ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਿਆ, ਪਰੰਤੂ ਅਕਾਲੀ ਦਲ ਨੈਤਿਕ ਤੌਰ ‘ਤੇ ਹਾਰ ਗਿਆ। ਬੀਬੀ ਜਗੀਰ ਕੌਰ ਹਾਰਕੇ ਵੀ ਜਿੱਤ ਗਈ। ਧਾਮੀ ਦੇ ਅਕਾਲੀ ਦਲ ਦਾ ਅਕਸ ਖ਼ਰਾਬ ਹੋਣ ਦੇ ਬਾਵਜੂਦ ਜਿੱਤਣਾ, ਉਸਦਾ ਅਕਸ ਸਾਫ਼ ਸੁਥਰਾ ਅਤੇ ਇਮਾਨਦਾਰੀ ਵਾਲਾ ਹੋਣਾ ਹੈ। ਬੀਬੀ ਜਗੀਰ ਕੌਰ ਦਾ ਪਿਛੋਕੜ ਵਾਦਵਿਵਾਦ ਵਾਲਾ ਰਿਹਾ ਹੈ ਪਰੰਤੂ ਫ਼ੈਸਲੇ ਲੈਣ ਲਈ ਬੀਬੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਧੜੱਲੇਦਾਰ ਗਿਣੀ ਜਾਂਦੀ ਹੈ। ਬੀਬੀ ਹੁਣ ਤੱਕ ਬਾਦਲ ਅਕਾਲੀ ਦਲ ਦੇ ਵਿਰੋਧੀ ਉਮੀਦਵਾਰਾਂ ਨਾਲੋਂ ਦੁਗਣੀਆਂ ਵੋਟਾਂ ਲੈ ਗਈ ਹੈ, ਜਿਸ ਕਰਕੇ ਉਸਨੂੰ ਨੈਤਿਕ ਤੌਰ ਤੇ ਹਾਰੀ ਨਹੀਂ ਗਿਣਿਆਂ ਜਾ ਸਕਦਾ। ਪਿਛਲੇ ਸਾਲ ਧਾਮੀ ਨੂੰ ਕੁਲ ਪੋਲ ਹੋਈਆਂ 142 ਵੋਟਾਂ ਵਿੱਚੋਂ 122 ਵੋਟਾਂ ਪਈਆਂ ਸਨ, ਜਦੋਂ ਕਿ ਉਸਦੇ ਮੁਕਾਬਲੇ ਵਿੱਚ ਖੜ੍ਹੇ ਮਾਸਟਰ ਮਿੱਠੂ ਸਿੰਘ ਕਾਹਨਕੇ ਨੂੰ ਸਿਰਫ 19 ਵੋਟਾਂ ਪਈਆਂ ਸੀ। ਸ਼ਰੋਮਣੀ ਅਕਾਲੀ ਦਲ ਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਖ਼ਤ ਅੰਦਰੂਨੀ ਵਿਰੋਧ ਦੇ ਬਾਵਜੂਦ ਸਰਦਾਰੀ ਬਰਕਰਾਰ ਰਹਿ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੀ ਵਾਰ ਭਾਰੀ ਬਹੁਮਤ ਨਾਲ ਪ੍ਰਧਾਨ ਚੁਣੇ ਗਏ ਹਨ। ਬੀਬੀ ਜਗੀਰ ਕੌਰ ਦੀ ਬਗ਼ਾਬਤ ਤੋਂ ਬਾਅਦ ਅਕਾਲੀ ਦਲ ਬਾਦਲ ਵਿੱਚ ਆਇਆ ਤੂਫ਼ਾਨ ਅਤੇ ਬਾਦਲ ਪਰਿਵਾਰ ਦੇ ਭਵਿਖ ਬਾਰੇ ਪਿਆ ਭੰਬਲਭੂਸਾ ਖ਼ਤਮ ਹੋ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸੰਬੰਧੀ ਲੰਬੇ ਸਮੇਂ ਤੋਂ ਚਲ ਰਹੇ ਲਿਫ਼ਾਫ਼ਾ ਕਲਚਰ ਵਿਰੁੱਧ ਕਿਸੇ ਸਮੇਂ ਬਾਦਲ ਪਰਿਵਾਰ ਦੀ ਚਹੇਤੀ ਰਹੀ ਬੀਬੀ ਜਾਗੀਰ ਕੌਰ ਵੱਲੋਂ ਬਗ਼ਾਬਤ ਦਾ ਝੰਡਾ ਬੁਲੰਦ ਕਰਨ ਤੋਂ ਬਾਅਦ ਪਹਿਲੀ ਵਾਰ ਬਾਦਲ ਪਰਿਵਾਰ ਦੀ ਅਗਵਾਈ ਨੂੰ ਸਹੀ ਅਰਥਾਂ ਵਿੱਚ ਚੁਣੌਤੀ ਦਿੱਤੀ ਗਈ ਸੀ। ਇਥੇ ਇਹ ਦੱਸਣਾ ਜ਼ਰੂਰੀ ਹੈ ਜਦੋਂ ਜਥੇਦਾਰ ਟੌਹੜਾ ਨੇ ਬਗ਼ਾਬਤ ਕੀਤੀ ਸੀ ਤਾਂ ਪਰਕਾਸ਼ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਸੀ। ਉਸੇ ਬੀਬੀ ਜਗੀਰ ਕੌਰ ਨੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਪਹਿਲਾਂ ਬਾਦਲ ਪਰਿਵਾਰ ਵਿਰੁੱਧ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਖਦੇਵ ਸਿੰਘ ਢੀਂਡਸਾ ਅਤੇ ਮਾਝੇ ਦੇ ਜਰਨੈਲ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਬਗ਼ਾਬਤ ਕੀਤੀ ਸੀ ਪਰੰਤੂ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਤਾਂ ਮੁੜ ਬਾਦਲ ਪਰਿਵਾਰ ਦੇ ਸ਼ਰਨੀ ਲੱਗ ਗਏ। ਅੱਜ ਦੀ ਚੋਣ ਵਿੱਚ ਕੁਲ 146 ਵੋਟਾਂ ਪੋਲ ਹੋਈਆਂ ਸਨ ਜਿਨ੍ਹਾਂ ਵਿੱੋਂ 104 ਹਰਜਿੰਦਰ ਸਿੰਘ ਧਾਮੀ ਅਤੇ 42 ਵੋਟਾਂ ਬੀਬੀ ਜਗੀਰ ਕੌਰ ਨੂੰ ਪਈਆਂ ਹਨ। ਬੀਬੀ ਜਾਗੀਰ ਕੌਰ ਦੀ ਬਗ਼ਾਬਤ ਨੇ ਅਕਾਲੀ ਦਲ ਵਿੱਚ ਅਜਿਹਾ ਅਸਥਿਰਤਾ ਦਾ ਮਾਹੌਲ ਪੈਦਾ ਕੀਤਾ ਸੀ ਕਿ ਜਿਸ ਕਰਕੇ ਸਮੁੱਚਾ ਅਕਾਲੀ ਦਲ ਘੁੰਮਣਘੇਰੀ ਵਿੱਚ ਪੈ ਗਿਆ ਸੀ। ਬੇਸ਼ਕ ਹਰਜਿੰਦਰ ਸਿੰਘ ਧਾਮੀ 62 ਵੋਟਾਂ ਦੇ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ ਪਰੰਤੂ ਬਾਦਲ ਪਰਿਵਾਰ ਦੀ ਚਿੰਤਾ ਵਿੱਚ ਵਾਧਾ ਜ਼ਰੂਰ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਚੋਣ ਵਿੱਚ ਵੀ ਇਤਨੀਆਂ ਵੋਟਾਂ ਵਿਰੋਧੀ ਉਮੀਦਵਾਰ ਨੂੰ ਨਹੀਂ ਪਈਆਂ ਸਨ। ਇਕ ਵਾਰ ਤਾਂ ਸੁਖਬੀਰ ਸਿੰਘ ਬਾਦਲ ਦੀਆਂ ਬੀਬੀ ਜਗੀਰ ਕੌਰ ਨੇ ਗੋਡਣੀਆਂ ਲਵਾ ਦਿੱਤੀਆਂ ਸਨ। ਇਉਂ ਲਗਦਾ ਸੀ ਕਿ ਫਸਵਾਂ ਮੁਕਾਬਲਾ ਹੋਵੇਗਾ ਪਰੰਤੂ ਹੋਇਆ ਬਿਲਕੁਲ ਇਸ ਕਿਆਸ ਅਰਾਈ ਦੇ ਉਲਟ। ਮੁਕਾਬਲਾ ਹਰਜਿੰਦਰ ਸਿੰਘ ਧਾਮੀ ਬਨਾਮ ਬੀਬੀ ਜਗੀਰ ਕੌਰ ਦੀ ਥਾਂ ਸੁਖਬੀਰ ਸਿੰਘ ਬਾਦਲ ਬਨਾਮ ਬੀਬੀ ਜਗੀਰ ਕੌਰ ਬਣ ਗਿਆ ਸੀ। ਅਕਾਲੀ ਦਲ ਬਾਦਲ ਨੂੰ ਆਪਣਾ ਅਕਸ ਸੁਧਾਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਅਕਾਲੀ ਦਲ ਦਾ ਵਕਾਰ ਬਹਾਲ ਕਰਨ ਤੋਂ ਬਿਨਾ ਅਕਾਲੀ ਦਲ ਬਾਦਲ ਦੇ ਪੈਰ ਲੱਗਣੇ ਸੰਭਵ ਨਹੀਂ ਹਨ। ਅਕਾਲ ਤਖ਼ਤ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਕਾਲੀ ਦਲ ਬਾਦਲ ਵਿੱਚ ਅੰਦਰੂਨੀ ਪਰਜਾਤੰਤਰ ਤੋਂ ਬਿਨਾ ਵੀ ਪਾਰਟੀ ਵਿੱਚ ਅਸਥਿਰਤਾ ਦਾ ਮਾਹੌਲ ਬਰਕਰਾਰ ਰਹਣਿ ਦੀ ਸੰਭਾਵਨਾ ਹੈ। ਬੀਬੀ ਜਗੀਰ ਕੌਰ ਭਾਵੇਂ ਚੋਣ ਹਾਰ ਗਏ ਹਨ ਪਰੰਤੂ ਅਕਾਲੀ ਦਲ ਦੇ ਵਿਰੋਧੀ ਧੜਿਆਂ ਅਤੇ ਨਿਰਾਸ਼ ਨੇਤਾਵਾਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰਨ ਵਿੱਚ ਸਫਲ ਰਹੇ ਹਨ, ਜੋ ਬਾਦਲ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹੈ। ਬਾਦਲ ਪਰਿਵਾਰ ਪਹਿਲਾਂ 1999 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਹੁਣ ਦੂਜੇ ਦਿਗਜ਼ ਨੇਤਾ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੱਢਣ ਵਿੱਚ ਸਫਲ ਹੋਇਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਤਾਂ ਮੁੜ ਪਰਿਵਾਰਿਕ ਮਸਲੇ ਕਰਕੇ ਅਕਾਲੀ ਦਲ ਬਾਦਲ ਵਿੱਚ ਆਉਣਾ ਪਿਆ ਸੀ। ਬੀਬੀ ਜਗੀਰ ਕੌਰ ਦੀ ਅਕਾਲੀ ਦਲ ਬਾਦਲ ਵਿੱਚ ਵਾਪਸੀ ਸੰਭਵ ਨਹੀਂ ਲੱਗਦੀ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਬਲਦੇਵ ਸਿੰਘ ਕਿਆਮਪੁਰੀ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਚੁਣੇ ਗਏ ਹਨ। ਕਾਰਜਕਾਰਨੀ ਦੇ 11 ਮੈਂਬਰਾਂ ਵਿੱਚੋਂ 8 ਅਕਾਲੀ ਦਲ ਬਾਦਲ ਅਤੇ 3 ਬੀਬੀ ਜਗੀਰ ਕੌਰ ਦੇ ਧੜੇ ਦੇ ਚੁਣੇ ਗਏ ਹਨ। ਹਰ ਸਾਲ ਨਵੰਬਰ ਵਿੱਚ ਚੋਣ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਹੋਣੀ ਹੁੰਦੀ ਹੈ।
ਇਹ ਚੋਣ ਸਮੇ ਤੋਂ ਪਹਿਲਾਂ ਕਰਵਾ ਦਿੱਤੀ ਗਈ ਹੈ। ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਾਦਲ ਪਰਿਵਾਰ ਦੇ ਏਕਾਅਧਿਕਾਰ ਨੂੰ ਇਤਨੀ ਜ਼ਬਰਦਸਤ ਚੁਣੌਤੀ ਨਹੀਂ ਦਿੱਤੀ ਗਈ। ਅਕਾਲੀ ਦਲ ਦੇ ਵਿਰੋਧੀ ਧੜੇ ਤਾਂ ਪਹਿਲਾਂ ਵੀ ਚੋਣ ਲੜਦੇ ਰਹੇ ਹਨ ਪਰੰਤੂ ਉਨ੍ਹਾਂ 25-30 ਤੋਂ ਵੱਧ ਕਦੀਂ ਵੋਟਾਂ ਨਹੀਂ ਪਈਆਂ। ਇਸ ਚੋਣ ਵਿੱਚ ਪਹਿਲੀ ਵਾਰ ਲਿਫ਼ਾਫ਼ਾ ਕਲਚਰ ਖ਼ਤਮ ਹੋਇਆ ਹੈ। ਹਰ ਸਾਲ ਚੋਣ ਤੋਂ ਇਕ ਦਿਨ ਪਹਿਲਾਂ ਸ਼ਰੋਮਣੀ ਕਮੇਟੀ ਦੇ ਮੈਂਬਰ ਅਕਾਲੀ ਦਲ ਦੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੇ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਂਦੀ ਸੀ। ਅਕਾਲੀ ਦਲ ਦੇ ਪ੍ਰਧਾਨ ਨੂੰ ਸ਼ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਦੇ ਦਿੱਤੇ ਜਾਂਦੇ ਸਨ। ਅਗਲੇ ਦਿਨ ਉਮੀਦਵਾਰ ਦੇ ਚੋਣ ਦੇ ਮੌਕੇ ਹੀ ਬਾਦਲ ਪਰਿਵਾਰ ਦਾ ਪ੍ਰਤੀਨਿਧ ਪ੍ਰਧਾਨਗੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਦਾ ਸੀ। ਇਸ ਵਾਰ ਮਜ਼ਬੂਰੀ ਵਸ ਸੁਖਬੀਰ ਸਿੰਘ ਬਾਦਲ ਨੂੰ ਬੀਬੀ ਜਾਗੀਰ ਕੌਰ ਦੀ ਬਗਾਬਤ ਦੇ ਡਰ ਕਰਕੇ ਹਰਜਿੰਦਰ ਸਿੰਘ ਧਾਮੀ ਦਾ ਨਾਮ ਇਕ ਹਫ਼ਤਾ ਪਹਿਲਾ ਐਲਾਨ ਕਰਨਾ ਪਿਆ ਸੀ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜਿੱਤ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝਾ, ਮਾਲਵਾ ਅਤੇ ਦੁਆਬਾ ਦੇ ਮੈਂਬਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਾ ਪਿਆ। ਸੁਖਬੀਰ ਸਿੰਘ ਬਾਦਲ ਦਾ ਅੱਡੀ ਚੋਟੀ ਦਾ ਜ਼ੋਰ ਇਸ ਚੋਣ ਵਿੱਚ ਲੱਗਿਆ ਹੈ। ਬੀਬੀ ਜਾਗੀਰ ਕੌਰ ਦੀ ਬਗ਼ਾਬਤ ਨੇ ਸੁਖਬੀਰ ਸਿੰਘ ਬਾਦਲ ਦੀ ਨੀਂਦ ਹਰਾਮ ਕੀਤੀ ਹੋਈ ਸੀ। ਇਸ ਚੋਣ ਵਿੱਚ ਬਾਦਲ ਪਰਿਵਾਰ ਅਤੇ ਬੀਬੀ ਜਾਗੀਰ ਕੌਰ ਦਾ ਭਵਿਖ ਦਾਅ ‘ਤੇ ਲੱਗਿਆ ਹੋਇਆ ਸੀ। ਅਕਾਲੀ ਦਲ ਬਾਦਲ ਬੀਬੀ ਜਾਗੀਰ ਕੌਰ ‘ਤੇ ਭਾਰਤੀ ਜਨਤਾ ਪਾਰਟੀ ਨਾਲ ਅੰਦਰਖਾਤੇ ਮਿਲੇ ਹੋਣ ਦਾ ਦੋਸ਼ ਲਗਾ ਰਹੇ ਸਨ। ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ‘ਤੇ ਵੀ ਦੋਸ਼ ਲਗਾ ਰਹੇ ਸਨ ਕਿ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਲਾਲਚ ਦੇ ਕੇ ਬੀਬੀ ਜਗੀਰ ਕੌਰ ਦੀ ਮਦਦ ਕਰਨ ਲਈ ਪ੍ਰੇਰ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਅੰਮਿ੍ਰਤਸਰ ਬੈਠਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਤਾਲਮੇਲ ਕਰਦੇ ਰਹੇ ਸਨ। ਸੁਖਬੀਰ ਸਿੰਘ ਬਾਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਬੀਬੀ ਜਾਗੀਰ ਕੌਰ ਨੂੰ ਚੋਣ ਮੈਦਾਨ ਵਿੱਚੋਂ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਬੀਬੀ ਜਾਗੀਰ ਕੌਰ ਨੂੰ ਨਿੱਜੀ ਤੌਰ ‘ਤੇ ਕਮੇਟੀ ਕੋਲ ਪੇਸ਼ ਹੋਣ ਦਾ ਮੌਕਾ ਵੀ ਦਿੱਤਾ ਗਿਆ। ਇਥੋਂ ਤੱਕ ਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਪਹਿਲਾਂ ਮੁਅੱਤਲ ਅਤੇ ਫਿਰ ਬਰਤਰਫ਼ ਕਰਨ ਤੋਂ ਬਾਅਦ ਵੀ 8 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਬਣਾਈ ਜਾ ਰਹੀ ਚੋਣ ਰਣਨੀਤੀ ਦੀ ਮੀਟਿੰਗ ਤੋਂ ਬਾਅਦ ਵੀ ਚੋਣ ਮੈਦਾਨ ਵਿੱਚੋਂ ਲਾਂਭੇ ਹੋਣ ਦੀ ਤਾਕੀਦ ਕੀਤੀ ਗਈ ਸੀ। ਬਾਦਲ ਪਰਿਵਾਰ ਦੇ ਭਰੋਮੰਦ ਸੁਰਜੀਤ ਸਿੰਘ ਰੱਖੜਾ ਅਤੇ ਡਾ.ਦਲਜੀਤ ਸਿੰਘ ਚੀਮਾ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ ਸੀ ਪਰੰਤੂ ਬੀਬੀ ਜਾਗੀਰ ਕੌਰ ਟੱਸ ਤੋਂ ਮਸ ਨਹੀਂ ਹੋਏ ਸਨ।
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਚੁਣੇ ਹੋਏ ਮੈਂਬਰ ਹਨ। 15 ਮੈਂਬਰ ਕੋਆਪਟ ਕੀਤੇ ਜਾਂਦੇ ਹਨ। 6 ਮੈਂਬਰ ਤਖ਼ਤਾਂ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਹੁੰਦੇ ਹਨ। ਇਸ ਪ੍ਰਕਾਰ ਕੁਲ 191 ਮੈਂਬਰਾਂ ਦਾ ਹਾਊਸ ਹੁੰਦਾ ਹੈ। ਕੋਆਪਟਡ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਇਨ੍ਹਾਂ ਕੁਲ ਮੈਂਬਰਾਂ ਵਿੱਚੋਂ 2 ਅਸਤੀਫਾ ਦੇ ਚੁੱਕੇ ਹਨ। 26 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਲੰਬੇ ਸਮੇਂ ਤੋਂ ਜਨਰਲ ਹਾਊਸ ਦੀ ਚੋਣ ਨਹੀਂ ਹੋਈ। ਕੁਝ ਮੈਂਬਰ ਵਿਦੇਸ਼ੀ ਦੌਰਿਆਂ ਤੇ ਗਏ ਹੋਏ ਹਨ। ਇਸ ਲਈ ਜਨਰਲ ਹਾਊਸ ਦੇ 157 ਮੈਂਬਰ ਹਨ, ਇਨ੍ਹਾਂ ਵਿੱਚੋਂ 146 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ