ਲੁਧਿਆਣਾ – ਅੰਤਰ ਰਾਸ਼ਟਰੀ ਜੰਗਲਾਤ ਖੋਜ ਸੰਸਥਾ ਦੇ ਵਿਸ਼ਵ ਕੋਆਰਡੀਨੇਟਰ ਡਾ: ਮਾਈਕਲ ਕਲੇਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚੱਲ ਰਹੀ ਅੰਤਰ ਰਾਸ਼ਟਰੀ ਗੋਸ਼ਟੀ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਰਬਨ ਘਟਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਵਾਲੇ ਜੰਗਲਾਤ ਬਿਨਾਂ ਹੁਣ ਕਿਸੇ ਵੀ ਦੇਸ਼ ਦਾ ਗੁਜ਼ਾਰਾ ਨਹੀਂ ਹੈ। ਉਨ੍ਹਾਂ ਆਖਿਆ ਕਿ ਸਾਡੀ ਸੰਸਥਾ ਵਿਸ਼ਵ ਪੱਧਰ ਤੇ ਲੱਕੜ ਉਤਪਾਦਨ ਲਈ 1893 ਤੋਂ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਵੇਲੇ ਮੰਗ ਅਤੇ ਸਪਲਾਈ ਵਿਚਕਾਰ ਪਾੜਾ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਰੁੱਖਾਂ ਦੀ ਕਾਸ਼ਤ ਸੰਭਾਲ ਅਤੇ ਪ੍ਰਵਰਿਸ਼ ਲਈ ਸਭ ਦੇਸ਼ਾਂ ਨੂੰ ਲਾਮਬੰਦ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਸਾਨੂੰ ਉਤਪਾਦਕਤਾ ਵਧਾਉਣੀ ਪਵੇਗੀ ਅਤੇ ਦੂਜੇ ਪਾਸੇ ਵਾਤਾਵਰਨ ਵਿੱਚ ਆ ਰਹੇ ਵਿਗਾੜ ਵਿੱਚ ਸੁਧਾਰ ਲਿਆਉਣਾ ਪਵੇਗਾ। ਡਾ: ਕਲੇਨ ਨੇ ਆਖਿਆ ਕਿ ਖਾਲੀ ਅਤੇ ਬੰਜਰ ਪਈਆਂ ਜ਼ਮੀਨਾਂ ਨੂੰ ਹਰਿਆਵਲੀ ਛੱਤਰੀ ਵਾਲੇ ਰੁੱਖਾਂ ਹੇਠ ਲਿਆਉਣਾ ਲਾਜ਼ਮੀ ਹੈ ਅਤੇ ਇਹ ਗਿਆਨ ਦੇ ਵਿਸ਼ਵ ਵਟਾਂਦਰੇ ਨਾਲ ਹੀ ਸੰਭਵ ਹੈ। ਡਾ: ਕਲੇਨ ਵੀਆਨਾ (ਆਸਟਰੀਆ) ਵਿਖੇ ਕੁਦਰਤੀ ਸੋਮਿਆਂ ਸੰਬੰਧੀ ਯੂਨੀਵਰਸਿਟੀ ਵਿੱਚ ਜੰਗਲਾਤ ਸੰਬੰਧੀ ਪ੍ਰਮੁਖ ਵਿਗਿਆਨੀ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਆਖਿਆ ਕਿ 21ਵੀਂ ਸਦੀ ਦੇ ਆਰੰਭ ਵਿੱਚ ਸਾਨੂੰ ਜੰਗਲਾਤ ਦੀ ਲੋੜ ਸਿਰਫ ਕੁਦਰਤੀ ਸੋਮਿਆਂ ਦੀ ਬੱਚਤ ਲਈ ਹੀ ਜ਼ਰੂਰੀ ਨਹੀਂ ਸਗੋਂ ਗਰੀਨ ਹਾਊਸ ਗੈਸਾਂ ਦੇ ਖਾਤਮੇ ਲਈ ਵੀ ਜ਼ਰੂਰੀ ਹੈ। ਇਸ ਵੇਲੇ ਵਿਸ਼ਵ ਗਲੋਬਲ ਤਪਸ਼ ਅਤੇ ਵਾਤਾਵਰਨ ਤਬਦੀਲੀਆਂ ਨਾਲ ਜੂਝ ਰਿਹਾ ਹੈ । ਇਸ ਲਈ ਸਾਨੂੰ ਅਜਿਹਾ ਵਿਕਾਸ ਮਾਡਲ ਵਿਕਸਤ ਕਰਨਾ ਚਾਹੀਦਾ ਹੈ ਜਿਹੜਾ ਕਾਰਬਨ ਵਿੱਚ ਕਮੀ ਲਿਆਵੇ ਅਤੇ ਗਲੋਬਲ ਤਪਸ਼ ਘਟਾਉਣ ਵਿੱਚ ਸਹਾਈ ਹੋਵੇ। ਉਨ੍ਹਾਂ ਆਖਿਆ ਕਿ ਕਿਸੇ ਵੀ ਕੌਮ ਦੀ ਖੁਸ਼ਹਾਲੀ ਇਸ ਗੱਲ ਤੇ ਨਿਰਭਰ ਹੁੰਦੀ ਹੈ ਕਿ ਉਨ੍ਹਾਂ ਕੋਲ ਕੁਦਰਤੀ ਸੋਮਿਆਂ ਦਾ ਭੰਡਾਰ ਕਿੰਨਾ ਸੁਰੱਖਿਅਤ ਹੈ। ਵਿਭਾਗ ਦੇ ਮੁਖੀ ਡਾ: ਅਵਤਾਰ ਸਿੰਘ ਨੇ ਸੁਆਗਤੀ ਸ਼ਬਦ ਕਹੇ।
ਤਕਨੀਕੀ ਸੈਸ਼ਨ ਵਿੱਚ ਜਰਮਨੀ ਤੋਂ ਆਏ ਡਾ: ਜਾਰਜ ਵੌਨ ਬੁਲਿਸ਼ ਨੇ ਅੱਠ ਪੇਸ਼ਕਾਰੀਆਂ ਦਾ ਮੁਆਇਨਾ ਕੀਤਾ। ਡਾ: ਡਾਵੋਰਿਨ ਕਾਬਜਾ, ਡਾ: ਪਿਆਰੇ ਲਾਲ, ਡਾ: ਐਨ ਵੀ ਸਿੰਘ, ਡਾ: ਆਰ ਸੀ ਧੀਮਾਨ, ਡਾ: ਐਮ ਐਸ ਹੁੱਡਾ, ਡਾ: ਪ੍ਰਵੀਨ ਸ਼ਾਹਵਾਹਾਂ, ਡਾ: ਰਜਿੰਦਰ ਸਿੰਘ ਬੈਨੀਵਾਲ ਨੇ ਵੀ ਵੱਖ-ਵੱਖ ਵਿਸ਼ਿਆਂ ਤੇ ਆਪਣੇ ਪਰਚੇ ਪੜ੍ਹੇ। ਇਸ ਅੰਤਰ ਰਾਸ਼ਟਰੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਡਾ: ਸੰਜੀਵ ਚੌਹਾਨ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਸ਼ਾਮਿਲ ਡੈਲੀਗੇਟਾਂ ਨੂੰ ਜ¦ਧਰ ਦੇ ਪਲਾਈਵੁੱਡ ਉਦਯੋਗ ਦੇ ਵੀ ਦਰਸ਼ਨ ਕਰਾਏ ਜਾਣਗੇ ਜਦ ਕਿ ਸੂਬੇ ਦੇ ਖੇਤੀ ਜੰਗਲਾਤ ਫਾਰਮਾਂ ਦਾ ਵੀ ਦੌਰਾ ਕਰਵਾਇਆ ਜਾਵੇਗਾ। ਪੀ ਏ ਯੂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਡਾਇਰੈਕਟਰ ਡਾ: ਐਸ ਸੀ ਸ਼ਰਮਾ ਨੇ ਧੰਨਵਾਦ ਦੇ ਸ਼ਬਦ ਕਹੇ।
ਵਾਤਾਵਰਨ ਦੀ ਸੰਭਾਲ ਲਈ ਥੋੜ੍ਹੀ ਮਿਆਦ ਦੇ ਜੰਗਲਾਤ ਨੂੰ ਪ੍ਰਚਲਤ ਕਰੋ-ਮਾਈਕਲ ਕਲੇਨ
This entry was posted in ਖੇਤੀਬਾੜੀ.