ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਦੇ ਲੋਕਾਂ ਨੂੰ ਸੱਦਾ ਦਿੰਦੇ ਸਨ ਕਿ ਉਹ ਵੀਡੀਓ ਕਲਿੱਪ ਬਣਾ ਕੇ ਉਹਨਾਂ ਨੂੰ ਭੇਜਣ ਤਾਂ ਉਹ ਭ੍ਰਿਸ਼ਟਾਚਾਰੀਆਂ ਖਿਲਾਫ ਕਾਰਵਾਈ ਕਰਨਗੇ ਪਰ ਅੱਜ ਉਹੀ ਕੇਜਰੀਵਾਲ ਭ੍ਰਿਸ਼ਟਾਚਾਰ ਮਾਮਲੇ ਵਿਚ ਜੇਲ੍ਹ ਵਿਚ ਬੰਦ ਆਪਣੇ ਮੰਤਰੀ ਸਤਿੰਦਰ ਜੈਨ ਦੀਆਂ ਜੇਲ੍ਹ ਵਿਚ ਮੌਜਾਂ ਮਾਣਨ ਦੀਆਂ ਵੀਡੀਓਜ਼ ਰੋਕਣ ਲਈ ਅਦਾਲਤ ਪਹੁੰਚ ਗਏ ਹਨ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਦਾਲਤ ਵਿਚ ਝੂਠ ਬੋਲਣ ਵਾਲੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਮੰਤਰੀ ਸਤਿੰਦਰ ਜੈਨ ਹੁਣ ਦੋ ਸੀ ਸੀ ਟੀ ਵੀ ਵੀਡੀਓਜ਼ ਬਾਹਰ ਆਉਣ ਨਾਲ ਪਰਦੇ ਖੁਲ੍ਹਣ ਦੇ ਡਰੋਂ ਘਬਰਾ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਅਦਾਲਤ ਵਿਚ ਝੂਠ ਬੋਲਿਆ ਕਿ ਸਤਿੰਦਰ ਜੈਨ ਨੂੰ ਜੇਲ੍ਹ ਵਿਚ ਚੰਗਾ ਖਾਣਾ ਨਹੀਂ ਮਿਲ ਰਿਹਾ ਤੇ ਉਸਦਾ ਭਾਰ 28 ਕਿਲੋ ਘੱਟ ਗਿਆ ਹੈ। ਜਦੋਂ ਕਿ ਹੁਣ ਸਾਹਮਣੇ ਆਈ ਵੀਡੀਓ ਵਿਚ ਸਤਿੰਦਰ ਜੈਨ ਫਰੂਟ ਖਾਂਦੇ, ਸਲਾਦ ਖਾਂਦੇ ਤੇ ਹੋਰ ਸਵਾਦ ਵਾਲੀਆਂ ਚੀਜ਼ਾਂ ਖਾਂਦੇ ਦਿਸ ਰਹੇ ਹਨ ਤੇ ਨਾਲਹੀ ਜੇਲ੍ਹ ਵਿਚ ਉਹਨਾਂ ਦੀ ਸੇਵਾ ਹੁੰਦੀ ਵੀ ਦਿਸ ਰਹੀ ਹੈ।
ਉਹਨਾਂ ਕਿਹਾ ਕਿ ਜਦੋਂ ਵੀਡੀਓਜ਼ ਨੇ ਸਾਫ ਕੀਤਾ ਹੈ ਕਿ ਜੈਨ ਨੂੰ ਐਸ਼ੋ ਆਰਾਮ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ ਤੇ ਇਹਵੀ ਸਪਸ਼ਟ ਹੋਇਆ ਹੈ ਕਿ ਉਹਨਾਂ ਦਾ ਭਾਰ ਘਟਿਆ ਨਹੀਂ ਬਲਕਿ 8 ਕਿਲੋ ਵੱਧ ਗਿਆ ਹੈ। ਇਸ ਖੁਲ੍ਹਾਸੇ ਤੋਂ ਘਬਰਾ ਕੇ ਸਤਿੰਦਰ ਜੈਨ ਤੇ ਅਰਵਿੰਦ ਕੇਜਰੀਵਾਲ ਹੁਣ ਅਦਾਲਤ ਪਹੁੰਚਗਏ ਹਨ ਕਿ ਉਹਨਾਂ ਦੀ ਵੀਡੀਓਜ਼ ਟੀ ਵੀ ਚੈਨਲਾਂ ’ਤੇ ਨਾ ਚਲਾਈਆਂ ਜਾਣ।
ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਅਦਾਲਤ ਇਹਨਾਂ ਝੂਠੇ ਲੋਕਾਂ ਦੀ ਗੱਲ ਨਹੀਂ ਸੁਣੇਗੀ ਅਤੇ ਇਹ ਦੇਸ਼ ਦੇ ਸਭ ਤੋਂ ਭ੍ਰਿਸ਼ਟ ਤੇ ਸਭ ਤੋਂ ਵੱਧ ਲਾਲਚੀ ਆਗੂ ਇਸੇ ਤਰੀਕੇ ਦੇਸ਼ ਦੇ ਲੋਕਾਂ ਸਾਹਮਣੇ ਬੇਨਕਾਬ ਹੋਣਗੇ। ਉਹਨਾਂ ਕਿਹਾ ਕਿ ਬਲਾਤਕਾਰੀਆਂ ਤੋਂ ਮਸਾਜ ਕਰਵਾਉਣ ਵਾਲੇ ਤੇ ਐਸ਼ੋ ਆਰਾਮ ਦੀਆਂ ਸਹੂਲਤਾਂ ਦੇਣ ਤੇ ਲੈਣ ਵਾਲੇ ਅੱਜ ਆਪਣਾ ਮੁਖੌਟਾ ਉਤਰਣ ਤੋਂ ਘਬਰਾ ਗਏ ਹਨ।