ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵਾਸਤੇ ਸਭ ਤੋਂ ਪਹਿਲੀ ਤੇ ਵੱਡੀ ਖੁਸ਼ਖ਼ਬਰੀ ਇਹ ਹੈ ਕਿ ਇਸ ਦੇਸ ਦੀ ਰਾਜਧਾਨੀ ਕੈਨਬਰਾ ਵਿਖੇ ਦਹਾਕਿਆਂ ਤੋਂ ਇਕੋ ਗੁਰਦੁਆਰਾ ਸਾਹਿਬ ਸ਼ਹਿਰ ਦੀਆਂ ਸੰਗਤਾਂ ਦੀਆਂ ਧਾਰਮਿਕ ਅਤੇ ਸਭਿਆਚਾਰਕ ਲੋੜਾਂ ਪੂਰੀਆਂ ਕਰਦਾ ਆ ਰਿਹਾ ਹੈ। ਦੂਸਰੇ ਸ਼ਹਿਰਾਂ ਵਾਂਗ ਰੁੱਸ ਕੇ ਬਿਨਾ ਲੋੜੋਂ ਹੋਰ ਗੁਰਦੁਆਰਾ ਸਾਹਿਬ ਨਹੀਂ ਉਸਾਰੇ ਗਏ।
ਜਦੋਂ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਹਾਕੇ ਪਹਿਲਾਂ ਹੋਈ ਸੀ ਓਦੋਂ ਏਥੇ ਬਹੁਤ ਹੀ ਥੋਹੜੀ ਸੰਗਤ ਹੋਣ ਕਰਕੇ ਦਰਬਾਰ ਹਾਲ, ਲੰਗਰ ਹਾਲ ਆਦਿ ਦੀ ਉਸਾਰੀ ਸਮੇ ਦੀ ਲੋੜ ਅਨੁਸਾਰ ਕੀਤੀ ਗਈ ਸੀ। ਗ੍ਰੰਥੀ ਸਿੰਘ ਦੇ ਰਹਿਣ ਵਾਸਤੇ ਵੀ ਕੋਈ ਕਮਰਾ ਨਹੀਂ ਸੀ ਬਣਾਇਆ ਜਾ ਸਕਿਆ। ਉਸ ਸਮੇ ਇਕ ਗ੍ਰੰਥੀ ਸਿੰਘ ਹੁੰਦਾ ਸੀ ਪਰ ਹੁਣ ਸੰਗਤਾਂ ਦੀ ਲੋੜ ਨੂੰ ਮੁਖ ਰੱਖ ਕੇ ਇਕ ਰਾਗੀ ਜਥਾ ਅਤੇ ਇਕ ਗ੍ਰੰਥੀ ਸਿੰਘ ਹਰੇਕ ਸਮੇ ਗੁਰਦੁਆਰਾ ਸਾਹਿਬ ਵਿਚ ਹਾਜਰ ਰਹਿੰਦੇ ਹਨ।
ਇਸ ਵੇਲੇ ਗੁਰੂ ਦੀ ਕਿਰਪਾ ਸਦਕਾ, ਬਾਕੀ ਸ਼ਹਿਰਾਂ ਵਾਂਗ, ਕੈਨਬਰਾ ਵਿਚ ਵੀ ਸੱਬਰਕੱਤੀ ਗਿਣਤੀ ਵਿਚ ਸੰਗਤਾਂ ਵੱਸ ਰਹੀਆਂ ਹਨ। ਅਜਿਹਾ ਸਿੱਖ ਵਿਦਿਆਰਥੀਆਂ ਦੇ ਆਸਟ੍ਰੇਲੀਆ ਵਿਚ ਆਉਣ ਕਰਕੇ ਹੋਇਆ ਹੈ। ਸਾਰੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿਚ ਸੰਗਤਾਂ ਦੀ ਗਹਿਮਾ ਗਹਿਮੀ ਹੈ।
ਇਸ ਲਈ ਹੁਣ ਸੰਗਤ ਵਧਣ ਕਰਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸੰਗਤ ਦੀ ਸਲਾਹ ਨਾਲ਼ ਵਿਚਾਰ ਕੀਤਾ ਹੈ ਕਿ ਸਮੇ ਅਨੁਸਾਰ, ਗੁਰਦੁਆਰਾ ਸਾਹਿਬ ਦੀ, ਸੰਗਤਾਂ ਦੀ ਲੋੜ ਅਨੁਸਾਰ ਵਿਸ਼ਾਲ ਇਮਾਰਤ ਦੀ ਉਸਾਰੀ ਕੀਤੀ ਜਾਵੇ, ਜਿਸ ਵਿਚ ਵਿਸ਼ਾਲ ਦਰਬਾਰ ਹਾਲ, ਲੰਗਰ ਹਾਲ਼, ਗ੍ਰੰਥੀ ਸਿੰਘਾਂ ਦੀ ਪਰਵਾਰਾਂ ਸਮੇਤ ਰਿਹਾਇਸ਼ ਆਦਿ ਦਾ ਸੁਚੱਜਾ ਪ੍ਰਬੰਧ ਹੋ ਸਕੇ।
ਇਸ ਤੋਂ ਇਲਾਵਾ ਕੈਨਬਰਾ ਵਿਚ ਸਰਕਾਰੀ ਕਾਰਜਾਂ ਲਈ ਆਉਣ ਵਾਲੇ ਸਿੱਖ ਯਾਤਰੂ ਵੀ ਰਾਤ ਰਹਿ ਸਕਣ।
ਇਸ ਵਿਸ਼ਾਲ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਸਤੇ ਸਿੱਖ ਸੰਗਤ ਦੀ ਸਲਾਹ ਨਾਲ਼, 27 ਨਵੰਬਰ 2022 ਵਾਲੇ ਸੁਭਾਗੇ ਦਿਹਾੜੇ ਟੱਕ ਲਾਉਣ ਦਾ ਵਿਚਾਰ ਬਣਾਇਆ ਗਿਆ ਹੈ।
ਇਸ ਦਿਨ ਸਾਰੇ ਆਸਟ੍ਰੇਲੀਆ ਦੀਆਂ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਚਰਨਾਂ ਵਿਚ, ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਸ਼ਹਿਰ ਦੀਆਂ ਸੰਗਤਾਂ ਵੱਲੋਂ, ਦੋਵੇਂ ਹੱਥ ਜੋੜ ਕੇ, ਬੇਨਤੀ ਕੀਤੀ ਜਾਂਦੀ ਹੈ ਕਿ ਟੱਕ ਲਾਉਣ ਵਾਲੇ ਸ਼ੁਭ ਦਿਨ ਦਰਸ਼ਨ ਦੇ ਕੇ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਪ੍ਰਬੰਧਕਾਂ ਨੂੰ ਧੰਨਵਾਦੀ ਬਣਾਓ।
ਦਰਸ਼ਨ ਅਭਿਲਾਸ਼ੀ
ਗੁਰਦੁਆਰਾ ਕਮੇਟੀ ਸੇਵਾਦਾਰ ਅਤੇ ਸੰਗਤ