ਅੰਮ੍ਰਿਤਸਰ – ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਅੰਮ੍ਰਿਤਸਰ ਵਿਖੇ ਸਿਡਾਨਾ ਕ੍ਰਿਕਟ ਅਕੈਡਮੀ ਦਾ ਉਦਘਾਟਨ ਭਾਜਪਾ ਦੇ ਸਿੱਖ ਆਗੂ ਪ੍ਰੋ.ਸਰਚਾਂਦ ਸਿੰਘ ਖਿਆਲਾ ਅਤੇ ਕ੍ਰਿਕਟ ਜਗਤ ਦੇ ਚਮਕਦੇ ਸਿਤਾਰੇ ਸ੍ਰੀ ਚੰਦਨ ਮਦਾਨ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਵਿੱਦਿਆ ਅਤੇ ਖੇਡਾਂ ਦੇ ਖੇਤਰ ਨਾਲ ਜੁੜੇ ਹੋਏ ਪ੍ਰੋ: ਸਰਚਾਂਦ ਸਿੰਘ ਤੇ ਚੰਦਨ ਮਦਾਨ ਨੇ ਸੰਸਥਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਵੱਲੋਂ ਸਰਹੱਦੀ ਖੇਤਰ ਦੇ ਬੱਚਿਆਂ ਨੂੰ ਮਿਆਰੀ ਟੈਕਨੀਕਲ ਸਿੱਖਿਆ ਮੁਹੱਈਆ ਕਰਨ, ਖੇਡਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਕ੍ਰਿਕਟ ਅਕੈਡਮੀ ਖੋਲ੍ਹਣ, ਸਿਹਤ ਸਹੂਲਤਾਂ ਦੇਣ ਲਈ ਆਧੁਨਿਕ ਹਸਪਤਾਲ ਦੀ ਉਸਾਰੀ, ਨਸ਼ਾ ਛੁਡਾਊ ਕੇਂਦਰ ਸਥਾਪਿਤ ਕਰਨ ਵਰਗੇ ਵੱਡੇ ਕਾਰਜਾਂ, ਉਪਰਾਲਿਆਂ ਅਤੇ ਯੋਗਦਾਨ ਲਈ ਉਨ੍ਹਾਂ ਤੇ ਸਿਡਾਨਾ ਇੰਸਟੀਚਿਊਟ ਦੀ ਸ਼ਲਾਘਾ ਕੀਤੀ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸਾਖਰਤਾ ਅਤੇ ਖ਼ੁਸ਼ਹਾਲੀ ਕਿਸੇ ਵੀ ਲੋਕਤੰਤਰ ਦੀ ਸਫਲਤਾ ਦੀਆਂ ਦੋ ਜ਼ਰੂਰੀ ਸ਼ਰਤਾਂ ਹਨ। ਦੇਸ਼ ਦੀ ਸਿੱਖਿਆ ਢਾਂਚਾ ਪਹਿਲ ਕਦਮੀ ਤੇ ਯੋਜਨਾਬੱਧ ਤਰੀਕੇ ਨਾਲ ਸਿਰਜਿਆ ਜਾਣਾ ਅਤੇ ਲੋਕਾਂ ਨੂੰ ਬਿਨਾ ਭੇਦਭਾਵ ਸਿੱਖਿਆ ਪ੍ਰਾਪਤੀ ਦੇ ਬਰਾਬਰ ਮੌਕੇ ਮਿਲਦੇ ਹੋਣ ਤਾਂ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਰਾਜ ਦਾ ਸਿੱਖਿਆ ਪ੍ਰਤੀ ਦ੍ਰਿਸ਼ਟੀਕੋਣ ਨਵੀਨ ਤੇ ਆਧੁਨਿਕ ਸੋਚ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉੱਚ ਸਿੱਖਿਆ ਨੂੰ ਨੌਜਵਾਨਾਂ ਦੀ ਮਾਨਸਿਕਤਾ ਵਿੱਚ ਸਕਾਰਾਤਮਿਕ ਤਬਦੀਲੀ ਦੇ ਸਾਧਨ ਵਜੋਂ ਅਤੇ ਵਿੱਤੀ ਤੌਰ ‘ਤੇ ਸੁਤੰਤਰ ਅਤੇ ਸਮਾਜਿਕ ਤੌਰ ‘ਤੇ ਸੁਰੱਖਿਅਤ ਹੋਣ ਲਈ ਉਤਸ਼ਾਹਿਤ ਕਰਨ ਵਲ ਸੇਧਿਤ ਕਰਨਾ ਹੋਵੇਗਾ। ਇਸ ਸਮੇਂ ਵਿੱਦਿਅਕ ਤਕਨੀਕਾਂ ਜਿਸ ਅਸਾਧਾਰਨ ਗਤੀ ਨਾਲ ਵਿਕਾਸ ਕਰ ਰਹੀਆਂ ਹਨ, ਪੰਜਾਬ ਨੂੰ ਬਾਕੀ ਦੁਨੀਆ ਦੇ ਨਾਲ ਕਦਮ ਮਿਲਾ ਕੇ ਚੱਲਣ ਦਾ ਸੰਕਲਪ ਲੈਣਾ ਹੋਵੇਗਾ। ਰਵਾਇਤੀ ਵਿੱਦਿਅਕ ਢਾਂਚਾ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਲਈ ਲੋੜੀਂਦੀ ਵਿੱਦਿਆ ਨਹੀਂ ਦੇ ਸਕਦਾ। ਵਿਕਾਸ ਅਤੇ ਆਰਥਿਕ ਆਤਮ ਨਿਰਭਰਤਾ ਲਈ ਕਿਤਾ ਮੁਖੀ ਤਕਨੀਕੀ ਸਿੱਖਿਆ ਸਮੇਂ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਨੌਜਵਾਨੀ ਨੂੰ ਪੂਰੇ ਵਿਸ਼ਵ ਦੇ ਮੁਕਾਬਲੇ ਵਿਚ ਸਮੇਂ ਦਾ ਹਾਣੀ ਬਣਾਉਣ ਅਤੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਵਿਚ ਬਹੁਤ ਤੇਜ਼ੀ ਨਾਲ ਬਹੁਪੱਖੀ ਤਰੱਕੀ ਹਾਸਲ ਕਰਦਿਆਂ ਦੇਸ਼ ਨੂੰ ਦੁਨੀਆ ਦੀ ਵੱਡੀ ਆਰਥਿਕ ਸ਼ਕਤੀ ਬਣਾਉਣ ਲਈ ਸਾਨੂੰ ਆਧੁਨਿਕ ਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਇਨਕਲਾਬੀ ਕਦਮ ਚੁੱਕਣ ਦੀ ਲੋੜ ਹੈ। ਇਸ ਪੱਖੋਂ ਸਿਡਾਨਾ ਇੰਸਟੀਚਿਊਟ ਦੀਆਂ ਪਹਿਲ ਕਦਮੀਆਂ ਨੂੰ ਉਨ੍ਹਾਂ ਸਲਾਹਿਆ। ਪ੍ਰੋ ਸਰਚਾਂਦ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਹਿਤ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨਾਲ ਮਰੀਜ਼ ਵਾਂਗ ਵਿਵਹਾਰ ਕਰਨ ਦੀ ਲੋੜ ਹੈ। ਮਾਨਸਿਕ ਰੋਗਾਂ ਨਾਲ ਜੂਝ ਰਹੇ ਇਨ੍ਹਾਂ ਨੂੰ ਅਪਰਾਧੀ ਨਹੀਂ ਸਗੋਂ ਪੀੜਤਾਂ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।
ਸਿਡਾਨਾ ਦੇ ਮੁਖੀ ਡਾ. ਜੀਵਨ ਜੋਤੀ ਸਿਡਾਨਾ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਇਲਾਕੇ ਦੇ ਖਿਡਾਰੀਆਂ ਦਾ ਖੇਡ ਕ੍ਰਿਕਟ ਪ੍ਰਤੀ ਬਹੁਤ ਰੁਝਾਨ ਸੀ। ਖਿਡਾਰੀਆਂ ਨੂੰ ਕ੍ਰਿਕਟ ਦੀ ਟਰੇਨਿੰਗ ਲਈ ਦੂਰ ਦੁਰਾਡੇ ਜਾਣਾ ਪੈਦਾ ਸੀ ਜਿਸ ਕਰਕੇ ਇਕ ਵਿਸ਼ੇਸ਼ ਉਪਰਾਲੇ ਵਜੋਂ ਸੰਸਥਾ ਵਿੱਚ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਯਤਨ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਤੋਂ ਉਮੀਦ ਕੀਤੀ ਕਿ ਅਕੈਡਮੀ ਦੇ ਨਾਲ ਨਾਲ ਉਹ ਆਪਣੇ ਦੇਸ਼ ਦਾ ਵੀ ਨਾਮ ਰੌਸ਼ਨ ਕਰਨਗੇ।
ਇਸ ਤੋਂ ਉਪਰੰਤ ਹੀ ਸਿਡਾਨਾ ਕ੍ਰਿਕਟ ਅਕੈਡਮੀ ਅਤੇ ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਟੀਮ ਵਿੱਚ ਵਿਚਕਾਰ ਮੈਚ ਕਰਵਾਏ ਗਏ ਜਿਸ ਵਿੱਚ ਸੰਸਥਾ ਤੇ ਇਲਾਕੇ ਦੇ ਹੋਰ ਖਿਡਾਰੀਆਂ ਨੇ ਇਸ ਅਕੈਡਮੀ ਦਾ ਹਿੱਸਾ ਬਣ ਕੇ ਚਾਰ ਚੰਦ ਲਗਾ ਦਿੱਤੇ। ਅੰਤ ਵਿੱਚ ਜਿੱਤੀ ਹੋਈ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਨਵੇਤਾ ਅਰੋੜਾ ਪੋ੍. ਭੁਪਿੰਦਰ ਸਿੰਘ,ਪੋ੍.ਦਰਸ਼ਪੀ੍ਤ ਸਿੰਘ ਭੁੱਲਰ, ਐਡਮਨਿਸਟਰੇਸ਼ਨ ਮੈਨੇਜਰ ਸ਼੍ਰੀ ਸੀ ਪੀ ਸ਼ਰਮਾ, ਬਲਜਿੰਦਰ ਸਿੰਘ,ਅਮਰਪ੍ਰੀਤ ਕੌਰ ,ਕ੍ਰਿਕਟ ਕੋਚ ਸ.ਰਣਜੀਤ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸੀ।