ਫ਼ਤਹਿਗੜ੍ਹ ਸਾਹਿਬ – “ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਲਸਾ ਪੰਥ ਦੀ ਉਹ ਮਹਾਨ ਧਾਰਮਿਕ ਸੰਸਥਾਂ ਹੈ ਜਿਸਦੀ ਜ਼ਿੰਮੇਵਾਰੀ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਦੀ ਭਾਵਨਾ ਅਨੁਸਾਰ ਇਸ ਦਸਵੰਧ ਨੂੰ ਮਨੁੱਖਤਾ ਪੱਖੀ ਉਦਮਾਂ ਵਿਚ ਲਗਾਕੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨਾ ਅਤੇ ਗੁਰੂਘਰਾਂ ਦੇ ਸਮੁੱਚੇ ਪ੍ਰਬੰਧ ਨੂੰ ਪਾਰਦਰਸ਼ੀ ਢੰਗ ਨਾਲ ਲੋਕ ਭਾਵਨਾਵਾ ਅਨੁਸਾਰ ਚਲਾਉਣਾ ਹੈ । ਲੇਕਿਨ ਬੀਤੇ ਕਾਫ਼ੀ ਲੰਮੇ ਸਮੇ ਤੋ ਇਸ ਕੌਮ ਦੀ ਧਾਰਮਿਕ ਸੰਸਥਾਂ ਉਤੇ ਸਿੱਖੀ ਪਹਿਰਾਵੇ ਵਿਚ ਉਨ੍ਹਾਂ ਲੋਕਾਂ ਦਾ ਕਬਜਾ ਚੱਲਦਾ ਆ ਰਿਹਾ ਹੈ, ਜਿਨ੍ਹਾਂ ਦਾ ਧਰਮੀ ਅਤੇ ਸਮਾਜਿਕ ਉਦਮਾਂ ਜਾਂ ਸਿੱਖ ਧਰਮ ਦਾ ਸਹੀ ਢੰਗ ਨਾਲ ਪ੍ਰਚਾਰ-ਪ੍ਰਸਾਰ ਕਰਨ ਅਤੇ ਉਸਾਰੂ ਪ੍ਰਬੰਧ ਕਰਨ ਵਿਚ ਕੋਈ ਦਿਲਚਸਪੀ ਨਹੀ । ਬਲਕਿ ਇਸ ਮਹਾਨ ਸੰਸਥਾਂ ਦੇ ਸਮੁੱਚੇ ਸਾਧਨਾਂ ਅਤੇ ਗੋਲਕਾਂ ਦੀ ਇਹ ਲੋਕ ਆਪਣੇ ਸਿਆਸੀ, ਮਾਲੀ ਮੰਤਵਾ ਦੀ ਪੂਰਤੀ ਲਈ ਕਰਦੇ ਆ ਰਹੇ ਹਨ । ਇਹੀ ਵਜਹ ਹੈ ਕਿ ਇਹ ਸੈਂਟਰ ਦੀਆਂ ਹਿੰਦੂਤਵ ਸਰਕਾਰਾਂ ਨਾਲ ਮਿਲੀਭੁਗਤ ਕਰਕੇ ਬੀਤੇ 11 ਸਾਲਾਂ ਤੋ ਇਸ ਮਹਾਨ ਸੰਸਥਾਂ ਦੀ ਜਮਹੂਰੀਅਤ ਢੰਗ ਨਾਲ ਚੋਣਾਂ ਨਾ ਕਰਵਾਉਣ ਦੀਆਂ ਸਾਜਿਸਾਂ ਕਰਦੇ ਰਹਿੰਦੇ ਹਨ । ਜਿਸਦੀ ਵਜਹ ਨਾਲ ਇਸਦੇ ਪ੍ਰਬੰਧ ਵਿਚ ਬਹੁਤ ਵੱਡੀਆਂ ਖਾਮੀਆ ਤੇ ਨਾਕਾਮੀਆ ਆ ਚੁੱਕੀਆ ਹਨ । ਜਦੋ ਤੱਕ ਵਿਧਾਨ ਅਨੁਸਾਰ ਇਸ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ ਖਤਮ ਹੋਣ ਉਪਰੰਤ, ਜੋ ਹੁਣ ਤੱਕ 2 ਵਾਰ ਖਤਮ ਹੋ ਚੁੱਕੀ ਹੈ, ਚੋਣਾਂ ਨਹੀ ਹੋ ਜਾਂਦੀਆ, ਉਦੋ ਤੱਕ ਇਸ ਕੌਮੀ ਧਾਰਮਿਕ ਸੰਸਥਾਂ ਦੇ ਪ੍ਰਬੰਧ ਵਿਚ ਨਾ ਤਾਂ ਸੁਧਾਰ ਆ ਸਕਦਾ ਹੈ ਅਤੇ ਨਾ ਹੀ ਸਿੱਖ ਧਰਮ ਦਾ ਸਹੀ ਢੰਗ ਨਾਲ ਪ੍ਰਚਾਰ ਤੇ ਪ੍ਰਸਾਰ ਹੋ ਸਕਦਾ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਜੋ 09 ਨਵੰਬਰ 2022 ਨੂੰ ਐਸ.ਜੀ.ਪੀ.ਸੀ. ਦੇ ਮੌਜੂਦਾ ਬੋਗਸ ਗੈਰ-ਕਾਨੂੰਨੀ ਮੈਬਰਾਂ ਵੱਲੋਂ ਜ਼ਮਹੂਰੀਅਤ ਲੀਹਾਂ ਦਾ ਜਨਾਜ਼ਾਂ ਕੱਢਕੇ ਪ੍ਰਧਾਨਗੀ ਦੀ ਲਿਫਾਫਾ ਕਲਚਰ ਰਾਹੀ ਚੋਣ ਕਰਵਾਈ ਜਾ ਰਹੀ ਹੈ, ਉਸਨੂੰ ਰੱਦ ਕਰਕੇ ਜਰਨਲ ਚੋਣ ਦੀ ਮੰਗ ਉਠਾਵਾਂਗੇ ।”
ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਉਣ ਵਾਲੀ 09 ਨਵੰਬਰ ਨੂੰ ਜ਼ਮਹੂਰੀਅਤ ਲੀਹਾਂ ਨੂੰ ਮਜ਼ਬੂਤ ਕਰਨ ਅਤੇ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੀ ਬੀਤੇ 11 ਸਾਲਾਂ ਤੋ ਰੋਕੀ ਗਈ ਜਰਨਲ ਚੋਣ ਕਰਵਾਉਣ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ, ਸਮਰੱਥਕਾਂ ਆਦਿ ਸਭ ਨੂੰ 09 ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਿੱਜੀ ਸਖਸ਼ੀਅਤ ਨਾਲ ਕਿਸੇ ਤਰ੍ਹਾਂ ਦਾ ਵੈਰ-ਵਿਰੋਧ ਨਹੀ । ਲੇਕਿਨ ਜੋ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋ ਕਰਦੇ ਹੋਏ ਬੀਤੇ ਲੰਮੇ ਸਮੇ ਤੋਂ ਸੈਂਟਰ ਦੇ ਹੁਕਮਰਾਨਾਂ ਨਾਲ ਮਿਲੀਭੁਗਤ ਕਰਕੇ ਸਾਡੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਤੋ ਰੋਕਿਆ ਹੋਇਆ ਹੈ, ਜਮਹੂਰੀਅਤ ਦਾ ਕਤਲ ਕੀਤਾ ਹੋਇਆ ਹੈ, ਉਸ ਜਮਹੂਰੀਅਤ ਨੂੰ ਬਹਾਲ ਕਰਵਾਉਣ ਲਈ ਅਤੇ ਐਸ.ਜੀ.ਪੀ.ਸੀ. ਦੀ ਕੌਮੀ ਧਾਰਮਿਕ ਸੰਸਥਾਂ ਵਿਚ ਆਈਆ ਵੱਡੀਆ ਖਾਮੀਆ ਨੂੰ ਸਦਾ ਲਈ ਖਤਮ ਕਰਕੇ ਇਸ ਸੰਸਥਾਂ ਵਿਚ ਉਸਾਰੂ ਤੇ ਸੁਚਾਰੂ ਰਾਜ ਪ੍ਰਬੰਧ ਕਾਇਮ ਕਰਨ ਦੀ ਭਾਵਨਾ ਨਾਲ ਅਸੀ 09 ਨਵੰਬਰ ਨੂੰ ਇਸ ਬੋਗਸ ਚੋਣ ਵਿਚ ਕਿਸੇ ਤਰ੍ਹਾਂ ਦੀ ਸਮੂਲੀਅਤ ਨਾ ਕਰਕੇ ਤੁਰੰਤ ਜਰਨਲ ਚੋਣਾਂ ਕਰਵਾਉਣ ਦੀ ਆਵਾਜ ਬੁਲੰਦ ਕਰਾਂਗੇ । ਉਨ੍ਹਾਂ ਮੌਜੂਦਾ ਐਸ.ਜੀ.ਪੀ.ਸੀ. ਮੈਬਰਾਂ ਦੀ ਜਮੀਰ ਨੂੰ ਹਲੂਣਦੇ ਹੋਏ ਇਹ ਅਪੀਲ ਵੀ ਕੀਤੀ ਕਿ ਉਹ ਇਸ ਪ੍ਰਧਾਨਗੀ ਦੀ ਚੋਣ ਵਿਚ ਹਿੱਸਾ ਲੈਣ ਦੀ ਬਜਾਇ ਇਸ ਖਾਮੀਆ ਭਰੀ ਚੱਲ ਰਹੀ ਪ੍ਰਣਾਲੀ ਨੂੰ ਖਤਮ ਕਰਨ ਲਈ ਅਤੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕਰਨ । ਤਾਂ ਕਿ ਅਸੀ ਸਮੂਹਿਕ ਤੌਰ ਤੇ ਆਪਣੀ ਧਾਰਮਿਕ ਸੰਸਥਾਂ ਦੇ ਪ੍ਰਬੰਧ ਨੂੰ ਉਸਾਰੂ, ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਵਿਚ ਆਪਣੀਆ ਕੌਮੀ ਜ਼ਿੰਮੇਵਾਰੀਆ ਦੀ ਪੂਰਤੀ ਕਰ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰ ਅਤੇ ਜਾਗਦੀ ਜਮੀਰ ਵਾਲੇ ਐਸ.ਜੀ.ਪੀ.ਸੀ. ਦੇ ਮੈਬਰ 09 ਨਵੰਬਰ ਨੂੰ ਸਾਡੇ ਵੱਲੋ ਬੁਲੰਦ ਕੀਤੀ ਜਾਣ ਵਾਲੀ ਆਵਾਜ ਨੂੰ ਹੋਰ ਬਲ ਬਖਸਣਗੇ ।