ਲੁਧਿਆਣਾ:- ਹਿਮਾਚਲ ਪ੍ਰਦੇਸ਼ ਦੀ ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ ਸੋਲਨ ਦੇ ਵਾਈਸ ਚਾਂਸਲਰ ਡਾ: ਕੇ ਆਰ ਧੀਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜੰਗਲਾਤ ਖੋਜ ਸੰਬੰਧੀ ਅੰਤਰ ਰਾਸ਼ਟਰੀ ਯੂਨੀਅਨ ਦੀ ਸਹਾਇਤਾ ਨਾਲ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਘੱਟ ਮਿਆਦ ਵਾਲੇ ਜੰਗਲਾਤ ਰਾਹੀਂ ਲੱਕੜ ਉਤਪਾਦਨ ਅਤੇ ਵਾਤਾਵਰਨ ਬਚਾਉਣ ਸੰਬੰਧੀ ਕਰਵਾਈ ਜਾ ਰਹੀ ਤਿੰਨ ਰੋਜ਼ਾ ਅੰਤਰ ਰਾਸ਼ਟਰੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਕੁਦਰਤ ਦੀ ਬੁੱਕਲ ਵਿਚੋਂ ਨਿਆਮਤਾਂ ਦਾ ਫ਼ਲ ਮਾਨਣ ਦੀ ਸਾਨੂੰ ਸਹੀ ਵਿਧੀ ਸਿੱਖਣੀ ਚਾਹੀਦੀ ਹੈ। ਡਾ: ਧੀਮਾਨ ਨੇ ਆਖਿਆ ਕਿ ਘੱਟ ਮਿਆਦ ਵਾਲੇ ਜੰਗਲਾਤ ਨਾਲ ਗਲੋਬਲ ਤਪਸ਼ ਨੂੰ ਭਾਵੇਂ ਪੂਰਾ ਮੋੜਾ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਇਸਦੇ ਨੁਕਸਾਨ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਘੱਟ ਮਿਆਦ ਵਾਲੇ ਜੰਗਲਾਤ ਦੀ ਸਹਾਇਤਾ ਨਾਲ ਹੀ ਪ੍ਰਦੂਸ਼ਤ ਵਾਤਾਵਰਨ ਤੋਂ ਮੁਕਤੀ ਮਿਲ ਸਕਦੀ ਹੈ। ਉਨ੍ਹਾਂ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਅਸੀਂ ਕੁੱਲ ਪ੍ਰਾਪਤ ਜਲ ਸੋਮਿਆਂ ਦਾ 31 ਫੀ ਸਦੀ ਹਿੱਸਾ ਹੀ ਉਤਪਾਦਨ ਲਈ ਵਰਤ ਰਹੇ ਹਾਂ ਜਦ ਕਿ 17 ਫੀ ਸਦੀ ਵਾਸ਼ਪੀਕਰਨ ਨਾਲ ਉੱਡ ਜਾਂਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਜਲ ਸੋਮਿਆਂ ਦੀ ਵਰਤੋਂ 5 ਫੀ ਸਦੀ ਹੋਰ ਵਧਾ ਲਈ ਜਾਵੇ ਤਾਂ 50 ਫੀ ਸਦੀ ਉਤਪਾਦਕਤਾ ਵਧ ਸਕਦੀ ਹੈ। ਡਾ: ਧੀਮਾਨ ਨੇ ਆਖਿਆ ਕਿ ਚਿਰਾਪੂੰਜੀ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਤੇ ਪਲਣ ਵਾਲੀਆਂ ਮਧੂ ਮੱਖੀਆਂ ਤੋਂ ਪੈਦਾ ਹੋਣ ਵਾਲਾ ਸ਼ਹਿਦ ਵਿਸ਼ਵ ਮੰਡੀ ਵਿੱਚ ਕਦੇ ਸਭ ਤੋਂ ਵੱਧ ਕੀਮਤ ਤੇ ਵਿਕਦਾ ਸੀ ਪਰ ਹੁਣ ਇਕ ਸੀਮਿੰਟ ਫੈਕਟਰੀ ਦੇ ਲੱਗਣ ਨਾਲ ਪ੍ਰਦੂਸ਼ਣ ਤੱਤਾਂ ਕਾਰਨ ਨਿੰਬੂ ਜਾਤੀ ਫ਼ਲਾਂ ਦੇ ਬੂਟਿਆਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਮਧੂ ਮੱਖੀਆਂ ਵੀ ਉਥੋਂ ਗਾਇਬ ਹੋ ਗਈਆਂ ਹਨ।
ਡਾ: ਧੀਮਾਨ ਨੇ ਆਖਿਆ ਕਿ ਛੋਟੀ ਮਿਆਦ ਵਾਲੇ ਜੰਗਲਾਤ ਨਾਲ ਕਾਰਬਨ ਦਾ ਦਖਲ ਘਟਾਇਆ ਜਾ ਸਕਦਾ ਹੈ । ਉਨ੍ਹਾਂ ਆਖਿਆ ਕਿ ਪਾਣੀ ਦੀ ਖਪਤ ਨਾਲ ਜੰਗਲ ਵਧਦੇ ਹਨ ਅਤੇ ਜੰਗਲਾਂ ਦੇ ਵਧਣ ਨਾਲ ਬਰਸਾਤ ਰਾਹੀਂ ਜਲ ਸੋਮਿਆਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾਂ ਦੇ ਹਵਾਲੇ ਨਾਲ ਆਖਿਆ ਕਿ ਹਿਮਾਲੀਆ ਬਚਾਓ ਪਾਣੀ ਬਚਾਓ, ਜੀਵਨ ਬਚਾਓ ਨਾਅਰੇ ਨੂੰ ਘਰ ਪਹੁੰਚਾਉਣਾ ਜ਼ਰੂਰੀ ਹੈ। ਡਾ: ਧੀਮਾਨ ਨੇ ਆਖਿਆ ਕਿ ਕੁਦਰਤ ਨਾਲ ਲਾਲਚੀ ਵਿਹਾਰ ਤਿਆਗ ਕੇ ਹੀ ਅਸੀਂ ਕੁਦਰਤ ਪਾਸੋਂ ਖਜ਼ਾਨੇ ਹਾਸਿਲ ਕਰ ਸਕਦੇ ਹਾਂ ਅਤੇ ਕੁਦਰਤ ਤੋਂ ਜੋ ਕੁਝ ਹਾਸਿਲ ਕਰੀਏ ਉਸਦੇ ਬਰਾਬਰ ਮੋੜਨਾ ਵੀ ਚਾਹੀਦਾ ਹੈ। ਹਿਮਾਚਲ ਵਿੱਚ ਸਾਗਵਾਨ ਦੀ ਕਾਸ਼ਤ ਦੇ ਹਵਾਲੇ ਨਾਲ ਆਖਿਆ ਕਿ ਇਸ ਨਾਲ ਜੜ੍ਹੀਆਂ ਬੂਟੀਆਂ ਦੀ ਅਨਮੋਲ ਵਿਰਾਸਤ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਅਸਾਮ ਆਦਿ ਸੂਬਿਆਂ ਵਿੱਚ ਰਬੜ ਦੇ ਬੂਟਿਆਂ ਦੀ ਕਾਸ਼ਤ ਨਾਲ ਉਥੋਂ ਦੇ ਕੁਦਰਤੀ ਬਨਸਪਤ ਸੋਮਿਆਂ ਦਾ ਘਾਣ ਹੋਇਆ ਹੈ। ਇਸ ਲਈ ਸਾਨੂੰ ਉਹੀ ਪੌਦੇ ਕਾਸ਼ਤ ਕਰਨੇ ਚਾਹੀਦੇ ਹਨ ਜੋ ਬਾਕੀ ਬਨਸਪਤ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਅੰਤਰ ਰਾਸ਼ਟਰੀ ਪੱਧਰ ਤੇ ਸਾਲ 2011 ਵਰ੍ਹਾ ਅੰਤਰ ਰਾਸ਼ਟਰੀ ਜੰਗਲਾਤ ਵਰ੍ਹੇ ਦੇ ਤੌਰ ਤੇ ਮਨਾਇਆ ਜਾਣਾ ਹੈ ਅਤੇ ਸਾਡੀ ਯੂਨੀਵਰਸਿਟੀ ਫਰਵਰੀ ਮਹੀਨੇ ਵਿੱਚ ਗਲੋਬਲ ਤਪਸ਼ ਦੇ ਮਾਰੂ ਪ੍ਰਭਾਵਾਂ ਦੇ ਦਰਪੇਸ਼ ਭਵਿੱਖ ਦੀ ਖੇਤੀ ਬਾਰੇ ਅੰਤਰ ਰਾਸ਼ਟਰੀ ਗੋਸ਼ਟੀ ਤੋਂ ਬਾਅਦ ਹੁਣ ਛੋਟੀ ਮਿਆਦ ਵਾਲੇ ਜੰਗਲਾਤ ਬਾਰੇ ਅੰਤਰ ਰਾਸ਼ਟਰੀ ਵਿਚਾਰ ਵਟਾਂਦਰਾ ਕਰਵਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਰਬਨ ਡਾਇਆਕਸਾਈਡ ਦੇ ਵਾਧੇ ਨਾਲ ਪੈਦਾ ਹੋਣ ਵਾਲੀ 50 ਫੀ ਸਦੀ ਗਰਮੀ ਘਟਾਉਣ ਵਾਸਤੇ ਰੁੱਖਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਆਖਿਆ ਕਿ ਸੰਤੁਲਨ ਬਣਾਉਣ, ਆਰਥਿਕਤਾ ਪੱਕੇ ਪੈਰੀਂ ਕਰਨ, ਵਾਤਾਵਰਨ ਦੀ ਸੰਭਾਲ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਵਧੇਰੇ ਬਰਸਾਤ ਲਈ ਰੁੱਖਾਂ ਤੋਂ ਚੰਗਾ ਸਾਡਾ ਹੋਰ ਕੋਈ ਸੱਜਣ ਨਹੀਂ। ਉਨ੍ਹਾਂ ਆਖਿਆ ਕਿ ਖੇਤੀ ਜੰਗਲਾਤ ਰਾਹੀਂ ਸਾਨੂੰ ਰੁੱਖਾਂ ਤੋਂ ਵਧੇਰੇ ਲੱਕੜ ਉਤਪਾਦਨ ਅਤੇ ਆਮਦਨ ਹਾਸਿਲ ਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਸੁਝਾਅ ਦਿੱਤਾ ਕਿ ਬੰਜਰ ਜ਼ਮੀਨਾਂ ਤੋਂ ਇਲਾਵਾ ਦਰਿਆਵਾਂ ਦੇ ਕੰਢੇ ਅਤੇ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਸਹਿਕਾਰੀ ਸਭਾਵਾਂ ਨੂੰ ਅਲਾਟ ਕਰਕੇ ਉਸ ਵਿੱਚ ਜੰਗਲਾਤ ਲਾਇਆ ਜਾਵੇ ਤਾਂ ਜੋ ਹਰਿਆਵਲ ਵੀ ਵਧੇ ਅਤੇ ਵਾਤਾਵਰਨ ਵਿੱਚ ਆ ਰਹੀਆਂ ਗਿਰਾਵਟਾਂ ਨੂੰ ਵੀ ਰੋਕਿਆ ਜਾ ਸਕੇ। ਉਨ੍ਹਾਂ ਆਖਿਆ ਕਿ ਖੇਤੀ ਜੰਗਲਾਤ ਨਾਲ ਸਾਲਾਨਾ ਵਿਕਾਸ ਦਰ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ ਅਤੇ ਵੱਖ-ਵੱਖ ਜੁੱਟਾਂ ਵਾਲੇ ਰੁੱਖਾਂ ਦੀ ਸਿਫਾਰਸ਼ ਲਈ ਇਹ ਗੋਸ਼ਟੀ ਯਕੀਨਨ ਚੰਗੇ ਨਤੀਜੇ ਦੇਵੇਗੀ।
ਇਸ ਕਾਨਫਰੰਸ ਦੇ ਵਿਸੇਸ਼ ਮਹਿਮਾਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਆਖਿਆ ਕਿ ਅੰਤਰ ਰਾਸ਼ਟਰੀ ਜੰਗਲਾਤ ਖੋਜ ਯੂਨੀਅਨ ਦੀ ਸਹਾਇਤਾ ਨਾਲ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਇਹ ਗੋਸ਼ਟੀ ਜਿਥੇ ਪੋਲੈਂਡ, ਕਰੋਸ਼ੀਆ, ਮਲੇਸ਼ੀਆ, ਜਰਮਨੀ, ਵੈਨਕੂਵਰ (ਕੈਨੇਡਾ), ਇੰਡੋਨੇਸ਼ੀਆ, ਸ਼੍ਰੀ¦ਕਾ, ਬੰਗਲਾ ਦੇਸ਼ ਅਤੇ ਨੇਪਾਲ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵਿਗਿਆਨੀਆਂ ਨੂੰ ਬੁਲਾਵਾ ਦੇ ਕੇ ਇਕੱਠੇ ਕਰਨਾ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਆਖਿਆ ਕਿ ਸਮੇਂ ਦੀ ਲੋੜ ਮੁਤਾਬਕ ਲੱਕੜ ਉਤਪਾਦਨ ਅਤੇ ਵਾਤਾਵਰਨ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਲਈ ਇਹ ਗੋਸ਼ਟੀ ਯਕੀਨਨ ਚੰਗੇ ਨਤੀਜੇ ਦੇਵੇਗੀ। ਖੇਤੀ ਜੰਗਲਾਤ ਅਤੇ ਕੁਦਰਤੀ ਸੋਮਿਆਂ ਵਿਭਾਗ ਦੇ ਮੁਖੀ ਡਾ: ਅਵਤਾਰ ਸਿੰਘ ਨੇ ਆਖਿਆ ਕਿ ਅੰਤਰ ਰਾਸ਼ਟਰੀ ਜੰਗਲਾਤ ਖੋਜ ਸੰਸਥਾ ਵੱਲੋਂ ਸਹਾਇਤਾ ਪ੍ਰਾਪਤ ਇਸ ਗੋਸ਼ਟੀ ਦੇ ਨਤੀਜਿਆਂ ਤੋਂ ਵਿਸ਼ਵ ਦੇ 110 ਮੁਲਕਾਂ ਦੀਆਂ 700 ਸੰਸਥਾਵਾਂ ਦੇ 15 ਹਜਾਰ ਵਿਗਿਆਨੀਆਂ ਨੂੰ ਵੀ ਜਾਣਕਾਰੀ ਪ੍ਰਾਪਤ ਹੋਣੀ ਹੈ ਅਤੇ ਸਮੁੱਚੇ ਵਿਸ਼ਵ ਦੀ ਖੇਤ ਜੰਗਲਾਤ ਖੋਜ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੀ 1892 ਤੋਂ ਕਾਰਜਸ਼ੀਲ ਸੰਸਥਾ ਦਾ ਸਹਿਯੋਗ ਹਾਸਿਲ ਕਰਨਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਵੱਡੀ ਪ੍ਰਾਪਤੀ ਵਾਲੀ ਗੱਲ ਹੈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਅਪਰ ਨਿਰਦੇਸ਼ਕ ਖੋਜ ਡਾ: ਏ ਕੇ ਧਵਨ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਅਤੇ ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਡਾ: ਮਨਜੀਤ ਸਿੰਘ ਗਿੱਲ ਵੀ ਹਾਜ਼ਰ ਸਨ। ਵਿਭਾਗ ਦੇ ਪ੍ਰਤੀਨਿਧ ਡਾ: ਸੰਜੀਵ ਚੌਹਾਨ ਨੇ ਮੁੱਖ ਮਹਿਮਾਨ ਅਤੇ ਦੇਸ਼ ਵਿਦੇਸ਼ ਤੋਂ ਆਏ ਵਿਗਿਆਨੀਆਂ ਦਾ ਧੰਨਵਾਦ ਕੀਤਾ।