ਦਿੱਲੀ -: ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਐਲਾਣਨ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਾਰੇ ਸੰਸਾਰ ‘ਚ ਸ਼ਹੀਦੀ ਪੁਰਬ ਦੇ ਤੋਰ ਤੇ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ‘ਤੇ ਇਹਨਾਂ ਦੀ ਯਾਦ ‘ਚ ਥਾਂ-ਥਾਂ ‘ਤੇ ਸ਼ਹੀਦੀ ਜੋੜ੍ਹ ਮੇਲੇ ਵੀ ਆਯੋਜਿਤ ਕੀਤੇ ਜਾਂਦੇ ਹਨ। ਇੰਦਰ ਮੋਹਨ ਸਿੰਘ ਨੇ ਸਰਕਾਰ ਵਲੋਂ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ‘ਤੇ ਬਾਬਾ ਫਤਿਹ ਸਿੰਘ ਦੀ ਤਕਰੀਬਨ 319 ਵਰੇ ਪਹਿਲਾਂ ਹੋਈ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਰਕਾਰੀ ਪੱਧਰ ‘ਤੇ 26 ਦਿਸੰਬਰ 2022 ਨੂੰ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕਰਦਿਆਂ ‘ਤੇ ਹਰ ਸਾਲ ਇਸ ਦਿਹਾੜ੍ਹੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੇ ਐਲਾਨ ‘ਤੇ ਆਪਣੀ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਾਕੀ 2 ਸਾਹਿਬਜਾਦਿਆਂ ਬਾਬਾ ਅਜੀਤ ਸਿੰਘ ‘ਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਅਣਗੋਲਿਆ ਨਹੀ ਕਰਨਾ ਚਾਹੀਦਾ ਹੈ ਜੋ ਚਮਕੋਰ ਦੀ ਜੰਗ ‘ਚ ਆਪਣੀ ਬਹਾਦੁਰੀ ਦਾ ਜੋਹਰ ਦਿਖਾਉਦੇ ਹੋਏ ਛੋਟੇ ਸਾਹਿਬਜਾਦਿਆਂ ਤੋਂ ਤਕਰੀਬਨ 5 ਦਿਨ ਪਹਿਲਾਂ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਗਏ ਸਨ। ਹਾਲਾਂਕਿ ਇਹਨਾਂ ਸਾਹਿਬਜਾਦਿਆਂ ਦੀ ਦਾਦੀ ਮਾਤਾ ਗੁਜਰ ਕੋਰ ਜੀ ਵਲੋਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਤੁਰੰਤ ਬਾਅਦ ਪ੍ਰਾਣ ਤਿਆਗਣ ਦੀ ਘਟਨਾ ਵੀ ਸਿੱਖ ਇਤਿਹਾਸ ਦਾ ਇਕ ਅਹਿਮ ਹਿੱਸਾ ਹੈ।
ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਸਮੁੱਚਾ ਸੰਸਾਰ ਸਾਹਿਬਜਾਦਿਆਂ ਨੂੰ ਬਾਬੇਆਂ ਦਾ ਦਰਜਾ ਦੇਕੇ ਪੂਰਨ ਮਾਣ-ਸਤਕਾਰ ਦਿੰਦਾ ਹੈ ਇਸ ਲਈ ਇਹਨਾਂ ਨੂੰ ‘ਬਾਲ’ ਸ਼ਬਦ ਨਾਲ ਸੰਬੋਧਨ ਕਰਨਾ ਜਾਇਜ ਨਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਚਾਰੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ 26 ਦਿਸੰਬਰ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਤੇ ‘ਸਾਹਿਬਜਾਦੇ ਸ਼ਹਾਦਤ ਦਿਵਜ’ ਵਜੋਂ ਮਨਾਉਣ ਦਾ ਉਪਰਾਲਾ ਕਰੇ ਤਾਂਕਿ ਵੱਖ-ਵੱਖ ਧੜ੍ਹੇਆਂ ਤੋਂ ਹੋ ਰਹੀ ਕਿੰਤੂ-ਪ੍ਰੰਤੂ ‘ਤੇ ਸਿਆਸਤ ‘ਤੇ ਠੱਲ ਪਾਈ ਜਾ ਸਕੇ।