ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫ਼ਸਲ ਸੁਧਾਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਅੰਤਲੇ ਦਿਨ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਅਮਰੀਕਾ ਦੀ ਕੈਨਸਾਸ ਸਟੇਟ ਯੂਨੀਵਰਸਿਟੀ ਮੈਨਹਟਨ ਦੇ ਸੀਨੀਅਰ ਖੇਤੀ ਵਿਗਿਆਨੀ ਡਾ: ਬਿਕਰਮ ਸਿੰਘ ਗਿੱਲ ਨੇ ਕਿਹਾ ਹੈ ਕਿ ਸਾਨੂੰ ਭਵਿੱਖ ਦੀ ਅਨਾਜ ਸੁਰੱਖਿਆ ਯਕੀਨੀ ਬਣਾਉਣ ਲਈ ਵੱਖ-ਵੱਖ ਸਥਿਤੀਆਂ ਅਤੇ ਤਾਪਮਾਨ ਦੇ ਬਦਲਦੇ ਮਿਜਾਜ਼ ਨੂੰ ਲਗਾਤਾਰ ਧਿਆਨ ਹੇਠ ਰੱਖਣਾ ਪਵੇਗਾ। ਉਨ੍ਹਾਂ ਆਖਿਆ ਕਿ ਬਹੁ-ਅਨੁਸਾਸ਼ਨੀ ਟੀਮਾਂ ਦੇ ਗਠਨ ਨਾਲ ਜੀਨੈਟਿਕ ਵੰਨ-ਸੁਵੰਨਤਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਛਾਨਣਾ ਅਤੇ ਨਿਖੇੜਨਾ ਪਵੇਗਾ ਤਾਂ ਜੋ ਮੁੱਖ ਫ਼ਸਲਾਂ ਨੂੰ ਭਵਿੱਖ ਵਿੱਚ ਆਉਣ ਵਾਲੀਆਂ ਮੁਸੀਬਤਾਂ ਦਾ ਟਾਕਰਾ ਕੀਤਾ ਜਾ ਸਕੇ। ਭਵਿੱਖ ਦੀ ਕਾਰਜ ਨੀਤੀ ਦੀ ਸਹੀ ਨਿਸ਼ਾਨਦੇਹੀ ਕਰਦਿਆਂ ਡਾ: ਗਿੱਲ ਨੇ ਆਖਿਆ ਕਿ ਸਿਰਫ ਸਰਵੇਖਣ ਨਾਲ ਹੀ ਮਸਲਾ ਹੱਲ ਨਹੀਂ ਹੋਣਾ ਸਗੋਂ ਵਿਸ਼ਵ ਦੇ ਪ੍ਰਮੁਖ ਕੇਂਦਰਾਂ ਵਿੱਚ ਫ਼ਸਲਾਂ ਦੀ ਜੈਵਿਕ ਵੰਨ-ਸੁਵੰਨਤਾ ਸੰਭਾਲਣ ਲਈ ਨਿਰੰਤਰ ਪੈਰਵੀ ਵੀ ਕਰਨੀ ਪਵੇਗੀ । ਉਨ੍ਹਾਂ ਆਖਿਆ ਕਿ ਜਿਹੜੇ ਦੇਸ਼ਾਂ ਵਿੱਚ ਜੈਵਿਕ ਸੰਪਤੀ ਦੇ ਨਿਵੇਕਲੇ ਗੁਣਾਂ ਵਾਲੇ ਪੌਦੇ, ਫ਼ਲਦਾਰ ਬੂਟੇ ਪ੍ਰਾਪਤ ਹਨ ਉਨ੍ਹਾਂ ਨੂੰ ਪਛਾਣ ਕੇ ਸੰਭਾਲ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਨਿਵੇਕਲੀ ਬਨਸਪਤ ਸੰਪਤੀ ਨੂੰ ਸੰਭਾਲਣ ਵਾਸਤੇ ਸਰਕਾਰ ਨੂੰ ਕਿਸਾਨਾਂ ਲਈ ਯੋਗ ਫੰਡ ਵੀ ਸਥਾਪਿਤ ਕਰਨਾ ਪਵੇ ਤਾਂ ਮਹਿੰਗਾ ਸੌਦਾ ਨਹੀਂ ਕਿਉਂਕਿ ਮੌਸਮੀ ਤਬਦੀਲੀ ਕਾਰਨ ਬਹੁਤ ਸਾਰੀ ਬਨਸਪਤ ਸੰਪਤੀ ਖਤਰੇ ਅਧੀਨ ਚਲੀ ਜਾਣੀ ਹੈ। ਜੇਕਰ ਇਨ੍ਹਾਂ ਫ਼ਸਲਾਂ, ਬੂਟਿਆਂ ਦੇ ਝਾੜ ਲਾਹੇਵੰਦ ਨਾ ਰਹੇ ਤਾਂ ਕਿਸਾਨ ਅਤੇ ਬਾਗਬਾਨ ਇਨ੍ਹਾਂ ਨੂੰ ਜੜੋਂ ਪੁੱਟ ਦੇਣਗੇ ਜਿਸ ਦਾ ਨੁਕਸਾਨ ਭਵਿੱਖ ਪੀੜ੍ਹੀਆਂ ਨੂੰ ਹੋਣਾ ਯਕੀਨੀ ਹੈ। ਉਨ੍ਹਾਂ ਆਖਿਆ ਕਿ ਭਵਿੱਖ ਦੀ ਸੰਭਾਲ ਵਾਸਤੇ ਵਿਗਿਆਨੀਆਂ ਨੂੰ ਇਸ ਪਾਸੇ ਤੁਰੰਤ ਜੁੜ ਜਾਣਾ ਚਾਹੀਦਾ ਹੈ।
ਅੰਤਰ ਰਾਸ਼ਟਰੀ ਫ਼ਸਲ ਖੋਜ ਇੰਸਟੀਚਿਊਟ ਆਂਧਰਾ ਪ੍ਰਦੇਸ਼ ਤੋਂ ਆਏ ਡਾ: ਹਰੀ ਚੰਦ ਸ਼ਰਮਾ ਨੇ ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੀੜੇ ਮਕੌੜਿਆਂ ਦੀ ਰੋਕਥਾਮ ਸੰਬੰਧੀ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਕੀੜੇ ਮਕੌੜਿਆਂ ਦੀ ਭੂਗੋਲਿਕ ਹਿੱਸਿਆਂ ਵਿੱਚ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਇਸਦੇ ਵਾਧੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਮੇਜ਼ਬਾਨ ਪੌਦਿਆਂ ਅਤੇ ਕੀੜੇ ਦੇ ਰਿਸ਼ਤਿਆਂ ਨੂੰ ਵੀ ਪਛਾਣਿਆ ਜਾਵੇ। ਬਾਹਰੀ ਕੀੜਿਆਂ ਦੇ ਹਮਲੇ ਤੋਂ ਬਚਾਓ ਲਈ ਹੰਭਲਾ ਮਾਰਿਆ ਜਾਵੇ। ਉਨ੍ਹਾਂ ਆਖਿਆ ਕਿ ਕੀੜੇ ਮਕੌੜਿਆਂ ਦੇ ਹਮਲਿਆਂ ਤੋਂ ਰੋਕਥਾਮ ਦੀ ਭਵਿੱਖ ਨੀਤੀ ਹੀ ਸਾਨੂੰ ਯਕੀਨੀ ਉਤਪਾਦਨ ਦੇ ਸਕਦੀ ਹੈ।
ਫ਼ਸਲ ਵਿਕਾਸ ਕੇਂਦਰ ਸਸਕੈਚੂਵਨ (ਕੈਨੇਡਾ) ਤੋਂ ਆਏ ਵਿਗਿਆਨੀ ਡਾ: ਲਾਰੈਂਸ ਗਸਟਾ ਨੇ ਆਖਿਆ ਕਿ ਸਾਨੂੰ ਸੋਕੇ ਅਤੇ ਡੋਬੇ ਦੀ ਸਥਿਤੀ ਨੂੰ ਸਮਝਣਾ ਪਵੇਗਾ ਤਾਂ ਜੋ ਫ਼ਸਲਾਂ ਤੋਂ ਵਧੇਰੇ ਝਾੜ ਯਕੀਨੀ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਕਿਸਮਾਂ ਠੰਡ ਨੂੰ ਸਹਾਰਦੀਆਂ ਹਨ ਅਤੇ ਕੁਝ ਸੋਕੇ ਅਤੇ ਤਪਸ਼ ਨੂੰ ਵੀ ਚੰਗਾ ਮੰਨਦੀਆਂ ਹਨ। ਉਨ੍ਹਾਂ ਆਖਿਆ ਕਿ ਸਾਰੇ ਵਰਤਾਰੇ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ। ਇਸ ਗੋਸ਼ਟੀ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਮਨਜੀਤ ਸਿੰਘ ਕੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਰੋਜ਼ਾ ਵਿਚਾਰ ਵਟਾਂਦਰੇ ਵਿੱਚੋਂ ਨਿਕਲਣ ਵਾਲੇ ਨਤੀਜਿਆਂ ਨੂੰ ਵੱਖ-ਵੱਖ ਦੇਸ਼ਾਂ ਦੇ ਖੇਤੀ ਯੋਜਨਾਕਾਰਾਂ ਕੋਲ ਭੇਜਿਆ ਜਾਵੇਗਾ ਤਾਂ ਜੋ ਭਵਿੱਖ ਨੀਤੀ ਤੈਅ ਕਰਨ ਵੇਲੇ ਇਹ ਵਿਚਾਰ ਵਟਾਂਦਰਾ ਸਹਾਈ ਹੋ ਸਕੇ। ਉਨ੍ਹਾਂ ਆਖਿਆ ਕਿ ਸਮੁੱਚੇ ਵਿਸ਼ਵ ਦੇ ਵਿਗਿਆਨੀਆਂ ਨੂੰ ਇਸ ਗਿਆਨ ਗੋਸ਼ਟੀ ਦਾ ਲਾਭ ਹੋਵੇਗਾ ਅਤੇ ਭਵਿੱਖ ਦੀ ਖੇਤੀਬਾੜੀ ਖੋਜ ਨੂੰ ਵੀ ਸਹੀ ਦਿਸ਼ਾ ਨਿਰਦੇਸ਼ ਹਾਸਿਲ ਹੋ ਸਕੇਗਾ। ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਗੋਸ਼ਟੀ ਵਿੱਚ ਸ਼ਾਮਿਲ ਵਿਗਿਆਨੀਆਂ ਅਤੇ ਚੇਅਰਮੈਨ ਦਾ ਵਿਚਾਰ ਵਟਾਂਦਰੇ ਲਈ ਧੰਨਵਾਦ ਕੀਤਾ।
ਭਵਿੱਖ ਦੀ ਅੰਨ ਸੁਰੱਖਿਅਤਾ ਲਈ ਮੌਸਮ ਤੇ ਨਜ਼ਰਸਾਨੀ ਵਾਸਤੇ ਬਹੁ-ਅਨੁਸ਼ਾਸ਼ਨੀ ਟੀਮਾਂ ਦਾ ਗਠਨ ਜ਼ਰੂਰੀ-ਡਾ: ਬਿਕਰਮ ਗਿੱਲ
This entry was posted in ਖੇਤੀਬਾੜੀ.