ਮਨੁੱਖਾ ਜੀਵਨ ਦਾ ਕੋਈ ਖੇਤਰ ਨਹੀਂ ਜਿਸ ਵਿੱਚ ਭਾਸ਼ਾ ਦਾ ਦਖ਼ਲ ਨਾ ਹੁੰਦਾ ਹੋਵੇ। ਮਨੋ-ਸੰਬਾਦ ਤੋਂ ਲੈ ਕੇ ਕੌਮਾਂਤਰੀ ਅਦਾਨ-ਪ੍ਰਦਾਨ ਤੱਕ ਕੁਝ ਵੀ ਭਾਸ਼ਾ ਤੋਂ ਬਿਨਾਂ ਸੰਭਵ ਨਹੀਂ। ਵਿੱਦਿਆ, ਗਿਆਨ, ਵਿਗਿਆਨ, ਤਕਨੀਕ, ਪ੍ਰਸ਼ਾਸਨ, ਕਾਰੋਬਾਰ, ਸੰਚਾਰ, ਸਾਹਿਤ ਸੱਭਿਆਚਾਰ, ਇਤਿਹਾਸ, ਵਿਰਸਾ, ਆਦਿ ਸਭ ਦੀ ਵਾਹਕ ਭਾਸ਼ਾ ਹੈ।
ਅੱਜ-ਕੱਲ੍ਹ ਪੰਜਾਬ/ਭਾਰਤ ਦੇ ਰਾਜਸੀ ਬਿਰਤਾਂਤ ਵਿੱਚ ਵੀ ਭਾਸ਼ਾ ਦੇ ਮਾਮਲੇ ਬਾਰੇ ਅਕਸਰ ਗੱਲ ਉੱਠਦੀ ਆ ਰਹੀ ਹੈ। ਏਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੀ ਭਾਸ਼ਾ ਦੇ ਮਾਮਲੇ ਬਾਰੇ ਤੇ ਮਾਤ ਭਾਸ਼ਾਵਾਂ ਤੇ ਹੱਕ ਵਿੱਚ ਅੱਜ-ਕੱਲ੍ਹ ਅਕਸਰ ਟਿੱਪਣੀ ਕਰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਅਜੇ ਕੱਲ੍ਹ ਹੀ ਮਾਤ ਭਾਸ਼ਾ ਨੂੰ ਮਹੱਤਾ ਦੇਣ ਬਾਰੇ ਆਖਿਆ ਹੈ।
ਪੰਜਾਬ ਦਾ “ਰਾਜ ਭਾਸ਼ਾ ਕਨੂੰਨ” ਪੰਜਾਬ ਦਾ ਸਾਰਾ ਕੰਮਕਾਜ ਮਾਂ ਬੋਲੀ ਪੰਜਾਬੀ ਵਿੱਚ ਕੀਤੇ ਜਾਣ ਦਾ ਨਿਰਦੇਸ਼ ਦਿੰਦਾ ਹੈ। ਭਾਰਤ ਦੇ ਸੰਵਿਧਾਨ ਵਿੱਚ ਵੀ 347 ਤੇ 351-ਏ ਜਿਹੀਆਂ ਧਾਰਾਵਾਂ ਹਰ ਭਾਰਤੀ ਨਾਗਰਿਕ ਨੂੰ ਮਾਤ ਭਾਸ਼ਾ ਵਿੱਚ ਸੇਵਾਵਾਂ ਤੇ ਸਿੱਖਿਆ ਦੀ ਜਾਮਨੀ ਭਰਦੀਆਂ ਹਨ। ਸੰਘ ਸਰਕਾਰ ਵੱਲੋਂ ਪਰਵਾਨੀ ਨਵੀਂ “ਸਿੱਖਿਆ ਨੀਤੀ 2020” ਵਿੱਚ ਮਾਂ ਬੋਲੀ ਵਿੱਚ ਸਿੱਖਿਆ ਦੇਣ ਬਾਰੇ ਨਿਰਦੇਸ਼ ਦਿੱਤੇ ਗਏ ਹਨ।
ਦੁਨੀਆਂ ਭਰ ਦੇ ਮਾਹਰਾਂ ਦੀ ਰਾਇ, ਪੜਤਾਲਾਂ ਦੇ ਸਿੱਟੇ, ਤੇ ਸਫਲ ਦੇਸਾਂ ਦਾ ਵਿਹਾਰ ਹਰ ਖੇਤਰ ਵਿੱਚ ਮਾਤ ਭਾਸ਼ਾ ਨੂੰ ਅਧਾਰ ਬਨਾਉਣ ਦੀ ਵੱਡੀ ਹਾਮੀ ਭਰਦੇ ਹਨ। ਹੋਰ ਤਾਂ ਹੋਰ, ਪਰਦੇਸੀ ਭਾਸ਼ਾ ਸਿੱਖਣ ਲਈ ਵੀ ਮਾਤ ਭਾਸ਼ਾ ਮਾਧਿਅਮ ਵਿੱਚ ਪੜ੍ਹਾਈ ਨਾਲ ਉਸ ਪਰਦੇਸੀ ਭਾਸ਼ਾ ਮਾਧਿਅਮ ਵਿੱਚ ਪੜ੍ਹਾਈ ਨਾਲੋਂ ਬਿਹਤਰ ਸਿੱਟੇ ਹਾਸਲ ਹੁੰਦੇ ਹਨ (ਹਵਾਲੇ ਲਈ ਵੇਖੋ-
1.‘ਇੰਗਲਿਸ਼ ਲੈਂਗੁਏਜ ਐਂਡ ਮੀਡੀਅਮ ਆਫ ਇਨਸਟਰਕਸ਼ਨ ਇਨ ਬੇਸਿਕ ਐਜੂਕੇਸ਼ਨ…’ ਬਰਿਟਿਸ਼ ਕਾਉਂਸਲ, 2017, ਪੰਨਾਂ 3; 2. ‘ਇਮਪਰੂਵਮੈਂਟ ਇਨ ਦ ਕੁਆਲਟੀ ਆਫ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ’, ਯੂਨੈਸਕੋ, 2008, ਪੰਨਾਂ 2; 3. ‘ਲਾਊਡ ਐਂਡ ਕਲੀਅਰ: ਇਫੈਕਟਿਵ ਲੈਂਗੁਏਜ ਆਫ਼ ਇਨਸਟਰਕਸ਼ਨ ਪੌਲਸੀਜ਼ ਫਾਰ ਲਰਨਿੰਗ’, ਵਰਲਡ ਬੈਂਕ, 2021; ਤਿੰਨੇਂ ਲਿਖਤਾਂ ਮੱਕੜਜਾਲ ‘ਤੇ ਹਾਸਲ ਨੇ)।
ਪਰ ਪੰਜਾਬ/ਭਾਰਤ ਦਾ ਸਾਰਾ ਭਾਸ਼ਾ ਵਿਹਾਰ ਭਰਮਾਂ ‘ਤੇ ਟਿਕਿਆ ਹੋਇਆ ਏ ਤੇ ਮਾਤ ਭਾਸ਼ਾਵਾਂ ਨੂੰ ਹਰ ਰਸਮੀ ਖੇਤਰ ‘ਚੋਂ ਲਗਭਗ ਪੂਰਾ ਦੇਸ ਨਿਕਾਲਾ ਦਈ ਬੈਠਾ ਹੈ। ਇਸ ਦੇ ਵਿੱਦਿਆ, ਗਿਆਨ, ਵਿਗਿਆਨ, ਹੁਨਰ, ਪ੍ਰਸ਼ਾਸਨ, ਕਾਰੋਬਾਰ, ਸੰਚਾਰ, ਸਾਹਿਤ, ਸੱਭਿਆਚਾਰ, ਇਤਿਹਾਸ, ਵਿਰਸੇ, ਆਦਿ ਹਰ ਖੇਤਰ ਵਿੱਚ ਬੜੇ ਵੱਡੇ ਘਾਟੇ ਪੈਂਦੇ ਪਏ ਨੇ।
ਪੰਜਾਬੀ ਵਿਕਾਸ ਮੰਚ (ਯੂਕੇ) ਇਸ ਸਥਿਤੀ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਬਾਰੇ ਜ਼ਮੀਨੀ ਜਾਣਕਾਰੀ ਲੈਣ ਅਤੇ ਇਸ ਬਾਰੇ ਬਣਦੀ ਸਰਗਰਮੀ ਲਈ ਸੁਝਾਅ ਤੇ ਸਹਿਯੋਗ ਦੇਣ ਲਈ ‘ਮੰਚ’ ਦਾ ਇੱਕ ਪ੍ਰਤੀਨਿਧੀ ਮੰਡਲ ਪੂਰੇ ਮਹੀਨੇ (ਨਵੰਬਰ-ਦਸੰਬਰ) ਲਈ ਪੰਜਾਬ ਦੇ ਦੌਰੇ ‘ਤੇ ਹੈ ਤੇ ਵੱਖ-ਵੱਖ ਸੰਸਥਾਵਾਂ/ਸੰਗਠਨਾਂ ਆਦਿ ਨਾਲ ਇਸ ਸਬੰਧੀ ਮਿਲਣੀਆਂ/ਗੋਸ਼ਟੀਆਂ ਕਰ ਰਿਹਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਲੈ ਕੇ ਪ੍ਰਤੀਨਿਧ ਮੰਡਲ ਦੇ ਦੋ ਪ੍ਰਮੁੱਖ ਫੌਰੀ ਮਨੋਰਥ ਇਸ ਪ੍ਰਕਾਰ ਹਨ:
1. ਪੰਜਾਬ ਪ੍ਰਸ਼ਾਸਨ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਲਾਗੂ ਕਰਨ ਦੀਆਂ ਮੁਸ਼ਕਲਾਂ ਦਾ ਸਮਾਧਾਨ;
2. ਸਿੱਖਿਆ ਪ੍ਰਣਾਲੀ ਵਿੱਚ ਮਾਧਿਅਮ ਪਰਿਵਰਤਨ ਲਈ ਲੋੜੀਂਦੇ ਯਤਨ।
ਅੱਜ ਦੀ ਇਹ ਪ੍ਰੈਸ ਮਿਲਣੀ ਰਾਹੀਂ ਅਸੀਂ ਪੰਜਾਬ ਸਰਕਾਰ ਅਤੇ ਸਮੂਹ ਪੰਜਾਬੀ ਜਗਤ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਅਤੇ ਭਾਸ਼ਾ ਨਾਲ ਜੁੜੇ ਸਾਰੇ ਖੇਤਰ ਬੜੇ ਗੰਭੀਰ ਭਾਸ਼ਾਈ ਸੰਕਟ ਵਿੱਚ ਹਨ। ਇਸ ਕਰਕੇ ਸਾਰੇ ਹਿੱਤਧਾਰੀਆਂ ਵੱਲੋਂ ਤੁਰਤ ਤੇ ਵੱਡੇ ਪੱਧਰ ‘ਤੇ ਬਣਦੇ ਜਤਨ ਕਰਨ ਦੀ ਲੋੜ ਹੈ। ਮੰਚ ਦੀ ਰਾਇ ਹੈ ਕਿ ਇਸ ਸਬੰਧੀ ਅਗਵਾਈ ਦੀ ਪਹਿਲੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਇਸ ਲਈ ਪੰਜਾਬ ਸਰਕਾਰ ਖਾਸ ਤੌਰ ‘ਤੇ ਉਤਲੇ ਦੋ ਟੀਚੇ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਤੁਰਤ ਲੋੜੀਂਦੇ ਉਪਰਾਲੇ ਕਰੇ। ਇਹ ਟੀਚੇ ਹਾਸਲ ਕਰਨੇ ਸੰਭਵ ਹਨ ਤੇ ਜ਼ਰੂਰੀ ਹਨ।
ਅਸੀਂ ਸਮੂਹ ਸੰਚਾਰ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਭਾਸ਼ਾ ਦੇ ਮਾਮਲਿਆਂ ਬਾਰੇ ਪਰਮਾਣੀ ਸਮਝ ਨੂੰ ਹਰ ਨੁੱਕਰੇ ਪਹੁੰਚਾਉਣ ਲਈ ਵਿਸ਼ੇਸ਼ ਯੋਗਦਾਨ ਪਾਵੇ ਤੇ ਭਾਸ਼ਾ ਦੇ ਮਾਮਲਿਆਂ ਬਾਰੇ ਪਸਰੇ ਭਰਮਾਂ ਨੂੰ ਤੋੜ ਕੇ ਚੇਤਨਤਾ ਦਾ ਪਾਸਾਰ ਕਰੇ।
ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਪੰਜਾਬ ਵਿੱਚ ਪੰਜਾਬੀ ਦੇ ਬੋਲਬਾਲੇ ਲਈ ਤੁਰਤ ਲੋੜੀਂਦੇ ਕਦਮ ਚੁੱਕੇ। ਸਾਡੀ ਇਹ ਵੀ ਬੇਨਤੀ ਹੈ ਕਿ ਸਰਕਾਰ ਦੇ ਸਬੰਧਿਤ ਵਿਭਾਗ ਪੰਜਾਬ ਵਿਕਾਸ ਮੰਚ ਤੇ ਹੋਰ ਚਿੰਤਾਤੁਰ ਸੰਸਥਾਵਾਂ, ਸੰਗਠਨਾਂ, ਮਾਹਰਾਂ, ਆਦਿ ਨਾਲ ਵੱਡੇ ਪੱਧਰ ‘ਤੇ ਸੰਬਾਦ ਰਚਾਉਣ ਤਾਂ ਜੋ ਇਹਨਾਂ ਟੀਚਿਆਂ ਨੁੰ ਸਹਿਜੇ ਤੇ ਛੇਤੀ ਹਾਸਲ ਕੀਤਾ ਜਾ ਸੱਕੇ।