੀਆ ਨਿਕਲਿਆ ਹੋਇਆ ਹੈ ਅਤੇ ਪੰਜਾਬ ਸਿਰ 70 ਹਜ਼ਾਰ ਕਰੋੜ ਰੁਪਏ ਦੇ ਕਰਜ਼ਾ ਹੈ ਜਿਸਦੇ ਵਿਆਜ ਦੀ ਸਲਾਨਾ ਕਿਸ਼ਤ ਹੀ 800 ਕਰੋੜ ਰੁਪਏ ਦੇ ਕਰੀਬ ਹੈ, ਫਿਰ ਇਸ ਨਵੇ ਪ੍ਰੋਜੈਕਟਾਂ ਲਈ ਬਾਦਲ ਦਲੀਏ ਪੈਸਾ ਕਿੱਥੋ ਲਿਆਉਣਗੇ? ਉਨ੍ਹਾ ਕਿਹਾ ਕਿ ਪੰਜਾਬ ਨਿਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਖਬਾਰੀ ਬਿਆਨਾਂ ਜਾਂ ਸਬਜ਼ਬਾਗ ਦਿਖਾਉਣ ਦੀਆਂ ਕਾਰਵਾਈਆਂ ਉੱਤੇ ਵਿਸ਼ਵਾਸ ਨਹੀਂ ਕਰਦੇ, ਉਨ੍ਹਾ ਨੂੰ ਤਾਂ ਰਿਜ਼ਲਟ ਚਾਹੀਦਾ ਹੈ। ਜਿਸ ਵਿੱਚ ਕਾਂਗਰਸ ਅਤੇ ਬਾਦਲ ਦਲੀਏ ਹੁਣ ਤੱਕ ਫੇਲ੍ਹ ਸਾਬਿਤ ਹੋਏ ਹਨ। ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਜਦੋ ਵੀ ਆਉਣ ਵਾਲੇ ਸਮੇ ਵਿੱਚ ਮੌਕਾ ਬਣੇ ਤਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਜ਼ਾਲਮ, ਬੇਈਮਾਨ ਕਾਂਗਰਸੀਆਂ ਅਤੇ ਰਿਸ਼ਵਤਖੋਰ ਅਤੇ ਘਪਲੇ ਕਰਨ ਵਾਲੇ ਬਾਦਲ ਦਲੀਆਂ ਨੂੰ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਸਦਾ ਲਈ ਖਦੇੜਿਆ ਜਾਵੇ।