ਕੋਟਕਪੂਰਾ,(ਦੀਪਕ ਗਰਗ) – ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸੰਗਠਨ ਦਾ ਵਿਸਥਾਰ ਹੋਣ ਜਾ ਰਿਹਾ ਹੈ। ਸੰਗਠਨ ਵਿੱਚ ਕਈ ਵੱਡੇ ਅਤੇ ਨਵੇਂ ਚਿਹਰੇ ਸ਼ਾਮਲ ਹੋਣਗੇ। ਕੇਂਦਰੀ ਲੀਡਰਸ਼ਿਪ ਭਾਜਪਾ ਦੀ ਸੂਬਾ ਕੋਰ ਕਮੇਟੀ, ਜ਼ਿਲ੍ਹਾ ਕਮੇਟੀਆਂ ਸਮੇਤ ਵੱਖ-ਵੱਖ ਮੋਰਚਿਆਂ ਵਿੱਚ ਫੇਰਬਦਲ ਕਰੇਗੀ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਤਿੰਨ ਸਾਲ ਦਾ ਕਾਰਜਕਾਲ ਵੀ ਜਨਵਰੀ ‘ਚ ਖਤਮ ਹੋ ਰਿਹਾ ਹੈ।
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ‘ਚ ਸੂਬਾ ਭਾਜਪਾ ਲੀਡਰਸ਼ਿਪ ‘ਚ ਬਦਲਾਅ ਹੋਣਾ ਤੈਅ ਹੈ। ਪਾਰਟੀ ਵਿੱਚ ਇਹ ਤਬਦੀਲੀ ਸਤੰਬਰ ਦੇ ਅੱਧ ਤੱਕ ਹੋਣ ਦੀ ਪੁਸ਼ਟੀ ਹੋ ਗਈ ਹੈ। ਇਸ ਬਦਲਾਅ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਕਰੀਬ ਤਿੰਨ ਦਹਾਕਿਆਂ ਤੋਂ ਸਿਰਫ਼ ਤਿੰਨ ਲੋਕ ਸਭਾ ਸੀਟਾਂ ‘ਤੇ ਹੀ ਚੋਣ ਲੜ ਰਹੀ ਸੀ। ਹੁਣ ਉਨ੍ਹਾਂ ਦਾ ਧਿਆਨ 2024 ਦੀਆਂ ਲੋਕ ਸਭਾ ਚੋਣਾਂ ‘ਤੇ ਹੈ।
ਉਹ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲੇ ਹੀ ਚੋਣ ਲੜੇਗੀ। ਦੂਜਾ ਕਾਰਨ ਇਹ ਵੀ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਸੂਬਾਈ ਸੰਗਠਨ ਤੋਂ ਕਾਫੀ ਨਿਰਾਸ਼ ਹੈ। ਇਸ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ ਸੂਬਾਈ ਲੀਡਰਸ਼ਿਪ ਵਿਚ ਬਦਲਾਅ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਕਿਉਂਕਿ ਇਸ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਚੋਣ ਵਿਚ ਭਾਜਪਾ ਨੇ 73 ਸੀਟਾਂ ‘ਤੇ ਚੋਣ ਲੜੀ ਸੀ ਅਤੇ ਸਿਰਫ 6.6 ਫੀਸਦੀ ਵੋਟਾਂ ਹੀ ਹਾਸਲ ਕਰ ਸਕੀ ਸੀ। ਸਭ ਤੋਂ ਮਾੜੀ ਗੱਲ ਇਹ ਹੈ ਕਿ 73 ਵਿੱਚੋਂ 54 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ।
ਸੁਨੀਤਾ ਗਰਗ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਪੰਜਾਬ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਦੀ ਜਿੰਮੇਵਾਰੀ ਨਿਭਾ ਰਹੇ ਐੱਮ ਸ਼੍ਰੀਨਿਵਾਸਲੁ ਵਲੋਂ ਸੋਮਵਾਰ ਨੂੰ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਅਤੇ ਪੰਜਾਬ ਦੀ ਸੁੱਬਾ ਸਕੱਤਰ ਦੇ ਘਰ ਇਕ ਬੈਠਕ ਕੀਤੀ ਗਈ। ਇਸ ਬੈਠਕ ਵਿਚ ਜਨਰਲ ਸਕੱਤਰ ਦਿਆਲ ਸੋਢੀ ਅਤੇ ਸੁੱਬਾ ਉਪਪ੍ਰਧਾਨ ਸੁਖਵੰਤ ਸਿੰਘ ਧਨੌਲਾ ਵੀ ਹਾਜਿਰ ਸਨ। ਇਸ ਬੈਠਕ ਤੋਂ ਬਾਅਦ ਸੰਕੇਤ ਮਿਲੇ ਹਨ ਕਿ ਆਉਣ ਵਾਲੇ ਸਮੇਂ ਦੌਰਾਨ ਸੁਨੀਤਾ ਗਰਗ ਨੂੰ ਸੁੱਬੇ ਵਿੱਚ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਸੁਨੀਤਾ ਗਰਗ ਕੋਟਕਪੂਰਾ ਦੀ ਤਿੰਨ ਬਾਰ ਕੌਂਸਲਰ ਵੀ ਰਹਿ ਚੁੱਕੀ ਹੈ।
ਜਿਕਰ ਯੋਗ ਹੈ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਤਿੰਨ ਸਾਲ ਦਾ ਕਾਰਜਕਾਲ ਜਨਵਰੀ ‘ਚ ਖਤਮ ਹੋ ਰਿਹਾ ਹੈ। ਸ਼ਰਮਾ ਨੂੰ 2020 ਵਿੱਚ ਇਸ ਅਹੁਦੇ ਲਈ ਚੁਣਿਆ ਗਿਆ ਸੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਲੀਡਰਸ਼ਿਪ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਕਿਸੇ ਨਵੇਂ ਚਿਹਰੇ ‘ਤੇ ਵਿਚਾਰ ਕਰ ਸਕਦੀ ਹੈ।
ਇਹ ਵੀ ਪੱਤਾ ਲੱਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਤੇਜ਼ੀ ਨਾਲ ਆਪਣਾ ਆਧਾਰ ਵਧਾ ਰਹੀ ਹੈ। ਪਾਰਟੀ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਆਪਣੀ ਵੋਟ ਸ਼ੇਅਰ ਵਿੱਚ ਵਾਧਾ ਕੀਤਾ ਹੈ। 2024 ‘ਚ ਪਾਰਟੀ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਪੂਰੀ ਤਾਕਤ ਨਾਲ ਚੋਣ ਲੜੇਗੀ। ਇਸ ਲਈ ਸੰਗਠਨ ਦਾ ਵਿਸਥਾਰ ਜ਼ਰੂਰੀ ਹੈ। ਕਾਂਗਰਸ ਛੱਡ ਚੁੱਕੇ ਪਾਰਟੀ ਦੇ ਕਈ ਵੱਡੇ ਚਿਹਰਿਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਸੂਤਰਾਂ ਮੁਤਾਬਿਕ ਕੋਟਕਪੂਰਾ ਕਾਂਗਰਸ ਦੀ ਧੜੇਬੰਦੀ ਦੇ ਚਲਦੇ ਕਈ ਕਾਂਗਰਸੀ ਕੌਂਸਲਰ ਅਤੇ ਆਗੂ ਇਸ ਵੇਲੇ ਸੁਨੀਤਾ ਗਰਗ ਦੇ ਸੰਪਰਕ ਵਿੱਚ ਹਨ।
ਦੱਸਣਾ ਹੋਵੇਗਾ ਕਿ ਭਾਜਪਾ ਵਿੱਚ ਸੰਗਠਨ ਜਨਰਲ ਸਕੱਤਰ ਦਾ ਅਹੁਦਾ ਬਹੁਤ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਹੈ। ਇਸ ਅਹੁਦੇ ‘ਤੇ ਆਰਐਸਐਸ ਦੇ ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਸੰਗਠਨ ਦੇ ਜਨਰਲ ਸਕੱਤਰ ਸੰਘ ਅਤੇ ਭਾਜਪਾ ਵਿਚਕਾਰ ਕੜੀ ਦਾ ਕੰਮ ਵੀ ਕਰਦੇ ਹਨ ਅਤੇ ਵੱਡੀਆਂ ਜਥੇਬੰਦਕ ਗਤੀਵਿਧੀਆਂ ਵੀ ਕਰਦੇ ਹਨ। ਸੰਗਠਨ ਜਨਰਲ ਸਕੱਤਰ ਦਾ ਇਹ ਅਹੁਦਾ ਭਾਜਪਾ ਸੰਗਠਨ ਦੀ ਸੱਤਾ ਦੀ ਲੜੀ ‘ਚ ਜਨਰਲ ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਜਿਸਦੇ ਚਲਦੇ ਭਾਜਪਾ ਦੀ ਸੁੱਬਾ ਸਕੱਤਰ ਸੁਨੀਤਾ ਗਰਗ ਦੇ ਘਰ ਸੰਗਠਨ ਜਨਰਲ ਸਕੱਤਰ ਐੱਮ ਸ਼੍ਰੀਨਿਵਾਸਲੁ ਦੀ ਇਸ ਫੇਰੀ ਅਤੇ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।