ਨਵੀਂ ਦਿੱਲੀ- ਦਿੱਲੀ ਪੁਲਿਸ ਨੇ ਔਰਤਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਬੇਨਕਾਬ ਕੀਤਾ ਹੈ। ਇਹ ਗਿਰੋਹ ਝਾਰਖੰਡ, ਯੂਪੀ, ਪੱਛਮੀ ਬੰਗਾਲ, ਉੜੀਸਾ ਅਤੇ ਬਿਹਾਰ ਤੋਂ ਗਰੀਬ ਲੜਕੀਆਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦਿੱਲੀ ਵਿੱਚ ਉਹਨਾਂ ਨੂੰ ਵੇਚ ਦਿੰਦਾ ਸੀ। ਲੜਕੀਆਂ ਨੂੰ ਇਹੋ ਜਿਹੇ ਘਰਾਂ ਵਿੱਚ ਵਿੱਚ ਨੌਕਰੀ ਤੇ ਰੱਖਵਾਂਉਦੇ ਸਨ, ਜਿਨ੍ਹਾਂ ਘਰਾਂ ਤੋਂ ਚੋਰੀ ਕਰਕੇ ਭਜਣਾ ਸੌਖਾਲਾ ਹੁੰਦਾ ਸੀ। ਪੁਲਿਸ ਨੇ ਅਜਿਹੀਆਂ ਦੋ ਲੜਕੀਆਂ ਨੂੰ ਮੁਕਤ ਕਰਵਾਇਆ ਹੈ।
ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਝਾਰਖੰਡ ਦੇ ਜੈਰਾਮ ਨਾਂ ਦੇ ਵਿਅਕਤੀ ਤੋਂ ਲੜਕੀਆਂ ਨੂੰ ਖ੍ਰੀਦਦਾ ਸੀ। ਜੈਰਾਮ ਕਈਆਂ ਰਾਜਾਂ ਵਿੱਚੋਂ 100 ਦੇ ਕਰੀਬ ਲੜਕੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਦਿੱਲੀ ਵਿੱਚ ਵੇਚ ਚੁੱਕਾ ਹੈ। ਉਹ ਇੱਕ ਲੜਕੀ ਦੇ ਬਦਲੇ ਉਸ ਦੇ ਪ੍ਰੀਵਾਰ ਨੂੰ 10-15 ਹਜ਼ਾਰ ਰੁਪੈ ਦਿੰਦਾ ਹੈ। ਇਸ ਗਿਰੋਹ ਦਾ ਭਾਂਡਾ ਉਸ ਸਮੇਂ ਭੱਜਿਆ ਜਦੋਂ ਸੋਨਾ ਕੁਮਾਰੀ ਨਾਂ ਦੀ ਇੱਕ ਔਰਤ ਨੂੰ ਜਬਰਦਸਤੀ ਕੁਝ ਲੋਕ ਕਾਰ ਵਿੱਚ ਲੈ ਕੇ ਜਾ ਰਹੇ ਸਨ ਤਾਂ ਉਹ ਪਾਣੀ ਪੀਣ ਦਾ ਬਹਾਨਾ ਕਰਕੇ ਕਿਸੇ ਤਰ੍ਹਾਂ ਪੁਲਿਸ ਸਟੇਸ਼ਨ ਪਹੁੰਚ ਗਈ। ਉਸ ਦੀ ਵੱਡੀ ਭੈਣ ਨੂੰ ਵੀ ਇਸੇ ਤਰ੍ਹਾਂ ਵੇਚਿਆ ਗਿਆ ਹੈ।