ਬਲਾਚੌਰ, (ਉਮੇਸ਼ ਜੋਸ਼ੀ) :- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਪ੍ਰਬੰਧਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਵਿਰੁੱਧ ਸਭ ਤੋਂ ਵੱਡਾ ਹਥਿਆਰ ਟੀਕਾਕਰਣ ਹੈ ਅਤੇ ਮੌਜੂਦਾ ਸਮੇਂ ਵਿਚ ਕੋਵੈਕਸੀਨ ਦਵਾਈ ਉਪਲੱਬਧ ਹੈ ਤੇ ਕੋਵੀਸ਼ੀਲਡ ਦੀ ਸਪਲਾਈ ਵੀ ਆਉਣੀ ਸ਼ੁਰੂ ਹੋ ਗਈ ਹੈ। ਲੋੜ ਪੈਣ ’ਤੇ ਕੋਰੋਨਾ ਮਰੀਜ਼ਾਂ ਨੂੰ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਰੋਨਾ ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਉਸ ਨੂੰ ਹੋਮ ਆਈਸੋਲੇਟ ਕਰ ਦਿੰਦੀਆਂ ਹਨ, ਜਿਸ ਨਾਲ ਕੋਰੋਨਾ ਦੇ ਅਗਾਂਹ ਫੈਲਾਅ ’ਤੇ ਰੋਕ ਲੱਗ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਆਰਟੀਪੀਸੀਆਰ ਤੇ ਆਰਏਟੀ ਟੈਸਟਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਮਾਮਲਿਆਂ ਦੀ ਰੋਕਥਾਮ ਲਈ, ਜਾਂਚ, ਨਿਗਰਾਨੀ, ਇਲਾਜ, ਟੀਕਾਕਰਣ ਅਤੇ ਕੋਵਿਡ ਦੇ ਉਚਿੱਤ ਵਿਵਹਾਰ ਦੀ ਪਾਲਣਾ ਸਮੇਤ ਸਭ ਤਿਆਰੀਆਂ ਮੁਕੰਮਲ ਹਨ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਗਤੀਵਿਧੀਆਂ ਬੇਹੱਦ ਜ਼ਰੂਰੀ ਹਨ, ਇਸ ਲਈ ਸਰਕਾਰੀ ਸਿਹਤ ਸੰਸਥਾਵਾਂ ਤੇ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਹੀ ਮਾਸਕ ਆਦਿ ਨਾਲ ਮੂੰਹ ਢੱਕ ਕੇ ਰੱਖਣ ਅਤੇ ਇਕ ਦੂਜੇ ਤੋਂ 2 ਗਜ ਦਾ ਫ਼ਾਸਲਾ ਰੱਖਣ, ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਡਾ. ਮਾਨ ਨੇ ਆਉਣ ਵਾਲੇ ਤਿਓਹਾਰਾਂ ਦੌਰਾਨ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਤੇ ਕੋਵਿਡ-19 ਸਬੰਧੀ ਹਦਾਇਤਾਂ ਦੀ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸੰਬਰ-ਜਨਵਰੀ ਮਹੀਨਿਆਂ ਵਿਚ ਆਉਣ ਵਾਲੇ ਤਿਓਹਾਰਾਂ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ ‘ਤੇ ਲਾਗ ਦੇ ਫੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਦੇ ਮੱਦੇਨਜਰ ਅਗਲੇ ਕੁਝ ਦਿਨ ਸਾਵਧਾਨੀਆਂ ਲਈ ਬੇਹੱਦ ਮਹੱਤਵਪੂਰਨ ਹਨ। ਡਾ. ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਤਿਓਹਾਰਾਂ ਦੌਰਾਨ ਬਾਜਾਰਾਂ ‘ਚ ਭੀੜ ਭਰੀਆਂ ਥਾਵਾਂ ‘ਤੇ ਜਾਣ ਦੀ ਬਜਾਏ ਘਰਾਂ ‘ਚ ਰਹਿ ਕੇ ਹੀ ਆਪਣੇ ਪਰਿਵਾਰਕ ਜੀਆਂ ਅਤੇ ਰਿਸਤੇਦਾਰਾਂ ਨਾਲ ਤਿਓਹਾਰਾਂ ਦਾ ਆਨੰਦ ਲੈਣ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੇ ਸੀਜਨ ਵਿਚ ਕੋਵਿਡ-19 ਨਾਲ ਲੜਾਈ ਹੀ ਹਰ ਵਿਅਕਤੀ ਦਾ ਪਹਿਲਾ ‘ਧਰਮ’ ਹੋਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਕਿਸੇ ਵੀ ਕੀਮਤ ‘ਤੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਨੂੰ ਹੀ ਆਪਣਾ ਧਰਮ ਸਮਝਦਾ ਹੈ। ਉਨ੍ਹਾਂ ਕਿਹਾ ਕਿ ਲੋਕ ਬਾਜਾਰਾਂ ਵਿਚ ਕੋਵਿਡ-19 ਸਬੰਧੀ ਹਦਾਇਤਾਂ ਦੀ ਨਾਲ ਪਾਲਣਾ ਨਹੀਂ ਕਰਦੇ, ਜਿਸ ਨਾਲ ਕੋਰੋਨਾ ਦੇ ਪ੍ਰਸਾਰ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਲਈ ਘਰੋਂ ਬਾਹਰ ਨਿਕਲਣ ਸਮੇਂ ਹੀ ਮਾਸਕ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ 2 ਗਜ ਦਾ ਫ਼ਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਬੀਮਾਰੀ ਦੇ ਮਾੜੇ-ਮੋਟੇ ਲੱਛਣ ਦਿਸਣ ‘ਤੇ ਤੁਰੰਤ ਟੈਸਟ ਕਰਵਾਉਣ।