ਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ’ਅਪਰੇਸ਼ਨ ਬਲੂ ਸਟਾਰ’ ਸ੍ਰੀਮਤੀ ਇੰਦਰਾ ਗਾਂਧੀ ਦੀਆਂ ਗ਼ਲਤੀਆਂ ਵਿੱਚੋਂ ਸਭ ਤੋਂ ਵੱਡੀ ਬਲੰਡਰ ਗਲਤੀ ਸੀ ਜਿਸ ਨਾਲ ਨਾ ਕੇਵਲ ਸਿੱਖ ਹਿਰਦੇ ਵਲੂੰਧਰੇ ਗਏ ਸਗੋਂ ਹਿੰਦੂ- ਸਿੱਖ ਭਾਈਚਾਰਕ ਸਾਂਝ ਨੂੰ ਵੀ ਭਾਰੀ ਠੇਸ ਪਹੁੰਚਾਈ ਗਈ।
ਭਾਰਤ – ਪਾਕਿ ਸਰਹੱਦ ’ਤੇ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਆਏ ਪ੍ਰੋ: ਸਰਚਾਂਦ ਸਿੰਘ ਨੇ ਇੱਥੋਂ ਨੇੜਲੇ ਪਿੰਡ ਅਗਵਾਨ ਵਿਖੇ ਪਹੁੰਚ ਕੇ ਭਾਈ ਸਤਵੰਤ ਸਿੰਘ ਦੀ ਯਾਦ ’ਚ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਹਿੰਦੂ- ਸਿੱਖ ਭਾਈਚਾਰਕ ਏਕਤਾ ਦੀ ਮਜ਼ਬੂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਨੂੰ ਟਾਲਿਆ ਜਾਣਾ ਚਾਹੀਦਾ ਸੀ। ਪਰ ਸਿਆਸੀ ਸਵਾਰਥ ਲਈ ਸ੍ਰੀਮਤੀ ਗਾਂਧੀ ਨੇ ਅਜਿਹਾ ਨਹੀਂ ਕੀਤਾ। ਜਿਸ ਕਾਰਨ ਪੰਜਾਬ ਨੂੰ ਵੱਡੀ ਤ੍ਰਾਸਦੀ ਵਿਚੋਂ ਲੰਘਣਾ ਪਿਆ। ਉਨ੍ਹਾਂ ਕਿਹਾ ਕਿ ਸਿੱਖ ਮਾਨਸਿਕਤਾ ਨੂੰ ਮੱਸਾ ਰੰਘੜ ਤੇ ਅਬਦਾਲੀ ਦੀਆਂ ਕਰਤੂਤਾਂ ਨੂੰ ਯਾਦ ਕਰਦੀ ਹੈ, ਫਿਰ ਕਾਂਗਰਸ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਨੂੰ ਅਤੇ ਨਵੰਬਰ ’84 ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਦੀ ਬਜਾਏ ਕਾਂਗਰਸ ਨੇ ਅਹਿਮ ਦੋਸ਼ੀਆਂ ਨੂੰ 37 ਸਾਲ ਤੱਕ ਬਚਾਇਆ ਹੀ ਨਹੀਂ ਸਗੋਂ ਦੋਸ਼ੀ ਕਾਂਗਰਸੀ ਆਗੂਆਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜੀ ਰੱਖਿਆ । ਪ੍ਰੋ. ਸਰਚਾਂਦ ਸਿੰਘ ਨੇ ਕਹਾ ਕੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਜਿਸ ਨੇ ਦੇਸ਼ ਨੂੰ ਸ੍ਰੀ ਨਰਿੰਦਰ ਮੋਦੀ ਦੇ ਰੂਪ ਵਿੱਚ ਇਕ ਸਿੱਖ ਹਿਤੈਸ਼ੀ ਪ੍ਰਧਾਨ ਮੰਤਰੀ ਦਿੱਤਾ ਹੈ। 2014 ਵਿੱਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਉਨ੍ਹਾਂ ਸਿੱਟ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਦੇ ਆਗੂ ਸੱਜਣ ਕੁਮਾਰ ਸਮੇਤ ਕਈਆਂ ਨੂੰ ਸਲਾਖ਼ਾਂ ਦੇ ਪਿੱਛੇ ਭੇਜਿਆ। ਸਿੱਖੀ ਸਰੋਕਾਰਾਂ ਪ੍ਰਤੀ ਨਿੱਜੀ ਦਿਲਚਸਪੀ ਦਿਖਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਤਾਮੀਰ ਕੀਤਾ, ਹੇਮਕੁੰਟ ਸਾਹਿਬ ਲਈ ਰੋਪ ਵੇ ਦਿੱਤਾ, ਲਾਲ ਕਿਲ੍ਹੇ ‘ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਈ, ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਉਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਕਰਾਈ ਅਤੇ ਦੇਸ਼ ਭਰ ਵਿੱਚ ‘ਵੀਰ ਬਾਲ ਦਿਵਸ’ ਮਨਾਉਂਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਸਿੱਖ ਪਰੰਪਰਾ ਤੇ ਕੁਰਬਾਨੀਆਂ ਨੂੰ ਦੇਸ਼ ਦੇ ਰੂਬਰੂ ਕੀਤਾ। ਪ੍ਰੋ: ਸਰਚਾਂਦ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਕੀਤੇ ਜਾ ਰਹੇ ਭਾਰਤ ਜੋੜੋ ਯਾਤਰਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਧੀ ਸਦੀ ਤੋਂ ਵੱਧ ਸਮੇਂ ਤਕ ਦੇਸ਼ ਦੇ ਲੋਕਾਂ ਨੂੰ ਵੰਡਣ ਵਾਲੀ ਕਾਂਗਰਸ ਤੋਂ ਲੋਕਾਂ ਦਾ ਭਰੋਸਾ ਪਹਿਲਾਂ ਹੀ ਉੱਠ ਚੁੱਕਿਆ ਹੈ। ਆਪਣੀ ਪੂਰੀ ਤਾਕਤ ਲਾ ਕੇ ਵੀ ਕਾਂਗਰਸ ਦੇ ਰਾਜਕੁਮਾਰ ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ਯਾਤਰਾ ਦੇਸ਼ ਚ ਕਾਂਗਰਸ ਦੇ ਖ਼ਾਤਮੇ ਨੂੰ ਨਹੀਂ ਰੋਕ ਸਕੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ, ਦੇਸ਼ ਹਿਤ ਵਿੱਚ ਲਏ ਗਏ ਠੋਸ ਅਤੇ ਨਿਰਣਾਇਕ ਫ਼ੈਸਲਿਆਂ ਅਤੇ ਭਾਜਪਾ ਦੀ ਵਿਚਾਰਧਾਰਾ ਨੂੰ ਮੰਨਣ ਅਤੇ ਸਮਝਣ ਵਾਲੇ ਰਾਜਨੀਤਿਕ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਵੀ ਖ਼ੁਦ ਅੱਗੇ ਵਧ ਕੇ ਵੱਡੀ ਗਿਣਤੀ ਵਿਚ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦਾ ਕੇਸ ਲੜਦਿਆਂ ਸਿੱਖ ਜਜ਼ਬਾਤਾਂ ਦੀ ਵਕਾਲਤ ਕਰਨ ਲਈ ਭਾਜਪਾ ਆਗੂ ਅਤੇ ਉੱਘੇ ਵਕੀਲ ਰਾਮ ਜੇਠ ਮਲਾਨੀ, ਐਡਵੋਕੇਟ ਸ੍ਰੀ ਪ੍ਰਾਣ ਨਾਥ ਲੇਖੀ ( ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਪਿਤਾ) ਅਤੇ ਐਡਵੋਕੇਟ ਰੁਪਿੰਦਰ ਸਿੰਘ ਸੋਢੀ ਦਾ ਸਿੱਖ ਕੌਮ ਸਦਾ ਰਿਣੀ ਰਹੇਗਾ।
ਇਸ ਮੌਕੇ ਭਾਈ ਸਤਵੰਤ ਸਿੰਘ ਦੇ ਭਤੀਜੇ ਤੇ ਅਸਥਾਨ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਅਗਵਾਨ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ, ਦਮਦਮੀ ਟਕਸਾਲ ਨਾਲ ਸੰਬੰਧ ਰਹੇ ਅਤੇ ਹੁਣ ਸਿੱਖ ਕੌਮ ਦੀ ਸੇਵਾ ਅਤੇ ਹਿੰਦੂ ਸਿੱਖ ਭਾਈਚਾਰਕ ਏਕਤਾ ਨੂੰ ਸਮਰਪਿਤ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਬਾਬਾ ਸੁਖਵਿੰਦਰ ਸਿੰਘ ਅਗਵਾਨ ਨੇ ਦੱਸਿਆ ਕਿ ਭਾਈ ਸਤਵੰਤ ਸਿੰਘ ਦੀ 6 ਜਨਵਰੀ ਨੂੰ ਮਨਾਈ ਜਾ ਰਹੀ ਬਰਸੀ ਸੰਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਾਰ ਭਾਰੀ ਗਿਣਤੀ ਵਿੱਚ ਸੰਗਤਾਂ ਸਮਾਗਮ ਵਿਚ ਹਿੱਸਾ ਲੈਣਗੀਆਂ।