ਇੱਕ ਮਹਾਨ ਸ਼ਹੀਦ ਦੀ ਪਤਨੀ,ਇੱਕ ਮਹਾਨ ਯੋਧੇ,ਬਲਵਾਨ,ਸੂਝਵਾਨ,ਵਿਦਵਾਨ,ਚਿੰਤਕ,ਵਚਿਤ੍ਰ ਗੁਰੂ, ਕਹਿਣੀ ,ਕਰਨੀ ਦੇ ਪੂਰੇ, ਤੇ ਖਾਲਸਾ ਪੰਥ ਦੇ ਸਾਜਣ ਹਾਰ ਗਰੂ ਗੋਬਿੰਦ ਸਿੰਘ ਦੀ ਜਨਮ ਦਾਤੀ, ਚਾਰ ਲਾਡਲੇ ਦੋ ਚਮਕੌਰ ਦੇ ਧਰਮ ਯੁੱਧ ਵਿੱਚ ਵੈਰੀਆਂ ਨਾਲ ਲੋਹਾ ਲੈਂਦੇ ਸ਼ਹੀਦਾਂ ਅਤੇ ਅੱਧ ਖਿੜੇ ਪਿਆਰੇ ਪਿਆਰੇ ਛੋਟੇ ਛੋਟੇ ਸਾਹਿਬ ਜਾਦਿਆਂ ਦੀ ਦਾਦੀ ਮਾਂ ਗੁੱਜਰੀ, ਤੇ ਪੋਹ ਮਹੀਨੇ ਦੀਆਂ ਠੰਡੀਆਂ ਕੱਕਰੀਲੀਆਂ ਹੱਡ ਚੀਰਵੀਆਂ ਰਾਤਾਂ ਨੂੰ ਠੰਡੇ ਬੁਰਜ ਵਿੱਚ ,ਜਾਲਮ ਹਕੂਮਤ ਦੀ ਕੈਦ ਵਿੱਚ ਦਾਦੀ ਮਾਂ ਦੀ ਗੋਦ ਵਿੱਚ ਬਹਾਦਰ ਤੇ ਨਿਡਰ ਤੇ ਮਜਲੂਮਾਂ , ਦੇ ਰਾਖੇ ਪੁੱਤਰ ਦੀ ਇਮਾਨਤ ਨੂੰ ਆਪਣੀ ਗੋਦ ਵਿੱਚ ਸੰਭਾਲਦੀ ਉਨ੍ਹਾਂ ਦੇ ਸਿਰ ਪਲੋਸਦੀ, ਮੂੰਹ ਮੱਥੇ ਚੁੰਮਦੀ ਇੱਕ ਸੀ ਦਾਦੀ ਮਾਂ ਗੁੱਜਰੀ ਜਿਸ ਦੀਆਂ ਕਈ ਮੁਸੱਵਰਾਂ ਦੀਆਂ ਤਸਵੀਰਾਂ ਕਈ ਘਰਾਂ ਥਾਂਵਾਂ ਉਨ੍ਹਾਂ ਛੋਟੀਆਂ ਉਮਰਾਂ ਲਾਡਲੇ ਪਰ ਨਿਡਰ ਬਹਾਦਰ ਪੋਤਿਆਂ ਦੀਆਂ ਸਰਹੰਦ ਦੀ ਕੰਧ ਵਿੱਚ ਜਿੰਦਾ ਚਿਣੇ ਜਾਣ ਦੀਆਂ ਤਸਵੀਰ ਵੇਖਦਿਆਂ ਉਨ੍ਹਾਂ ਦੀ ਦਾਦੀ ਮਾਂ ਦੀ ਤਸਵੀਰ ਵੀ ਨਾਲ ਵਿਖਾਈ ਜਾਂਦੀ ਹੈ। ।
ਹੋਰ ਵੀ ਅਣ ਗਿਣਤ ਦਾਦੀਆਂ ਸੰਸਾਰ ਤੇ ਬਹੁਤ ਹਨ ਤੇ ਹੋਈਆਂ ਹੋਣ ਗੀਆਂ ਪਰ ਇਸ ਦਾਦੀ ਮਾਂ ਗੁਜਰੀ ਨਾਲ ਜੋ ਹੋਈ ਬੀਤੀ ਇਸ ਤਰ੍ਹਾਂ ਕਿਸੇ ਹੋਰ ਨਾਲ ਘੱਟ ਹੀ ਬੀਤੀ ਹੋਵੇ ਗੀ । ਇਸ ਦਾ ਨਜਾਰਾ ਜਦ ਅੱਖਾਂ ਸਾਮ੍ਹਣੇ ਆਉਂਦਾ ਹੈ ਤਾਂ ਮਨ ਵੱਸ ਵਿੱਚ ਨਹੀਂ ਰਹਿੰਦਾ,ਅੱਖਾਂ ਹੰਝੂਆਂ ਨਾਲ ਤਰ ਹੋ ਜਾਂਦੀਆਂ ਹਨ।ਅਤੇ ਬੜੇ ਅਦਬ ਸਤਿਕਾਰ ਨਾਲ ਆਪ ਮੁਹਾਰਾ ਤਨ ਤੇ ਮਨ ਉਸ ਮਹਾਨ ਆਤਮਾ ਅੱਗੇ ਝੁਕ ਜਾਂਦਾ ਹੌ।
ਅਨੰਦ ਪੁਰ ਦੀ ਉਸ ਪਵਿਤ੍ਰ ਧਰਤੀ ਨੂੰ ਛੱਡਣ ਤੋਂ ਸਰਸਾ ਨਦੀ ਨੂੰ ਪਾਰ ਕਰਨ ਦਾ ਸਾਰਾ ਦਿੱਲ ਕੰਬਾਊ ਹਾਲ ਕੌਣ ਨਹੀਂ ਜਾਣਦਾ, ਪਰ ਦਾਦੀ ਮਾਂ ਨਾਲ ਦੋ ਛੋਟੇ ਮਾਸੂਮ ਪੋਤਿਆਂ ਨਾਲ ਗੰਗੂ ਰਸੋਈਏ ਨਾਲ ਉਸ ਦੇ ਘਰ ਪਹੁੰਚਣ ਤੱਕ ਦਾ ਬਿਖੜਾ ਪੈਂਡਾ ਤੇ ਫਿਰ ਓਥੋਂ ਕਿਸੇ ਠੰਡੀਆਂ ਰਾਤਾਂ ਜਾਂ ਦਿਨਾਂ ਦਾ ਹਾਲ ਇਹ ਸਭ ਉਹ ਦਾਦੀ ਮਾਂ ਗੁਜਰੀ ਹੀ ਜਾਣਦੀ ਸੀ ਜਿਸ ਦੇ ਬਿਰਧ ਸਰੀਰ ਨੂੰ ਛੱਡ ਕੇ ਜਾਂਦੀ ਜਾਂਦੀ ਉਸ ਦੀ ਰੂਹ ਉਸ ਠੰਡੇ ਬੁਰਜ ਤੋਂ ਉਡਾਰੀ ਮਾਰ ਕੇ ਜੋ ਇੱਕ ਨਵੇਕਲਾ ਇਤਹਾਸ ਰਚ ਗਈ ਜਿਸ ਦੇ ਉਸ ਦੇ ਮਾਣ ਮੱਤੇ ਇਤਹਾਸ ਨੂੰ ਸੁਣ ਕੇ ਕੌਣ ਨਹੀਂ ਝੰਜੋੜਿਆ ਜਾਂਦਾ।
ਸਾਰੀਆਂ ਦਾਦੀਆਂ ਬੇਸ਼ੱਕ ਆਪਣੇ ਪੋਤਿਆਂ ਨੂੰ ਪਿਆਰ ਕਰਦੀਆਂ ਹਨ,ਪਰ ਏਹੋ ਜਿਹੇ ਔਕੜ ਭਰੇ ਸਮੇਂ ਵਿੱਚ ਬੜੇ ਸਿਦਕ ਭਰੋਸੇ ਵਿੱਚ ਰਹਿ ਕੇ ਉਸ ਦਾ ਆਪਣੇ ਫੁੱਲਾਂ ਵਰਗੇ ਲਾਡਾਂ ਨਾਲ ਪਾਲੇ ਪੇਸੇ ਕੋਮਲ ਪੋਤਿਆਂ ਨੂੰ ਆਪਣੀ ਗੋਦ ਦੇ ਨਿੱਘ ਵਿੱਚ ਸੰਭਾਲਣਾ ਦਲੇਰੀ ਤੇ ਬਹਾਦਰੀ ਲਾ ਮਿਸਾਲ ਵੀ ਹੈ।
ਏਸ ਔਕੜ ਦੇ ਸਮੇਂ ਸਿਆਲ ਦੀ ਕਰੜੀ ਠੰਡ ਵਿੱਚ ਮੋਤੀ ਮਹਿਰਾ ਨਾਂ ਦੇ ਏਥੋਂ ਦੀ ਜੇਲ੍ਹ ਵਿੱਚ ਲਾਂਗਰੀ ਦੀ ਨੌਕਰੀ ਕਰਨ ਵਾਲੇ ਕ੍ਰਮਚਾਰੀ ਗੁਰਸਿੱਖ ਵੱਲੋਂ ਸਰਦੀਆਂ ਦੀ ਭਰ ਸਰਦੀਆਂ ਦੀ ਰਾਤ ਨੂੰ ਛੁਪ ਛੁਪਾ ਕੇ ਆਪਣੀ ਜਾਨ ਤਲੀ ਤੇ ਰੱਖ ਕੇ ਅਤੇ ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਠੰਡੇ ਬੁਰਜ ਵਿੱਚ ਇਨ੍ਹਾਂ ਦਾਦੀ ਪੋਤਿਆਂ ਨੂੰ ਦੁੱਧ ਛਕਾਣ ਦੀ ਕੁਰਬਾਨੀ ਭਰੀ ਸੇਵਾ, ਜਿਸ ਦਾ ਮੁੱਲ ਜੋ ਉਸ ਨੂੰ ਅਤੇ ਉਸ ਦੇ ਪ੍ਰਿਵਾਰ ਨੂੰ ਉਸ ਸਮੇਂ ਦੀ ਜਾਲਮ ਅਤੇ ਨਿਰਦਯੀ ਸਰਕਾਰ ਵੱਲੇਂ ਚੁਕਾਉਣਾ ਪਿਆ ,ਉਹ ਵੀ ਭੁਲਾਇਆ ਨਹੀਂ ਜਾ ਸਕਦਾ।
ਉਹ ਕੌਣ ਸੀ ਜਿਸ ਨੇ ਦਾਦੀ ਮਾਂ ਨਾਲ ਇਨ੍ਹਾਂ ਸਾਹਿਬਜਾਦਿਆਂ ਦੀ ਗੰਗੂ ਰਸੋਈਏ ਦੇ ਘਰ ਹੋਣ ਦੀ ਮੁਖਬਰੀ ਕਰਨ ਦਾ ਕਲੰਕ ਸਹੇੜਿਆ ਜਿਸ ਦੀ ਇਸ ਘਣਾਉਣੀ ਕੋਝੀ ਕਰਤੂਤ ਤੇ ਕੀ ਵਰਤੀ ਹੋਏਗੀ ਇਸ ਦਾਦੀ ਮਾਂ ਗੁਜਰੀ ਤੇ ਓਦੋਂ ਜਦੋਂ ਇਸ ਜਾਲਮ ਮੁਗਲੀਆ ਹਕੂਮਤ ਦੇ ਸਿਪਾਈ ਉਸ ਤੋ ਉਸ ਦੇ ਮਾਸੂਮ ਪੋਤਿਆਂ ਨੂੰ ਖੋਹ ਵਿਛੋੜ ਕੇ ਲੈ ਗਏ ਹੋਣ ਗੇ ਮੋਰਿੰਡੇ ਥਾਣੇ ਦੀ ਹਵਾਲਾਤ ਵਿੱਚ,ਪਰ ਦਾਦੀ ਸੀ,ਇੱਕ ਮਾਂ ਸੀ ਆਖਰ ਇੱਕ ਮਹਾਨ ਤੇ ਸੱਚ ਦੇ ਰਹਿਬਰ ਬਾਦ ਸ਼ਾਹ ਦਰਵੇਸ਼,ਸਾਹਬੇ ਕਮਾਲ, ਹੱਕ ਲਈ ਝੂਜਣ ਵਾਲੇ ਦੀ ਮਾਣ ਮੱਤੀ ਮਾਂ ਗੁਰੂ ਗੋਬਿੰਦ ਸਿੰਘ ਦੀ,ਉਸ ਨੇ ਆਪਣੇ ਲਖਤੇ ਜਿਗਰ ਦੀਆਂ ਨਿੱਕੀਆਂ ਨਿੱਕੀਆਂ ਮਾਸੂਮ ਜਿੰਦਾਂ ਨੂੰ ਵੀ ਦਲੇਰੀ ਨਾਲ ਆਪਣੇ ਧਰਮ ਤੇ ਪੱਕੇ ਰਹਿਣ ਲਈ ਮੂੰਹ ਮੱਥੇ ਚੁੰਮ ਕੇ ਕਰ ਦਿੱਤਾ ਹਵਾਲੇ ਕਰੜੇ ਤੇ ਕਰੂਰ ਹੱਥਾਂ ਵਾਲਿਆਂ ਦੇ ਕੁੰਦਣ ਤੋਂ ਵੀ ਕਿਤੇ ਵੱਧ ਇਨ੍ਹਾਂ ਛੋਟੀ ਉਮਰੇ ਪਰ ਦਾਦੀ ਮਾਂ ਦੀ ਧਰਮ ਪ੍ਰਤੀ ਰਹਿਣ ਦੀ ਸਿਖਿਆ ਦੀ ਘਾੜਤ ਵਿੱਚੋਂ ਉਭਰ ਕੇ ਕੋਈ ਨਵਾਂ ਨਰੋਆ ਤੇ ਨਿੱਗਰ ਇਤਹਾਸ ਰਚਣ ਦੀ ਪ੍ਰੇਰਣਾ ਦੇਣ ਵਾਸਤੇ।
ਕਿਹਾ ਜਾਂਦਾ ਹੈ ਕਿ ਜਾਂਦਾ ਹੈ ਕਿ ਇਨ੍ਹਾਂ ਬੋਦੋਸ਼ ਬਾਲਾਂ ਨੂੰ ਜਦੇਂ ਮੁਗਲ ਰਾਜ ਦੇ ਜਾਲਮ ਅਤੇ ਕਰੂਰ ਹੱਥ ਜਦੋਂ ਆਪਣੀ ਗ੍ਰਿਫਤ ਵਿੱਚ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਖੜੇ ਲੋਕ ਇਸ ਤ੍ਰਾਸਦੀ ਨੂੰ ਵੇਖਦੇ ਲੋਕ ਆਪਣਿਆਂ ਬੁੱਲਾਂ ਤੇ ਹੱਥ ਰੱਖੀ ਹੈਰਾਨ ਹੋਏ ਖੜੇ ਸਨ।
ਇਸ ਤੋਂ ਜਰਾ ਹੋਰ ਅੱਗੇ ਛੋਟੇ ਸਾਹਿਬਜਾਦਿਆਂ ਦੇ ਇਤਹਾਸ ਸੂਬਾ ਸਰਹੰਦ ਵੱਲੋਂ ਨੀਂਹਾਂ ਵਿੱਚ ਜੀਉਂਦਿਆਂ ਨੀਹਾਂ ਵਿੱਚ ਚਿਣੇ ਜਾਣ ਦਾ ਪੜ੍ਹੀਏ ਸੁਣੀਏ ਤਾਂ ਮੁਗਲ ਰਾਜ ਦੇ ਇਸ ਕਾਲੇ ਧਰਮੀ ਫੁਰਮਾਣ ਕਰਕੇ ਜਿੱਥੇ ਮਨੁੱਖਤਾ ਦਾ ਸ਼ਰਮ ਨਾਲ਼ ਸਿਰ ਨੀਵਾਂ ਹੁੰਦਾ ਹੈ, ਓਥੇ ਮਾਂ ਗੁਜਰੀ ਵਰਗੀਆਂ ਮਹਾਨ ਸ਼ਖਸੀਅਤਾਂ ਵੀ ਇਕ ਰੌਸ਼ਨ ਮੀਨਾਰ ਵਾਂਗੋਂ ਆਪੋ ਆਪਣੇ ਧਰਮ ਵਿੱਚ ਅਡੋਲ ਰਹਿਣ ਲਈ ਪ੍ਰੇਰਨਾ ਦਾਇਕ ਹੁੰਦੀਆਂ ਰਹਿੰਦੀਆਂ ਹਨ।
ਅਖੀਰ ਤੇ ਬੇਨਤੀ ਹੈ ਕੇ ਇਸ ਲੇਖ ਦੀ ਨਾਇਕਾ, ਇੱਕ ਸੀ ਦਾਦੀ ਮਾਂ ਗੁਜਰੀ, ਬਾਰੇ ਪ੍ਰਸਿਧ ਗੀਤ ਕਾਰ ਸ੍ਵਰ,ਚਰਨ ਸਿੰਘ .ਸਫਰੀ, ਦਾ ਲਿਖਿਆ ਇਹ ਬਹੁਤ ਹੀ ਭਾਵ ਪੂਰਕ ਗੀਤ, ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ, ਜੇ ਕਿਤੋਂ ਮਿਲ ਸਕੇ ਤਾਂ ਭਾਲ ਕਰਕੇ ਪਾਠਕ ਜਰੂਰ ਸੁਣਨ ਦੀ ਖੇਚਲ ਕਰਨ।