ਨਵੀਂ ਦਿੱਲੀ- ਕਾਂਗਰਸ ਦੇ ਨਾਲ ਗਠਜੋੜ ਕਰਕੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿਚ ਅਗਲੀ ਸਰਕਾਰ ਬਣਾਏਗੀ ਅਤੇ ਉਮਰ ਅਬਦੁਲਾ ਗਠਜੋੜ ਸਰਕਾਰ ਦੇ ਮੁੱਖ ਮੰਤਰੀ ਹੋਣਗੇ। ਕਾਂਗਰਸ ਵੀ ਗਠਜੋੜ ਸਰਕਾਰ ਵਿਚ ਸ਼ਾਮਲ ਹੋਵੇਗੀ।
ਇਹ ਫੈ਼ਸਲਾ ਮੰਗਲਵਾਰ ਦੁਪਹਿਰ ਨੂੰ ਉਮਰ ਅਬਦੁਲਾ ਦੀ ਸੋਨੀਆ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ। ਮੀਟਿੰਗ ਤੋਂ ਬਾਹਰ ਆਉਂਦੇ ਹੋਏ 38 ਸਾਲਾ ਉਮਰ ਅਬਦੁਲਾ ਨੇ ਕਿਹਾ ਕਿ ਇਹ ਫੇਸਲਾ ਕੀਤਾ ਗਿਆ ਹੈ ਕਿ ਰਾਜ ਵਿਚ ਗਠਜੋੜ ਸਰਕਾਰ ਦੀ ਅਗਵਾਈ ਮੈਂ ਕਰਾਂਗਾ, ਜਿਸ ਵਿਚ ਕਾਂਗਰਸ ਵੀ ਸ਼ਾਮਲ ਹੋਵੇਗੀ।ਉਮਰ ਨੇ ਕਿਹਾ ਕਿ ਗਿਣਤੀ ਦੇ ਹਿਸਾਬ ਨਾਲ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਹੀ ਰਲਕੇ ਸਰਕਾਰ ਬਣਾ ਸਕਦੇ ਸਨ। ਰਾਜ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣਨ ਵਾਲੇ ਉਮਰ ਨੇ ਕਿਹਾ ਕਿ ਹੋਰ ਅਹਿਮ ਮੁੱਦਿਆਂ ਦੇ ਬਾਰੇ ਬਾਅਦ ਵਿਚ ਫੈ਼ਸਲਾ ਲਿਆ ਜਾਵੇਗਾ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿਚ 1987 ਵਿਚ ਵੀ ਗਠਜੋੜ ਕਰ ਚੁੱਕੇ ਹਨ। ਨੈਸ਼ਨਲ ਕਾਨਫਰੰਸ ਦੇ ਸੀਨੀਅਰ ਲੀਡਰ ਅਤੇ ਉਮਰ ਅਬਦੁਲਾ ਦੇ ਪਿਤਾ ਫਾਰੂਖ ਅਬਦੁੱਲਾ ਨੇ ਇਸ ਸਮਝੌਤੇ ‘ਤੇ ਖੁਸ਼ੀ ਪ੍ਰਗਟਾਈ ਹੈ।
ਉਧਰ, ਪੀਡੀਪੀ ਲੀਡਰ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕਾਂਗਰਸ ਦੇ ਫੈਸਲੇ ਤੋਂ ਉਹ ਖੁਸ਼ ਹੈ ਅਤੇ ਉਨ੍ਹਾਂ ਦੀ ਪਾਰਟੀ ਵਿਰੋਧੀਆਂ ਵਿਚ ਬੈਠਕੇ ਕਸ਼ਮੀਰ ਦੀ ਬੇਹਤਰੀ ਲਈ ਕੰਮ ਕਰੇਗੀ।