ਯਾਰੀ ਵਿਚ ਬਹੁਤੇ ਸੁਆਲ ਨਹੀਂ ਪੁੱਛੀਦੇ,
ਸੁਆਲ ਤਾਂ ‘ਦੱਲੇ’ ਅਤੇ ‘ਦਲਾਲ’ ਹੀ ਕਰਦੇ ਨੇ!
…ਤੇ ਜਾਂ ਪੁੱਛਦੇ ਹਨ ‘ਪੱਕ-ਠੱਕ’ ਕਰਨ ਵਾਲ਼ੇ!!
ਜਿਹਨਾਂ ਨੇ ਆਪਣਾ ‘ਰੱਦੀ’ ਮਾਲ ਵੀ,
ਮੱਲੋਮੱਲੀ ਅਗਲੇ ਦੇ ਸਿਰ ‘ਮੜ੍ਹਨਾ’ ਹੁੰਦੈ
ਅਤੇ ਆਪਣੇ ਗਲ਼ੋਂ ਮਰਿਆ ਸੱਪ ਲਾਹ ਕੇ,
ਅਗਲੇ ਦੇ ਗਲ਼ ਸੁੱਟਣਾ ਹੁੰਦੈ…!!
ਯਾਰੀ ਵਾਲਿ਼ਆਂ ਨੂੰ ਤਾਂ ਰਾਂਝਾ ਮਾਹੀ ਹੀ,
‘ਮੱਕੇ’ ਵਰਗਾ ਲੱਗਦੈ!
ਤੇ ‘ਕਾਲ਼ੇ’ ਯਾਰ ਵੀ ਕੁਰਾਨ ਸ਼ਰੀਫ਼ ਦੇ,
ਹਰਫ਼ ਵਾਂਗ ਪਵਿੱਤਰ ਲੱਗਦੇ ਨੇ…!
ਸਿਫ਼ਤਾਂ ਸਿਰਫ਼ ‘ਵਿਕਾਊ’ ਮਾਲ ਦੀਆਂ ਹੁੰਦੀਐਂ!
ਯਾਰੀ ਅਤੇ ਜੰਗ ਵਿਚ ਤਾਂ ਸਭ ਕੁਝ ਜਾਇਜ਼ ਹੈ!!
ਫ਼ੇਰ ਤੂੰ ਐਨੇਂ ਵਹਿਮਾਂ ਭਰਮਾਂ ਵਿਚ ਕਿਉਂ?
ਸਿਆਣੇ ਆਖਦੇ ਨੇ,
ਸੋਚੀਂ ਪਿਆ ਤੇ ਬੰਦਾ ਗਿਆ..!
ਤੂੰ ਤਾਂ ਮੇਰੀ ਸਿੱਧੀ-ਸਾਦੀ ਗੱਲ ਵੀ,
ਕਮਲ਼ੀ ਵਾਂਗੂੰ,
ਸਿਵਿਆਂ ਦੇ ਰਾਹ ਪਾ ਦਿੰਦੀ ਹੈਂ!
ਅਤੇ ਖਿਲਾਰ ਲੈਂਦੀ ਹੈਂ,
ਆਪਣੇ ਸੁਅਲਾਂ ਦਾ ‘ਝਾਟਾ’!
ਮੈਂ ਤਾਂ ਤੈਨੂੰ ਹਿੱਕ ‘ਤੇ ਬਿਠਾ ਕੇ,
‘ਲੋਰੀਆਂ’ ਦੇਣ ਦੀ ਸੋਚ ਰਿਹਾ ਸੀ,
ਪਰ ਤੂੰ ਤਾਂ ਮੇਰੇ ਵੱਲ,
ਕੱਛਾਂ ਵਿਚ ਦੀ ਝਾਕਣਾ ਸ਼ੁਰੂ ਕਰ ਦਿੱਤਾ?
ਤੇ ਲੱਗ ਪਈ ਗਿਣਤੀਆਂ-ਮਿਣਤੀਆਂ ਕਰਨ!
ਦੱਲਿਆਂ ਅਤੇ ਦਲਾਲਾਂ ਵਿਚ ਤਾਂ ਚੋਰਾਂ ਦੇ ਮਾਲ ਵੀ,
ਡਾਂਗਾਂ ਨਾਲ਼ ਹੀ ਵੇਚੇ ਜਾਂਦੇ ਨੇ…!
ਪਰ ਯਾਰੀ ਤਾਂ,
ਮਿਲੀਮੀਟਰ ਦਾ ਵੀ ਅਰਥ ਰੱਖਦੀ ਹੈ…!
ਤੂੰ ਦੁਖਦੇ ਦਿਲ ਦੀ ਗੱਲ ਪੁੱਛੀ ਹੈ,
ਦਿਲ ‘ਤੇ ਛਮਕਾਂ ਮਾਰ ਕੇ ਅਜੇ ਵੀ ਪੁੱਛਦੀ ਹੈਂ,
ਕਿ ਸੱਟ ਕਿੰਨ੍ਹੀ ਕੁ ਵੱਜੀ…?
…ਦੋਸਤੀ ਤੇਰੇ ਹੱਥ ਹੈ,
ਅਤੇ ਇਮਾਨਦਾਰ ਤੇ ਸੁਹਿਰਦ ਦੋਸਤ,
ਦੋਸਤੀ ਦੀ ਜੂਹ ਨਹੀਂ ਮਿਣਦੇ!
ਤੇ ਨਾ ਹੀ ਹੱਦਾਂ ਦੀ ਪ੍ਰਵਾਹ ਕਰਦੇ ਨੇ..!!
ਤੂੰ ਵਾਅਦਿਆਂ ਦੀ ਗੱਲ ਕਰਦੀ ਹੈਂ,
ਵਾਅਦੇ ਤਾਂ ਮੰਤਰੀ
ਅਤੇ ਫ਼ਰੇਬੀ ਕਰਦੇ ਨੇ,
ਸਿਰਫ਼ ਆਪਣੇ ਮਤਲਬ ਕੱਢਣ ਲਈ..!
ਕਿੰਨਾਂ ਇਤਿਹਾਸ ਪੜ੍ਹਿਆ ਹੈ,
ਪੜ੍ਹਿਆ ਹੈ ਕਦੇ ਮਹੀਂਵਾਲ਼ ਦਾ ਵਾਅਦਾ?
ਫ਼ਰਹਾਦ ਜਾਂ ਕਦੇ ਪੁੰਨਣ ਦਾ??
ਕੀਮੇਂ ਜਾਂ ਰਾਂਝੇ ਦਾ???
ਉਹ ਤਾਂ ਬਾਰਾਂ ਸਾਲ ਦਾ ਅੰਕੜਾ,
ਹਿੱਕ ‘ਤੇ ਵਸਾ ਕੇ ਹੀ ਤੁਰਦੇ ਰਹੇ!!
ਜਿਹੜੀ ‘ਸੁੱਚ-ਭਿੱਟ’ ਦੀ ਤੂੰ ਗੱਲ ਕਰਦੀ ਹੈਂ,
ਉਹ ਤਾਂ ਜੁੱਗਾਂ-ਜੁਗਾਂਤਰਾਂ ਦੀ ਦੂਰ ਨਿਕਲ਼ ਗਈ,
ਅੱਜ ਕੱਲ੍ਹ ਤਾਂ ਲੋਕ ਮੰਗਲ ਗ੍ਰਹਿ ਦੀਆਂ,
ਪਾਰਕਾਂ ਬਾਰੇ ਸੋਚਣ ਲੱਗ ਪਏ ਹਨ!
ਸ਼ਰਤਾਂ ਸਰਹੱਦੀ ਦੇਸ਼ ਬੰਨ੍ਹਦੇ ਨੇ,
ਤੇ ਰਾਜ਼ੀਨਾਵਾਂ ਲੜਨ ਵਾਲ਼ੇ ਕਰਦੇ ਨੇ,
ਮੈਂ ਤਾਂ ਤੇਰੇ ਦਰ ‘ਤੇ ਰਹਿਮਤ ਦੀ,
ਖ਼ੈਰ ਮੰਗਣ ਆਇਆ ਸੀ,
ਪਰ ਤੂੰ ਤਾਂ ਮੈਨੂੰ ‘ਬੂਬਨਾਂ’ ਸਾਧ ਹੀ ਸਮਝ ਲਿਆ?
ਤੇਰੇ ਹੱਦਾਂ-ਬੰਨਿਆਂ ਦੀ ਬੰਦਿਸ਼ ਤਾਂ,
ਮੇਰੇ ਤੋਂ ਰੱਖੀ ਨਹੀਂ ਜਾਣੀਂ,
ਪਰ ਨਵਾਂ ਸਾਲ ਮੁਬਾਰਕ,
ਜ਼ਰੂਰ ਆਖ ਸਕਦਾ ਹਾਂ!
ਨਵਾਂ ਸਾਲ ਮੁਬਾਰਕ ਹੋਵੇ!
This entry was posted in ਕਵਿਤਾਵਾਂ.